ਪੀ.ਏ.ਯੂ. ਨੇ ਫੁੱਲ ਉਤਪਾਦਕ ਕਿਸਾਨਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ

ਲੁਧਿਆਣਾ 25 ਜੁਲਾਈ 2024 : ਅੱਜ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਪੀ.ਏ.ਯੂ. ਫੁੱਲ ਉਤਪਾਦਕ ਕਲੱਬ ਦਾ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ| ਇਸ ਵਿਚ ਫੁੱਲਾਂ ਦੇ ਉਤਪਾਦਨ ਨਾਲ ਜੁੜੇ 45 ਦੇ ਕਰੀਬ ਕਿਸਾਨ ਸ਼ਾਮਿਲ ਹੋਏ| ਇਸ ਕੈਂਪ ਰਾਹੀਂ ਇਸ ਖੇਤਰ ਦੀ ਨਵੀਂ ਅਤੇ ਵਿਗਿਆਨਕ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਗਈ ਅਤੇ ਉਹਨਾਂ ਸਾਰੀਆਂ ਤਕਨੀਕਾਂ ਨੂੰ ਵਿਚਾਰਿਆ ਗਿਆ ਜਿਸ ਨਾਲ ਫੁੱਲ ਉਤਪਾਦਨ ਖੇਤਰ ਦੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇ| ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਇਹ ਸਿਖਲਾਈ ਕੈਂਪ ਸ਼ੁਰੂ ਹੋਇਆ| ਡਾ. ਪਰਮਿੰਦਰ ਸਿੰਘ ਨੇ ਵਪਾਰਕ ਅਤੇ ਸਜਾਵਟੀ ਪੱਧਰ ਤੇ ਪੀ.ਏ.ਯੂ. ਵੱਲੋਂ ਫੁੱਲਾਂ ਦੀਆਂ ਕਿਸਮਾਂ ਦੇ ਵਿਕਾਸ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਖੇਤੀ ਵਿਭਿੰਨਤਾ ਵਿਚ ਫੁੱਲਾਂ ਦੀ ਖੇਤੀ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦੀ ਹੈ| ਡਾ. ਅਮਨ ਸ਼ਰਮਾ ਨੇ ਫੁੱਲਾਂ ਦੀਆਂ ਪ੍ਰਮੁੱਖ ਬਿਮਾਰੀਆਂ ਬਾਰੇ ਚਰਚਾ ਕਰਦਿਆਂ ਇਹਨਾਂ ਤੋਂ ਬਚਾਅ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ| ਡਾ. ਮਧੂ ਬਾਲਾ ਨੇ ਗੁਲਦਾਉਦੀ ਦੀ ਕਾਸ਼ਤ ਅਤੇ ਇਸਦੇ ਅਹਿਮ ਪੱਖਾਂ ਬਾਰੇ ਚਾਨਣਾ ਪਾਇਆ| ਫੁੱਲਾਂ ਦੀ ਕਾਸ਼ਤ ਨਾਲ ਜੁੜੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚਾਰਨ ਲਈ ਇਕ ਵਿਸ਼ੇਸ਼ ਚਰਚਾ ਹੋਈ ਜਿਸ ਵਿਚ ਸ਼੍ਰੀ ਗੁਰਪ੍ਰੀਤ ਸਿੰਘ ਸ਼ੇਰਗਿੱਲ ਪ੍ਰਧਾਨ ਪੀ.ਏ.ਯੂ. ਫੁੱਲ ਉਤਪਾਦਕ ਕਲੱਬ ਨੇ ਮਾਹਿਰਾਂ ਨਾਲ ਗੱਲਬਾਤ ਕੀਤੀ| ਉਹਨਾਂ ਨੇ ਇਹ ਕੈਂਪ ਆਯੋਜਿਤ ਕਰਨ ਲਈ ਧੰਨਵਾਦ ਦੇ ਸ਼ਬਦ ਵੀ ਕਹੇ|ਇਸ ਕੈਂਪ ਦੇ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਸਹਿ ਨਿਰਦੇਸ਼ਕ ਡਾ. ਕੁਲਦੀਪ ਸਿੰਘ ਸਨ| ਇਸ ਮੌਕੇ ਕਲੱਬ ਦੇ ਸਕੱਤਰ ਸ਼੍ਰੀ ਕਰਨਬੀਰ ਸਿੰਘ, ਉਪ ਪ੍ਰਧਾਨ ਸ਼੍ਰੀ ਗੁਰਵਿੰਦਰ ਸਿੰਘ ਅਤੇ ਖਜ਼ਾਨਚੀ ਸ਼੍ਰੀ ਲਖਵਿੰਦਰ ਸਿੰਘ ਦੇ ਨਾਲ ਕੁਆਰਡੀਨੇਟਰ ਸ਼੍ਰੀ ਵਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|