ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਜਿੱਤਿਆ ਖਿਤਾਬ, ਮਲੇਸ਼ੀਆ ਨੂੰ 4-3 ਨਾਲ ਹਰਾਇਆ

ਚੈੱਨਈ, 12 ਅਗਸਤ : ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖਿਤਾਬ ਆਪਣੇ ਨਾਂਅ ਕੀਤਾ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ’ਚ ਚੌਥੀ ਵਾਰ ਚੈਂਪੀਅਨ ਬਣੀ ਹੈ। ਇਸ ਦੇ ਨਾਲ ਹੀ ਭਾਰਤ ਇਸ ਟੂਰਨਾਮੈਂਟ ’ਚ ਸਭ ਤੋਂ ਸਫਲ ਦੇਸ਼ ਬਣ ਗਿਆ ਹੈ। ਚੇਨਈ ਦੇ ਰਾਧਾਕਿ੍ਰਸ਼ਨਲ ਸਟੇਡੀਅਮ ’ਚ ਸ਼ਨਿੱਚਰਵਾਰ ਨੂੰ ਆਪਣਾ 5ਵਾਂ ਫਾਈਨਲ ਖੇਡ ਰਹੀ ਟੀਮ ਇੰਡੀਆ ਹਾਫ ਟਾਈਮ ਤੱਕ 2 ਗੋਲਾਂ ਨਾਲ ਪਿੱਛੇ ਸੀ। ਜਦੋਂ ਸਕੋਰ ਲਾਈਨ 3-1 ਸੀ। ਫਿਰ ਮੈਚ ਦੇ ਆਖਰੀ ਦੋ ਕੁਆਰਟਰਾਂ ’ਚ ਭਾਰਤੀ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਜਿੱਤ ਹਾਸਲ ਕਰ ਲਈ। ਮੈਚ ’ਚ ਜੁਗਰਾਜ ਸਿੰਘ ਨੇ 9ਵੇਂ ਮਿੰਟ ’ਚ, ਕਪਤਾਨ ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ’ਚ, ਗੁਰਜੰਟ ਸਿੰਘ ਨੇ ਵੀ 45ਵੇਂ ਮਿੰਟ ’ਚ ਅਤੇ ਅਕਾਸ਼ਦੀਪ ਸਿੰਘ ਨੇ 56ਵੇਂ ਮਿੰਟ ’ਚ ਗੋਲ ਕੀਤੇ। ਇਸ ਤੋਂ ਇਲਾਵਾ ਮਲੇਸ਼ੀਆ ਦੀ ਟੀਮ ਲਈ ਅਜਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜੀ ਨੇ 18ਵੇਂ ਮਿੰਟ ਅਤੇ ਮੁਹੰਮਦ ਅਮੀਨੁਦੀਨ ਨੇ 28ਵੇਂ ਮਿੰਟ ’ਚ ਗੋਲ ਕੀਤੇ। ਭਾਰਤ ਟੂਰਨਾਮੈਂਟ ਦੇ ਇਤਿਹਾਸ ’ਚ ਪੰਜਵੀਂ ਵਾਰ ਫਾਈਨਲ ਖੇਡ ਰਿਹਾ ਹੈ। ਭਾਰਤ ਨੂੰ ਹੁਣ ਤੱਕ ਖੇਡੇ ਗਏ 4 ਫਾਈਨਲਾਂ ’ਚ ਇੱਕ ਹਾਰ ਮਿਲੀ ਹੈ। ਜਦਕਿ ਉਸ ਨੇ 2 ਮੈਚ ਜਿੱਤੇ। 2018 ’ਚ, ਟਰਾਫੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਾਂਝੀ ਕੀਤੀ ਗਈ ਸੀ। ਦੂਜੇ ਪਾਸੇ ਮਲੇਸ਼ੀਆ ਪਹਿਲੀ ਵਾਰ ਟੂਰਨਾਮੈਂਟ ਦਾ ਫਾਈਨਲ ਖੇਡ ਰਿਹਾ ਹੈ। ਮਲੇਸ਼ੀਆ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 6-2 ਨਾਲ ਹਰਾ ਕੇ ਫਾਈਨਲ ’ਚ ਦਾਖਲ ਕੀਤਾ।ਤੀਜੇ ਕੁਆਰਟਰ ’ਚ ਭਾਰਤ ਨੇ ਮੌਕੇ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰਤੀ ਸੇਲਵਮ ਨੇ 36ਵੇਂ ਮਿੰਟ ’ਚ ਭਾਰਤ ਲਈ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਜੁਗਰਾਜ ਸਿੰਘ ਦੀ ਡਰੈਗ ਫਲਿੱਕ ਗੋਲ ਨੂੰ ਪਾਰ ਕਰ ਗਈ। ਮਲੇਸ਼ੀਆ ਨੇ ਲੀੜ ਜਾਰੀ ਰੱਖਣ ਦੀ ਫਿਰ ਤੋਂ ਕੋਸ਼ਿਸ਼ ਕੀਤੀ ਅਤੇ ਗੇਂਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਮਲੇਸ਼ੀਆ ਨੇ ਰੱਖਿਆਤਮਕ ਖੇਡ ਖੇਡੀ ਅਤੇ ਭਾਰਤੀ ਸਰਕਲ ਦੇ ਅੰਦਰ ਕੁਝ ਮੌਕੇ ਬਣਾਏ। ਅਖੀਰ ’ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨਾਲ ਪਹਿਲਾ ਗੋਲ ਕੀਤਾ। ਦੂਜਾ ਗੋਲ ਗੁਰਜੰਟ ਸਿੰਘ ਨੇ 45ਵੇਂ ਮਿੰਟ ’ਚ ਕੀਤਾ।