ਵਿਰਾਟ ਕੋਹਲੀ ਨੇ ਤੋੜਿਆ ਮਾਸਟਰ ਬਲਾਸਟਰ ਸਚਿਨ ਦਾ ਰਿਕਾਰਡ, ਵਨਡੇ ਵਿੱਚ ਲਗਾਏ 50 ਸੈਂਕੜੇ 

ਮੁਬੰਈ, 15 ਨਵੰਬਰ : ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ 279ਵੀਂ ਪਾਰੀ ‘ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ। ਕੋਹਲੀ ਨੇ ਇਸ ਪਾਰੀ ਦੌਰਾਨ ਬਹੁਤ ਹੀ ਖਾਸ ਰਿਕਾਰਡ ਬਣਾਇਆ। ਕੋਹਲੀ ਹੁਣ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਕੋਹਲੀ ਨੇ 80 ਦੌੜਾਂ ਬਣਾਉਂਦੇ ਹੀ ਸਚਿਨ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਕੋਹਲੀ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਮਾਮਲੇ ‘ਚ ਵੀ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2003 ਦੇ ਸੀਜ਼ਨ ‘ਚ 7 ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਸਨ। ਇਸ ਇਤਿਹਾਸਕ ਸੈਂਕੜੇ ਤੋਂ ਬਾਅਦ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਅੱਗੇ ਸਿਰ ਝੁਕਾਇਆ। ਦਰਅਸਲ, ਵਿਰਾਟ ਕੋਹਲੀ ਸਚਿਨ ਤੇਂਦੁਲਕਰ ਨੂੰ ਆਪਣਾ ਆਈਡਲ ਮੰਨਦੇ ਹਨ ਅਤੇ ਉਨ੍ਹਾਂ ਨੇ ਸਚਿਨ ਦਾ ਰਿਕਾਰਡ ਤੋੜ ਦਿੱਤਾ ਹੈ।

ਵਿਰਾਟ ਕੋਹਲੀ ਦੀ ਬਾਇਓਪਿਕ ਵਿਚ ਰਣਬੀਰ ਕਪੂਰ ਨੇ ਕੰਮ ਕਰਨ ਦੀ ਜਤਾਈ ਇੱਛਾ
ਰਣਬੀਰ ਨੇ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਵਿਚ ਹਿੱਸਾ ਲਿਆ ਹੈ। ਭਾਰਤੀ ਟੀਮ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦਿਆਂ ਰਣਬੀਰ ਨੇ ਕ੍ਰਿਕਟਰ ਵਿਰਾਟ ਕੋਹਲੀ ਦੀ ਬਾਇਓਪਿਕ ਵਿਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਹਨ। ਨਾਲ ਹੀ ਇਹ ਵੀ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰੀ ਇਸ ਫਿਲਮ ਵਿਚ ਕੰਮ ਕਰਨਗੇ। ਹੁਣੇ ਜਿਹੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤੀ ਸੈਮੀਫਾਈਨਲ ਮੈਚ ਵਿਚ ਮੌਜੂਦ ਰਣਬੀਰ ਕਪੂਰ ਤੋਂ ਪੁੱਛਿਆ ਗਿਆ ਕੀ ਉਹ ਕਿਸੇ ਬਾਇਓਪਿਕ ਵਿਚ ਵਿਰਾਟ ਕੋਹਲੀ ਦੀ ਭੂਮਿਕਾ ਨਿਭਾਉਣ ਵਿਚ ਦਿਲਚਸਪੀ ਲੈਣਗੇ। ਇਸ ਦੇ ਜਵਾਬ ਵਿਚ ਰਣਬੀਰ ਕਿਹਾ ਕਿ ਜੇਕਰ ਵਿਰਾਟ ਕੋਹਲੀ ‘ਤੇ ਬਾਇਓਪਿਕ ਬਣਦੀ ਹੈ ਤਾਂ ਉੁਨ੍ਹਾਂ ਨੂੰ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁਣਗੇ ਕਿਉਂਕਿ ਉਹ ਕਈ ਐਕਟਰਸ ਤੋਂ ਬੇਹਤਰ ਦਿਖਦੇ ਹਨ ਤੇ ਫਿਟਨੈੱਸ ਦੇ ਮਾਮਲੇ ਵਿਚ ਵੀ ਠੀਕ ਹਨ। ਰਣਬੀਰ ਨੇ ਵਿਰਾਟ ਨੂੰ ਆਪਣਾ ਮਨਪਸੰਦ ਕ੍ਰਿਕਟਰ ਵੀ ਦੱਸਿਆ ਤੇ 2011 ਵਿਸ਼ਵ ਕੱਪ ਫਾਈਨਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ 2011 ਵਿਚ ਵਾਨਖੇੜੇ ਵਿਚ ਐੱਮਐੱਸ ਧੋਨੀ ਨੂੰ ਟਰਾਫੀ ਚੁੱਕਦੇ ਹੋਏ ਦੇਖਿਆ ਸੀ। ਉਮੀਦ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਚੰਗਾ ਖੇਡਣਗੇ।