"ਖੇਡਾਂ ਵਤਨ ਪੰਜਾਬ ਦੀਆਂ-2024" ਖੇਡ ਸੱਭਿਆਚਾਰ ਸੁਰਜੀਤ ਕਰਨ ਦਾ ਉਪਰਾਲਾ: ਜ਼ਿਲ੍ਹਾ ਖੇਡ ਅਫ਼ਸਰ

  • ਖੇਡਾਂ ਦਾ ਉਦਘਾਟਨ 29 ਅਗਸਤ ਨੂੰ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
  • ਆਨਲਾਈਨ https://eservices.punjab.gov.in 'ਤੇ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ
  • ਖੇਡਾਂ ਸਬੰਧੀ ਮਸ਼ਾਲ 25 ਅਗਸਤ ਨੂੰ ਪੁੱਜੇਗੀ ਫ਼ਤਹਿਗੜ੍ਹ ਸਾਹਿਬ

ਫ਼ਤਹਿਗੜ੍ਹ ਸਾਹਿਬ, 22 ਅਗਸਤ 2024 :  ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ " ਖੇਡਾਂ ਵਤਨ ਪੰਜਾਬ ਦੀਆਂ- 2024" ਦੀ ਸ਼ੁਰੂਆਤ 29 ਅਗਸਤ ਨੂੰ ਹੋ ਰਹੀ ਹੈ। ਇਸ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸਬੰਧੀ ਬਲਾਕ ਪੱਧਰੀ ਖੇਡਾਂ  01 ਸਤੰਬਰ ਤੋਂ 10 ਸਤੰਬਰ, ਜ਼ਿਲ੍ਹਾ ਪੱਧਰੀ ਖੇਡਾਂ 15 ਸਤੰਬਰ ਤੋਂ 22 ਸਤੰਬਰ ਅਤੇ ਰਾਜ ਪੱਧਰੀ ਖੇਡਾਂ 11 ਅਕਤੂਬਰ ਤੋਂ 09 ਨਵੰਬਰ ਤਕ ਕਰਵਾਈਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਆਨਲਾਈਨ ਲਿੰਕ https://eservices.punjab.gov.in 'ਤੇ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਨਾਲ ਪੰਜਾਬ ਨੂੰ ਲੱਗੀਆਂ ਵੱਖੋ ਵੱਖ ਅਲਾਮਤਾਂ ਵੀ ਖਤਮ ਹੋਣਗੀਆਂ। ਇਹ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾਣਗੀਆਂ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ ਲੈ ਕੇ 40 ਸਾਲ ਓਪਨ ਗਰੁੱਪ, 41 ਤੋਂ ਲੈ ਕੇ 50 ਸਾਲ ਤੱਕ ਓਪਨ ਗਰੁੱਪ ਅਤੇ 50 ਸਾਲ ਤੋਂ ਉੱਪਰ ਦੇ ਖਿਡਾਰੀ ਓਪਨ ਗਰੁੱਪ, ਸ਼ਾਮਲ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹਨਾਂ ਖੇਡਾਂ ਬਾਬਤ ਮਸ਼ਾਲ 25 ਅਗਸਤ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪੁੱਜੇਗੀ ਤੇ 26 ਅਗਸਤ ਨੂੰ ਜ਼ਿਲ੍ਹਾ ਪਟਿਆਲਾ ਲਈ ਰਵਾਨਾ ਹੋਵੇਗੀ। ਕਾਰਵਾਈਆਂ ਜਾਣ ਵਾਲੀਆਂ ਖੇਡਾਂ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ- ਖੋ, ਹੈਂਡਬਾਲ, ਸਾਫਟਬਾਲ,  ਗਤਕਾ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਸ਼ਤਰੰਜ, ਫੈਂਸਿੰਗ ਸਮੇਤ ਵੱਖੋ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ, ਸੀਨੀਅਰ ਬਾਸਕਟਬਾਲ ਕੋਚ ਸ਼੍ਰੀ ਰਾਹੁਲਦੀਪ ਸਿੰਘ ਅਤੇ ਖੇਡ ਵਿਭਾਗ ਦੇ ਸਮੂਹ ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਸਬੰਧੀ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਕਿਸੇ ਵੀ ਖਿਡਾਰੀ ਤੇ ਦਰਸ਼ਕ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖੇਡਾਂ ਸਬੰਧੀ ਤਿਆਰੀਆਂ ਜੰਗੀ ਪੱਧਰ ਉੱਤੇ ਜਾਰੀ ਹਨ। ਇਸ ਸਬੰਧੀ ਵੱਖੋ ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਤੇ ਖੇਡ ਮੈਦਾਨਾਂ ਦੀ ਸ਼ਨਾਖਤ ਕਰਕੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।