- ਸੁਪਰ ਫਾਸਫੇਟ ਨਾਲ 16 ਏਕੜ ਵਿੱਚ ਕੀਤੀ ਕਣਕ ਦੀ ਬਿਜਾਈ
- ਅਗਾਂਹਵਧੂ ਕਿਸਾਨ ਖੁਸ਼ਬਿੰਦਰ ਸਿੰਘ ਨੇ ਪਿਛਲੇ ਪੰਜ ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
- ਖੇਤੀ ਮਾਹਿਰਾਂ ਅਨੁਸਾਰ ਸਿੰਗਲ ਸੁਪਰ ਫਾਸਫੇਟ ਨਾਲ ਬੀਜੀ ਕਣਕ ਦਾ ਜੰਮ ਬਹੁਤ ਵਧੀਆ ਤੇ ਡੀ.ਏ.ਪੀ. ਦੀ ਘਾਟ ਦੇ ਨਹੀਂ ਵਿਖਾਈ ਦੇ ਰਹੇ ਕੋਈ ਲੱਛਣ
ਫ਼ਤਹਿਗੜ੍ਹ ਸਾਹਿਬ, 25 ਨਵੰਬਰ 2024 : ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਿਥੇ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਜ਼ਿਲ੍ਹੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਨੂੰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹੋ ਕਾਰਨ ਹੈ ਕਿ ਜ਼ਿਲ੍ਹੇ ਵਿੱਚ ਇਸ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਭਾਰੀ ਕਮੀ ਆਈ ਹੈ। ਵਾਤਾਵਰਣ ਪ੍ਰਦੂਸ਼ਣ ਦਾ ਖਾਤਮਾ ਕਰਨ ਵਿੱਚ ਪਿੰਡ ਮੀਰਪੁਰ ਦਾ ਅਗਾਂਹਵਧੂ ਕਿਸਾਨ ਖੁਸ਼ਬਿੰਦਰ ਸਿੰਘ ਵੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਸ ਅਗਾਂਹਵਧੂ ਕਿਸਾਨ ਨੇ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਸਫਲਤਾ ਪੂਰਬਕ ਖੇਤੀ ਕਰਕੇ ਹੋਰਨਾ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆਂ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਦਿਨੋਂ ਦਿਨ ਵੱਧ ਰਿਹਾ ਵਾਤਾਵਰਣ ਪ੍ਰਦੂਸ਼ਣ ਅੱਜ ਇੱਕ ਗੰਭੀਰ ਸਮੱਸਿਆ ਬਣਿਆਂ ਹੋਇਆ ਹੈ ਅਤੇ ਇਸ ਦਾ ਖਾਤਮਾ ਕਰਨ ਲਈ ਹੁਣ ਤੋਂ ਹੀ ਯਤਨ ਕਰਨੇ ਚਾਹੀਦੇ ਹਨ। ਸਫਲ ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਦਾ ਖਾਤਮਾ ਕੀਤਾ ਜਾ ਸਕਦਾ ਹੈ ਉਥੇ ਹੀ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਬੇਲੋੜੀਆਂ ਖਾਦਾਂ ਦੀ ਲੋੜ ਵੀ ਨਹੀਂ ਪੈਂਦੀ। ਅਗਾਂਹਵਧੂ ਕਿਸਾਨ ਖੁਸ਼ਬਿੰਦਰ ਸਿੰਘ ਨੇ ਡੀ.ਏ.ਪੀ. ਦੀ ਕਮੀ ਨੂੰ ਵੇਖਦੇ ਹੋਏ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਕੇ ਆਪਣੀ 16 ਏਕੜ ਜਮੀਨ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਜਿਸ ਤੋਂ ਇਹ ਕਿਸਾਨ ਕਾਫੀ ਪ੍ਰਭਾਵਿਤ ਹੋਇਆ ਹੈ। ਕਿਸਾਨ ਖੁਸ਼ਬਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਿੰਗਲ ਸੁਪਰ ਫਾਸਫੇਟ ਦੇ ਤਿੰਨ ਥੈਲੇ ਪ੍ਰਤੀ ਏਕੜ ਪਾ ਕੇ ਕਣਕ ਦੀ ਬਿਜਾਈ ਕੀਤੀ ਹੈ ਅਤੇ ਆਪਣੇ ਖੇਤ ਵਿੱਚ ਮਲਚਿੰਗ ਵਿਧੀ ਰਾਹੀਂ ਪਰਾਲੀ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਹੈ। ਉਸ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਵਿਸਥਾਰ ਅਫਸਰ ਸ਼ਿਵ ਕੁਮਾਰ ਨੇ ਵੀ ਉਸ ਦੇ ਖੇਤ ਦਾ ਦੌਰਾ ਕੀਤਾ ਹੈ ਅਤੇ ਸਿੰਗਲ ਸੁਪਰ ਫਾਸਫੇਟ ਨਾਲ ਬੀਜੀ ਕਣਕ ਦਾ ਜਾਇਜ਼ਾ ਲਿਆ ਹੈ ਅਤੇ ਖੇਤੀ ਮਾਹਰਾਂ ਨੇ ਵੇਖਿਆ ਕਿ ਕਣਕ ਦੀ ਜੰਮ ਬਹੁਤ ਹੀ ਵਧੀਆ ਹੈ ਅਤੇ ਡੀ.ਏ.ਪੀ. ਦੀ ਘਾਟ ਦੇ ਕੋਈ ਲੱਛਣ ਵੀ ਵਿਖਾਈ ਨਹੀਂ ਦੇ ਰਹੇ। ਅਗਾਂਹਵਧੂ ਕਿਸਾਨ ਖੁਸ਼ਬਿੰਦਰ ਸਿੰਘ ਨੇ ਕਿਹਾ ਕਿ ਉਹ ਸਿੰਗਲ ਸੁਪਰ ਫਾਸਫੇਟ ਖਾਦ ਦੇ ਨਤੀਜਿਆਂ ਤੋਂ ਬਹੁਤ ਸੰਤੁਸ਼ਟ ਹੈ ਅਤੇ ਭਵਿੱਖ ਵਿੱਚ ਵੀ ਉਹ ਇਸੇ ਦੀ ਮਦਦ ਨਾਲ ਖੇਤੀ ਕਰੇਗਾ।