ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਜ਼ੂਰ ਸਾਹਿਬ ਵਿਖੇ ਸਮਾਗਮ 

ਸ੍ਰੀ ਹਜ਼ੂਰ ਸਾਹਿਬ  : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨੰਦੇੜ ਵਿਖੇ ਜਥੇਦਾਰ ਕੁਲਵੰਤ ਸਿੰਘ, ਸ. ਪਰਵਿੰਦਰ ਸਿੰਘ ਪਸਰੀਚਾ, ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨਿਹੰਗ ਸਿੰਘ ਦਲਾਂ, ਸੇਵਾਪੰਥੀ ਸੰਪਰਦਾਵਾਂ ਨਾਨਕਸਰ ਸੰਪਰਦਾ ਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਕੀਰਤਨ ਦਰਬਾਰ ਵਿੱਚ ਵੱਡੀ ਪੱਧਰ ਤੇ ਜੁੜੀ ਸੰਗਤ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਜਥੇਦਾਰ ਗਿਆਨੀ ਬਾਬਾ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਫੂਲਾ ਸਿੰਘ ਪੱਕੇ ਗੁਰਸਿੱਖ, ਅੰਮ੍ਰਿਤਧਾਰੀ, ਰਹਿਣੀ-ਬਹਿਣੀ ਦੇ ਪੂਰੇ ਤੇ ਨਿਡਰ ਸੂਰਮੇ ਸਨ । ਆਪ ਨੇ ਅਕਾਲ ਪੁਰਖ ਤੋਂ ਛੁੱਟ ਕਦੇ ਕਿਸੇ ਦੁਨਿਆਵੀ ਵਿਅਕਤੀ ਦਾ ਡਰ ਜਾਂ ਭੈ ਆਪਣੇ ਮਨ ਵਿਚ ਨਹੀਂ ਸੀ ਰੱਖਿਆ ਤੇ ਨਾ ਹੀ ਆਪਣਾ ਮਸਤਕ ਕਿਸੇ ਅੱਗੇ ਝੁਕਾਇਆ ਸੀ। ਕਾਲ-ਰਹਿਤ ਪ੍ਰਭੂ ਦਾ ਸਦਾ ਸਿਪਾਹੀ ਹੋਣ ਦੇ ਨਾਤੇ ਵਡੇ ਤੋਂ ਵਡੇ ਖ਼ਤਰਿਆਂ ਨੂੰ ਵੰਗਾਰ ਸਕਣਾ ਆਪ ਦੀ ਸ਼ਖਸੀਅਤ ਦਾ ਇਕ ਵਿਸ਼ੇਸ਼ ਗੁਣ ਸੀ।ਉਨ੍ਹਾਂ ਕਿਹਾ ਅਕਾਲੀ ਫੂਲਾ ਸਿੰਘ ਨੂੰ ਆਪਣੀ ਤਾਕਤ, ਹੌਸਲੇ ` ਤੇ ਕੰਮ ਕਰ ਸਕਣ ਦੀ ਸਮਰੱਥਾ ਤੇ ਇਤਨਾ ਵਿਸ਼ਵਾਸ਼ ਸੀ ਕਿ ਔਖੇ ਤੋਂ ਔਖਾ ਕੰਮ ਵੀ ਬਾਲ-ਖੇਡ ਵਾਂਗ ਸੌਖਾ ਤੇ ਸਾਧਾਰਣ ਬਣ ਕੇ ਰਹਿ ਜਾਂਦਾ ਸੀ ਅਤੇ ਸਫਲਤਾ ਸਦਾ ਉਸ ਦੇ ਕਦਮ ਚੁੰਮਦੀ ਸੀ। ਐਸੇ ਯੋਧੇ ਦੀ ਸ਼ਤਾਬਦੀ ਮਨਾਉਂਣੀ ਬਹੁਤ ਹੀ ਸ਼ਲਾਘਾ ਯੋਗ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਖ਼ਾਲਸਾ ਰਾਜ ਦੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਵਿਚੋਂ ਸਨ ਜਿਨ੍ਹਾਂ ਨੇ ਇਸ ਰਾਜ ਦੀ ਚੜ੍ਹਤ ਤੇ ਰਾਖੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ । ਉਨ੍ਹਾਂ ਕਿਹਾ ਜਦੋਂ ਮਿਸਲਾਂ ਦੇ ਸਰਦਾਰ ਇਲਾਕੇ ਜਿੱਤਣ ਤੋਂ ਰਾਜ ਸਥਾਪਿਤ ਕਰਨ ਲਗੇ ਹੋਏ ਸਨ ਤਾਂ ਉਦੋਂ ਅਕਾਲੀ ਫੂਲਾ ਸਿੰਘ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਠੀਕ ਕਰਕੇ ਸਿੱਖੀ ਅਸੂਲਾਂ ਤੇ ਪਹਿਰਾ ਦੇ ਰਹੇ ਸਨ । ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਹੈਸੀਅਤ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀਆਂ ਸਦਾਚਾਰਕ ਕਮਜ਼ੋਰੀਆਂ ਬਦਲੇ ਭਰੀ ਸੰਗਤ ਵਿਚ ਧਾਰਮਿਕ ਦੰਡ ਦੇ ਸਕਣਾ ਆਪ ਦੇ ਜੀਵਨ ਦਾ ਕਰਤਵ ਸੀ ।
ਕੀਰਤਨ ਦਰਬਾਰ ਵਿੱਚ ਪੰਥ ਦੇ ਸਿਰਮੌਰ ਰਾਗੀ ਭਾਈ ਇੰਦਰਜੀਤ ਸਿੰਘ ਖਾਲਸਾ, ਨਿਹੰਗ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੋਗਿੰਦਰ ਸਿੰਘ ਮੋਨੀ, ਭਾਈ ਗੁਰਪ੍ਰਤਾਪ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕੀਤਾ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਸਤਾਰ, ਚੋਲਾ, ਸ੍ਰੀ ਸਾਹਿਬ ਪਹਿਨਾ ਕੇ ਨਿਵਾਜਿਆ। ਦਲ ਪੰਥ ਬੁੱਢਾ ਦਲ ਦੇ ਵਿਦਵਾਨ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਅਤੇ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਬਾਬਾ ਫੂਲਾ ਸਿੰਘ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸੇਵਾਪੰਥੀ ਸੰਪਰਦਾ ਦੇ ਮੁਖੀ ਸੰਤ ਕਰਮਜੀਤ ਸਿੰਘ ਯਮੁਨਾ ਨਗਰ ਵਾਲਿਆਂ ਨੇ ਕਿਹਾ ਅੱਜ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਦਲੇਰ, ਨਿਡਰ ਸੂਰਮੇ ਜਥੇਦਾਰ ਦੀ ਲੋੜ ਭਾਸਦੀ ਹੈ ਜੋ ਪੰਥ ਦੀ ਅਗਵਾਈ ਕਰੇ, ਉਹ ਅਗਵਾਈ ਨਿਹੰਗ ਦਲ ਪੰਥ ਦੇ ਮੁਖੀ ਬਾਬਾ ਬਲਬੀਰ ਸਿੰਘ ਵਰਗਾ ਜਰਨੈਲ ਹੀ ਕਰ ਸਕਦਾ ਹੈ। ਇਸ ਵਕਤ ਬਾਬਾ ਬਲਬੀਰ ਸਿੰਘ ਨੇ 201 ਦੇਸੀ ਘਿਉ ਦੇ ਟੀਨ ਹਜ਼ੂਰ ਸਾਹਿਬ ਦੇ ਲੰਗਰ ਲਈ ਭੇਟ ਕੀਤੇ ਅਤੇ ਬੋਰਡ ਦੇ ਮੁਖੀ, ਤਖਤ ਸਾਹਿਬ ਦੇ ਸਾਰੇ ਸੇਵਾਦਾਰਾਂ ਤੇ ਪ੍ਰਮੁੱਖ ਧਾਰਮਿਕ ਵਿਅਕਤੀਆਂ ਨੂੰ ਬੁੱਢਾ ਦਲ ਵਲੋਂ ਸਨਮਾਨਿਤ ਕੀਤਾ ਗਿਆ।  ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਲ ਪੰਥ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਤੇ ਸਮੂਹ ਜਥੇਬੰਦੀਆਂ ਸੰਗਤਾਂ, ਸੰਸਥਾਵਾਂ ਨੂੰ ਬਾਬਾ ਫੂਲਾ ਸਿੰਘ ਜੀ ਦੀ ਮਨਾਈ ਜਾ ਰਹੀ ਸ਼ਤਾਬਦੀ ਸਮਾਗਮਾਂ ਵਿੱਚ ਵੱਧ ਚੜ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਤੇ ਕੀਰਤਨ ਦਰਬਾਰ ਕਰਾਉਣ ਸਮੇਂ ਦਿਤੇ ਸਹਿਯੋਗ ਲਈ ਬਾਬਾ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ, ਸ. ਪਰਵਿੰਦਰ ਸਿੰਘ ਪਸਰੀਚਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਿਮਰਤੀ ਗ੍ਰੰਥ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਵਿਸ਼ੇਸ਼ ਸਮਾਰੋਹ ‘ਚ ਰਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਸ਼ਤਾਬਦੀ ਸਬੰਧੀ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਸਮਾਗਮ ਵਿੱਚ ਪੁਜੇ ਸੰਤ ਮਹਾਪੁਰਸ਼ਾ, ਨਿਹੰਗ ਸਿੰਘ ਦਲਪੰਥ ਦੇ ਮੁਖੀਆਂ ਅਤੇ ਹੋਰ ਸੰਪਰਦਾਵਾਂ ਦਾ ਧੰਨਵਾਦ ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਕੀਤਾ। ਸਟੇਜ ਦੀ ਸੇਵਾ ਸ. ਕੁਲਵੰਤ ਸਿੰਘ ਕੱਲ੍ਹਾ ਨੇ ਬਾਖੂਬੀ ਨਿਭਾਈ। ਸਮਾਗਮਾਂ ਵਿੱਚ ਵਿਸ਼ੇਸ਼ ਤੋਰ ਤੇ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਬਾਬਾ ਜੰਗ ਸਿੰਘ ਕਰਨਾਲ, ਬਾਬਾ ਜੋਤਇੰਦਰ ਸਿੰਘ, ਅਮਰੀਕਾ ਤੋਂ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ, ਸ. ਜਸਬੀਰ ਸਿੰਘ ਬੀਰਾ, ਸ. ਲੱਡੂ ਸਿੰਘ ਮਹਾਜਨ, ਸ. ਸ਼ਰਨ ਸਿੰਘ ਸੁਪਰੀਡੈਂਟ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸ. ਰਵਿੰਦਰ ਸਿੰਘ ਮੁੰਗਈ, ਸ. ਹਰਜੀਤ ਸਿੰਘ ਕੜੇਵਾਲੇ, ਸ. ਜੈਮਲ ਸਿੰਘ, ਸ. ਜਸਪਾਲ ਸਿੰਘ ਲਾਂਗਰੀ, ਗਿਆਨੀ ਪਰਮਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਕਥਾਵਾਚਕ, ਬਾਬਾ ਜੱਸਾ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਲਛਮਣ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ , ਬਾਬਾ ਰਣਜੋਧ ਸਿੰਘ ਆਦਿ ਹਾਜ਼ਰ ਸਨ।