- ਪੀ.ਏ.ਯੂ. ਦੇ ਅਰਥ ਸ਼ਾਸਤਰੀਆਂ ਨੇ ਆਈ ਐੱਸ ਏ ਈ ਸਲਾਨਾ ਇਕੱਤਰਤਾ ਵਿਚ ਹਾਸਲ ਕੀਤੀ ਸਫਲਤਾ
ਲੁਧਿਆਣਾ 25 ਨਵੰਬਰ, 2024 : ਪੀ.ਏ.ਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਕਮਲ ਵੱਤਾ ਨੂੰ ਮਾਣਮੱਤੀ ਆਈ ਐੱਸ ਏ ਈ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ| ਇਹ ਫੈਲੋਸ਼ਿਪ ਖੇਤੀ ਅਰਥ ਸ਼ਾਸਤਰ ਬਾਰੇ ਭਾਰਤੀ ਸੁਸਾਇਟੀ ਦੀ ਕਰਾਈਕਲ ਪੁਡੂਚਰੀ ਵਿਖੇ ਹੋਈ 84ਵੀਂ ਸਲਾਨਾ ਇਕੱਤਰਤਾ ਦੌਰਾਨ ਪ੍ਰਦਾਨ ਕੀਤੀ ਗਈ| ਇਸ ਫੈਲੋਸ਼ਿਪ ਲਈ ਡਾ. ਵੱਤਾ ਵੱਲੋਂ ਖੇਤੀ ਅਰਥ ਸ਼ਾਸਤਰ, ਪੇਂਡੂ ਵਿਕਾਸ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਉਹਨਾਂ ਵੱਲੋਂ ਦਿੱਤੇ ਯੋਗਦਾਨ ਨੂੰ ਅਧਾਰ ਬਣਾਇਆ ਗਿਆ ਹੈ| ਇਸ ਫੈਲੋਸ਼ਿਪ ਲਈ ਨੀਤੀ ਆਯੋਗ ਦੇ ਮੈਂਬਰ ਪ੍ਰੋਫੈਸਰ ਰਮੇਸ਼ ਚੰਦ ਦੀ ਤਜ਼ਵੀਜ਼ ਨੂੰ ਅਧਾਰ ਬਣਾ ਕੇ ਉੱਘੇ ਅਰਥ ਸ਼ਾਸਤਰੀਆਂ ਦੇ ਮੰਡਲ ਨੇ ਡਾ. ਵੱਤਾ ਦੀ ਚੋਣ ਕੀਤੀ| ਇਸ ਮੌਕੇ ਆਈ ਐੱਸ ਈ ਏ ਦੇ ਪ੍ਰਧਾਨ ਪ੍ਰੋਫੈਸਰ ਡੀ ਕੇ ਮਰੋਥੀਆ ਨੇ ਡਾ. ਵੱਤਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਨਵੀਆਂ ਲੀਹਾਂ ਪਾਉਣ ਵਾਲ ਅਰਥ ਵਿਗਿਆਨੀ ਕਿਹਾ| ਡਾ. ਵੱਤਾ ਨੇ ਧਰਤੀ ਹੇਠਲੇ ਪਾਣੀ ਦੀ ਸਥਿਰਤਾ ਲਈ ਖੋਜ ਦੇ ਖੇਤਰ ਵਿਚ ਵਿਸ਼ੇਸ਼ ਤੌਰ ਤੇ ਕਾਰਜ ਕੀਤਾ| 100 ਤੋਂ ਵਧੇਰੇ ਕੌਮੀ ਅਤੇ ਕੌਮਾਂਤਰੀ ਪ੍ਰਕਾਸ਼ਨਾਵਾਂ ਸਮੇਤ ਉਹ 34 ਖੋਜ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ| ਭਾਰਤੀ ਖੇਤੀ ਦੀਆਂ ਪ੍ਰਮੁੱਖ ਚੁਣੌਤੀਆਂ ਅਤੇ ਉਹਨਾਂ ਦੇ ਨਿਵਾਰਨ ਲਈ ਡਾ. ਵੱਤਾ ਨੇ ਅਰਥ ਭਰਪੂਰ ਯੋਗਦਾਨ ਪਾਇਆ ਹੈ| ਜ਼ਿਕਰਯੋਗ ਹੈ ਕਿ ਕਰਾਈਕਲ ਪੁਡੂਚਰੀ ਵਿਖੇ ਹੋਈ 84ਵੀਂ ਆਈ ਐੱਸ ਏ ਈ ਸਲਾਨਾ ਇਕੱਤਰਤਾ ਵਿਚ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਆਪਣੀ ਛਾਪ ਛੱਡੀ| ਇਸ ਮੌਕੇ ਪ੍ਰਿਆ ਬਰਾਟਾ ਭੋਈ, ਕਮਲ ਵੱਤਾ, ਪ੍ਰਦੀਪ ਕੁਮਾਰ ਅਧਾਲੇ, ਸੰਨੀ ਕੁਮਾਰ ਅਤੇ ਕਸ਼ਿਸ਼ ਅਰੋੜਾ ਵੱਲੋਂ ਸਾਂਝੇ ਤੌਰ ਤੇ ਲਿਖੇ ਗਏ ਪੇਪਰ ‘ਬਾਗਬਾਨੀ ਵਸਤਾਂ ਵਿਚ ਭਾਰਤ ਦੇ ਵਪਾਰ ਦਾ ਵਿਸ਼ਲੇਸ਼ਣ ਅਤੇ ਇਸ ਨਾਲ ਜੁੜੇ ਰੁਝਾਨ ਅਤੇ ਨੀਤੀਆਂ’ ਨੂੰ ਸ਼ਾਨਾਮੱਤੇ ਐੱਨ ਏ ਮਜ਼ੂਮਦਾਰ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ| ਪੀ ਐੱਚ ਡੀ ਦੇ ਖੋਜਾਰਥੀਆਂ ਸ਼੍ਰੀ ਸੁਖਵੀਰ ਸਿੰਘ ਅਤੇ ਕੁਮਾਰੀ ਸਿਮਰਨਜੋਤ ਕੌਰ ਨੂੰ ਸਰਵੋਤਮ ਪੀ ਐੱਚ ਡੀ ਪੁਰਸਕਾਰ ਹਾਸਲ ਹੋਏ| ਇਹ ਪ੍ਰਾਪਤੀਆਂ ਯੂਨੀਵਰਸਿਟੀ ਲਈ ਬੇਹੱਦ ਮਾਣ ਕਰਨ ਦਾ ਸਬੱਬ ਬਣੀਆਂ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜੇ ਐੱਮ ਸਿੰਘ ਨੇ ਡਾ. ਵੱਤਾ ਅਤੇ ਹੋਰ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|