ਮੈਂ ਵੀ ਖ਼ੂਨਦਾਨ ਕਰਨਾ ਅੰਮੀਏ

ਵੱਡਾ ਹੋ ਕੇ ਮੈਂ ਵੀ ਖ਼ੂਨ ਕਰਨਾ ਦਾਨ ਅੰਮੀਏ,
ਲੋੜਵੰਦਾਂ ਅਤੇ ਗ਼ਰੀਬਾਂ ਦੀ, ਮੈ ਬਚਾਉ ਜਾਨ ਅੰਮੀਏ।
ਸਮਾਜ ਸੇਵੀ ਸੰਸਥਾਵਾਂ ਤੇ ਕਲੱਬਾਂ ਕੈਂਪ ਲਗਵਾਉਂਦੇ ਨੇ,
ਇਹਦੀ ਅਹਿਮੀਅਤ ਬਾਰੇ, ਲੋਕਾਂ ਤਾਈਂ ਸਮਝਾਉਂਦੇ ਨੇ।
ਨਾਲੇ ਆਪ ਖ਼ੂਨ ਕਢਵਾਉਂਦੇ, ਨਾਲੇ ਹੋਰ ਨੌਜਵਾਨ ਅੰਮੀਏ,
ਵੱਡਾ ਹੋ ਕੇ ਮੈਂ ਵੀ...........।

ਕਰਨੀ ਪੜ੍ਹਾਈ ਵੀ ਜ਼ਰੂਰ, ਖ਼ੁਰਾਕ ਰੌਜ ਕੇ ਮੈਂ ਖਾਉਂਗਾ,
ਬੁਰੀ ਸੰਗਤ ਤੋਂ ਦੂਰ ਰਹਿਣਾ, ਮੂੰਹ ਨਾ ਨਸ਼ਿਆਂ ਨੂੰ ਲਾਉਂਗਾ।
ਖ਼ੂਨ ਦਾਨ ਹੁੰਦਾ ਮਹਾਂਦਾਨ, ਸਾਰਾ ਰਹਿੰਦਾ ਏ ਜਹਾਨ ਅੰਮੀਏ,
ਵੱਡਾ ਹੋ ਕੇ ਮੈਂ ਵੀ...........।

ਦਿਨੋ-ਦਿਨ ਹਾਦਸੇ, ਵਾਪਰਦੇ ਬੜੇ ਬੇਸ਼ੁਮਾਰ ਨੇ,
ਗ਼ਰੀਬ ਪਹਿਲਾਂ ਹੀ ਕੁਚਲੇ, ਮਹਿੰਗਾਈ ਵਾਲੀ ਮਾਰ ਨੇ।
ਅਜਿਹੇ ਲੋਕਾਂ ਲਈ ਮੈਂ ਤਾਂ ਬਣਨਾ ਵਰਦਾਨ ਅੰਮੀਏ,
ਵੱਡਾ ਹੋ ਕੇ ਮੈਂ ਵੀ..........।

ਵੱਡਿਆਂ ਸਮਾਗਮਾਂ ’ਚ, ਫਿਰ ਜਾਂਦਾ ਉਨ੍ਹਾਂ ਨੂੰ ਬੁਲਾਇਆ,
ਮਿਲਦੇ ਸਨਮਾਨ-ਚਿੰਨ੍ਹ, ਜਿਨ੍ਹਾਂ ਇਹ ਯੋਗਦਾਨ ਪਾਇਆ।
ਕੁਝ ਮਰਨ ਉਪਰੰਤ ਕਰ ਜਾਂਦੇ ਨੇਤਰ ਦਾਨ ਅੰਮੀਏ,
ਵੱਡਾ ਹੋ ਕੇ ਮੈਂ ਵੀ ਖ਼ੂਨ ਕਰਨਾ ਦਾਨ ਅੰਮੀਏ,
ਲੋੜਵੰਦਾਂ ਅਤੇ ਗ਼ਰੀਬਾਂ ਦੀ, ਮੈਂ ਬਚਾਉ ਜਾਨ ਅੰਮੀਏ।