
ਨਵੀਂ ਦਿੱਲੀ, 02 ਫਰਵਰੀ, 2025 : ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਕੁਆਲਾਲੰਪੁਰ 'ਚ ਖੇਡੇ ਗਏ ਫਾਈਨਲ ਮੈਚ 'ਚ ਟੀਮ ਇੰਡੀਆ ਨੂੰ ਜਿੱਤ ਲਈ 83 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਉਸ ਨੇ 11.2 ਓਵਰਾਂ 'ਚ ਹਾਸਲ ਕਰ ਲਿਆ। ਟੀਮ ਇੰਡੀਆ ਲਈ ਸਲਾਮੀ ਬੱਲੇਬਾਜ਼ ਗੋਂਗੜੀ ਤ੍ਰਿਸ਼ਾ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਪਹਿਲਾਂ ਗੇਂਦ ਨਾਲ 3 ਵਿਕਟਾਂ ਲਈਆਂ, ਫਿਰ ਬੱਲੇ ਨਾਲ 44 ਅਜੇਤੂ ਦੌੜਾਂ ਬਣਾਈਆਂ। ਇਹ ਦੂਜੀ ਵਾਰ ਸੀ ਜਦੋਂ ਭਾਰਤੀ ਅੰਡਰ-19 ਮਹਿਲਾ ਟੀਮ ਨੇ ਇਹ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਾਲ 2023 'ਚ ਟੀਮ ਇੰਡੀਆ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ 'ਚ ਹੀ ਵਿਸ਼ਵ ਚੈਂਪੀਅਨ ਬਣੀ ਸੀ। ਨਿੱਕੀ ਪ੍ਰਸਾਦ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਟੀਮ ਨੇ ਇਸ ਜਿੱਤ ਨਾਲ ਰੋਹਿਤ 'ਬ੍ਰਿਗੇਡ' ਦੇ ਕਾਰਨਾਮੇ ਨੂੰ ਦੁਹਰਾਇਆ। ਦਰਅਸਲ, ਆਈਸੀਸੀ ਅੰਡਰ-19 ਟੀ-20 ਵਿਸ਼ਵ ਕੱਪ 2025 ਦੇ ਫਾਈਨਲ ਮੈਚ ਵਿੱਚ ਨਿੱਕੀ ਪ੍ਰਸਾਦ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਨਾਲ ਇੱਕ ਅਦਭੁਤ ਇਤਫ਼ਾਕ ਵਾਪਰਿਆ। ਭਾਰਤੀ ਮਹਿਲਾ ਅੰਡਰ-19 ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਇਸੇ ਤਰ੍ਹਾਂ ਭਾਰਤੀ ਪੁਰਸ਼ ਟੀਮ ਨੇ ਸਾਲ 2024 'ਚ ਟੀ-20 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਹ ਭਾਰਤ ਦਾ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਸੀ। ਇਸੇ ਤਰ੍ਹਾਂ ਭਾਰਤੀ ਮਹਿਲਾ ਅੰਡਰ-19 ਟੀਮ ਦਾ ਵੀ ਇਹ ਦੂਜਾ ਖਿਤਾਬ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸਾਲ 2023 'ਚ ਪਹਿਲੇ ਐਡੀਸ਼ਨ 'ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਸੀਨੀਅਰ ਟੀਮ ਦੀ ਤਰ੍ਹਾਂ ਭਾਰਤੀ ਅੰਡਰ-19 ਮਹਿਲਾ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾਇਆ। ਇਸ ਤਰ੍ਹਾਂ ਰੋਹਿਤ 'ਬ੍ਰਿਗੇਡ' ਦੇ ਅੰਦਾਜ਼ 'ਚ ਨਿੱਕੀ ਪ੍ਰਸਾਦ ਦੀ ਪਲਟਨ ਨੇ ਇਹ ਖਿਤਾਬ ਜਿੱਤਿਆ। ਭਾਰਤੀ ਗੇਂਦਬਾਜ਼ਾਂ ਤੋਂ ਬਾਅਦ ਬੱਲੇਬਾਜ਼ਾਂ ਨੇ ਵੀ ਆਈਸੀਸੀ ਮਹਿਲਾ ਅੰਡਰ-19 ਵਿਸ਼ਵ ਕੱਪ 2025 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। 82 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਸਿਰਫ਼ ਇੱਕ ਵਿਕਟ ਗਵਾ ਸਕੀ। ਟੀਮ ਇੰਡੀਆ ਦੀ ਸਲਾਮੀ ਬੱਲੇਬਾਜ਼ ਜੀ ਕਾਮਿਨੀ ਸਿਰਫ 8 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਗੋਂਗੜੀ ਤ੍ਰਿਸ਼ਾ ਨੇ 44 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਸਾਨਿਕਾ ਚਾਲਕੇ ਨੇ ਨਾਬਾਦ 26 ਦੌੜਾਂ ਬਣਾਈਆਂ ਅਤੇ ਟੀਮ ਨੇ 11.2 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਗੋਂਗੜੀ ਤ੍ਰਿਸ਼ਾ ਨੇ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਬਣ ਗਈ। ਉਸ ਨੇ 7 ਮੈਚਾਂ ਵਿੱਚ 77 ਦੀ ਔਸਤ ਨਾਲ 309 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਸ਼ਵੇਤਾ ਸਹਿਰਾਵਤ ਦਾ ਰਿਕਾਰਡ ਤੋੜਿਆ, ਜਿਸ ਨੇ ਸਾਲ 2023 ਵਿੱਚ ਹੋਏ ਆਈਸੀਸੀ ਮਹਿਲਾ ਅੰਡਰ-19 ਵਿਸ਼ਵ ਕੱਪ ਵਿੱਚ 7 ਪਾਰੀਆਂ ਵਿੱਚ 99 ਦੀ ਔਸਤ ਨਾਲ ਕੁੱਲ 297 ਦੌੜਾਂ ਬਣਾਈਆਂ ਸਨ।