ਪੀ.ਏ.ਯੂ. ਵਿਚ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਬਣੀ ਡਾਇੰਮਡ ਜੁਬਲੀ ਸੜਕ ਦਾ ਉਦਘਾਟਨ ਹੋਇਆ

ਲੁਧਿਆਣਾ 25 ਨਵੰਬਰ, 2024 : ਪੀ.ਏ.ਯੂ. ਦੇ ਗੇਟ ਨੰਬਰ 1 ਤੋਂ ਦਾਖਲ ਹੋਣ ਵਾਲੀ ਡਾਇੰਮਡ ਜੁਬਲੀ ਸੜਕ ਦਾ ਅੱਜ ਉਦਘਾਟਨ ਹੋਇਆ| ਇਸ ਸੜਕ ਨੂੰ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਕਿਸਾਨ ਮੇਲੇ ਅਤੇ ਹੋਰ ਆਯੋਜਨਾਂ ਵਿਚ ਕਿਸਾਨਾਂ ਦੀ ਆਮਦ ਦੇ ਮੱਦੇਨਜ਼ਰ ਚੌੜਾ ਕੀਤਾ ਗਿਆ ਹੈ| ਇਸ ਸੜਕ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚਰਨ ਸਿੰਘ ਬਰਸਟ ਨੇ ਕੀਤਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਹੋਰ ਉੱਚ ਅਧਿਕਾਰੀ ਅਤੇ ਅਹੁਦੇਦਾਰ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ| ਸ੍ਰੀ ਬਰਸਟ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਕਿਹਾ ਕਿ ਪੀ.ਏ.ਯੂ. ਨੇ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਖੇਤੀ ਵਿਕਾਸ ਵਿਚ ਮਿਸਾਲੀ ਭੂਮਿਕਾ ਨਿਭਾਈ ਹੈ| ਇਹ ਸੰਸਥਾ ਕਿਸਾਨੀ ਸਮਾਜ ਨੂੰ ਮਾਣ ਦੇਣ ਅਤੇ ਖੇਤੀ ਨੂੰ ਹਰੇ ਇਨਕਲਾਬ ਦੀਆਂ ਸਿਖਰਾਂ ਤੱਕ ਲਿਜਾਣ ਵਾਲੀ ਇਤਿਹਾਸਕ ਸੰਸਥਾ ਹੈ| ਇਸ ਸੰਸਥਾ ਨਾਲ ਮਿਲ ਕੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨਾ ਪੰਜਾਬ ਰਾਜ ਮੰਡੀ ਬੋਰਡ ਲਈ ਬੇਹੱਦ ਮਾਣ ਦਾ ਮੌਕਾ ਹੈ| ਉਹਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦਾ ਉਦੇਸ਼ ਕਿਸਾਨੀ ਸਮਾਜ ਅਤੇ ਖੇਤੀ ਨਾਲ ਜੁੜੀਆਂ ਧਿਰਾਂ ਦੀ ਬਿਹਤਰੀ ਹੈ ਅਤੇ ਇਸ ਸੰਬੰਧ ਵਿਚ ਪੀ.ਏ.ਯੂ. ਨਾਲ ਢੁੱਕਵਾਂ ਸਹਿਯੋਗ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਡਾਇੰਮਡ ਜੁਬਲੀ ਸੜਕ ਦਾ ਨਿਰਮਾਣ ਖੇਤੀ ਦੀ ਨਵੀਂ ਸਫਲਤਾ ਲਈ ਬਣਾਏ ਜਾਣ ਵਾਲੇ ਮਾਰਗ ਵਾਂਗ ਹੈ| ਸ੍ਰੀ ਬਰਸਟ ਨੇ ਆਸ ਪ੍ਰਗਟਾਈ ਕਿ ਪੀ.ਏ.ਯੂ. ਵੱਲੋਂ ਸਥਿਰ ਖੇਤੀ ਦੇ ਵਿਕਾਸ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸੜਕ ਦੇ ਨਿਰਮਾਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਦਿੱਤੇ ਸਹਿਯੋਗ ਦਾ ਦਿਲੀ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਨਵੀਂ ਬਣੀ ਇਹ ਸੜਕ ਪੀ.ਏ.ਯੂ. ਅਤੇ ਮੰਡੀ ਬੋਰਡ ਦੀ ਸਾਂਝ ਦਾ ਪ੍ਰਤੀਕ ਹੈ| ਇਹ ਸੜਕ ਨਵੀਆਂ ਖੇਤੀ ਦਿਸ਼ਾਵਾਂ ਵੱਲ ਜਾਣ ਵਾਲੇ ਮਾਰਗ ਵਾਂਗ ਹੈ ਜਿਸ ਉੱਤੇ ਚਲ ਕੇ ਪੰਜਾਬ ਦੀ ਖੇਤੀ ਨੂੰ ਵਿਕਾਸ ਅਤੇ ਸਥਿਰਤਾ ਦੀਆਂ ਉਚੇਰੀਆਂ ਸਿਖਰਾਂ ਤੱਕ ਲਿਜਾਇਆ ਜਾ ਸਕੇਗਾ| ਡਾ. ਗੋਸਲ ਨੇ ਕਿਹਾ ਕਿ ਕਿਸਾਨ ਮੇਲੇ ਅਤੇ ਹੋਰ ਵੱਡੇ ਆਯੋਜਨਾਂ ਸਮੇਂ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਲਈ ਇਹ ਸੜਕ ਬੁਨਿਆਦੀ ਢਾਂਚੇ ਦੇ ਰੂਪ ਵਿਚ ਸਹੂਲਤ ਪ੍ਰਦਾਨ ਕਰੇਗੀ| ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਕਿ ਭਾਰੀ ਆਵਾਜਾਈ ਨੂੰ ਧਿਆਨ ਵਿਚ ਰੱਖ ਕੇ ਇਸ ਸੜਕ ਦੀ ਯੋਜਨਾਬੰਦੀ ਅਤੇ ਨਿਰਮਾਣ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਹੈ ਤਾਂ ਜੋ ਆਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਾ ਪਵੇ| ਇਹ ਨਿਰਮਾਣ ਕਿਸਾਨ ਪੱਖੀ ਪੀ.ਏ.ਯੂ. ਦੇ ਅਕਸ ਅਤੇ ਸੁਹਿਰਦਤਾ ਦਾ ਦਰਪਣ ਬਣਦਾ ਹੈ ਅਤੇ ਇਸਨੇ ਯੂਨੀਵਰਸਿਟੀ ਦੀ ਸੁੰਦਰਤਾ ਨੂੰ ਚਾਰ ਚੰਦ ਲਾਏ ਹਨ| ਹੋਰ ਵਿਸਤਾਰ ਨਾਲ ਗੱਲ ਕਰਦਿਆਂ ਪ੍ਰਮੁੱਖ ਇੰਜ. ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਦੱਸਿਆ  ਕਿ 24 ਫੁੱਟ ਚੌੜੀ ਸੜਕ ਦੀ ਚੌੜਾਈ ਨੂੰ ਵਧਾ ਕੇ 50 ਫੁੱਟ ਤੱਕ ਕੀਤਾ ਗਿਆ ਹੈ| ਹੁਣ ਇਹ ਸੜਕ ਚਾਰ ਲੇਨ ਹੋ ਗਈ ਹੈ ਅਤੇ ਸੜਕ ਦੇ ਦੋਵਾਂ ਕੰਢਿਆਂ ਤੇ 5 ਫੁੱਟ ਚੌੜੀ ਹਰਿਆਲੀ ਪੱਟੀ ਵੀ ਨਿਰਮਤ ਕੀਤੀ ਗਈ ਹੈ| ਗੋਲਡਨ ਜੁਬਲੀ ਚੌਂਕ ਨੂੰ 20 ਫੁੱਟ ਤੋਂ ਵਧਾ ਕੇ 30 ਫੁੱਟ ਕਰ ਦਿੱਤਾ ਗਿਆ ਹੈ| ਇਹ ਸੜਕ ਸਾਇਕਲ ਚਾਲਕਾਂ ਲਈ ਢੱੁਕਵਾਂ ਰਸਤੇ ਵਾਂਗ ਲਗਦੀ ਹੈ ਅਤੇ ਨਾਲ ਹੀ ਸੁਰੱਖਿਆ ਕਰਮੀਆਂ ਦੇ ਦੋ ਕਮਰੇ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਧਿਆਨ ਵਿਚ ਰੱਖਿਆ ਗਿਆ ਹੈ| ਇਸ ਤੋਂ ਬਿਨਾਂ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਵੀਲ੍ਹ ਚੇਅਰ ਦੀ ਜ਼ਰੂਰਤ ਨੂੰ ਵੀ ਮੱਦੇਨਜ਼ਰ ਰੱਖਿਆ ਗਿਆ ਹੈ| ਸੜਕ ਦੇ ਸੁੰਦਰੀਕਰਨ ਲਈ ਲੇਨਾਂ ਦਾ ਰੇਖਕੀਕਰਨ, ਜੈਬਰਾ ਕਰਾਸਿੰਗ ਅਤੇ ਸੌਰ ਊਰਜਾ ਨਾਲ ਚੱਲਣ ਵਾਲੇ ਰਿਫਲੈਕਟਰ ਵੀ ਲਾਏ ਗਏ ਹਨ| ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਭਵਿੱਖ ਵਿਚ ਵੀ ਪੀ.ਏ.ਯੂ. ਨਾਲ ਸਹਿਯੋਗ ਕਰਨ ਦਾ ਪੂਰਨ ਭਰੋਸਾ ਦਿਵਾਇਆ|