ਫਿਊਚਰ ਟਾਈਕੂਨ' ਪ੍ਰੋਗਰਾਮ ਦੀ ਰਜਿਸਟਰੇਸ਼ਨ ਹੁਣ 20 ਫ਼ਰਵਰੀ ਤੱਕ

ਅੰਮ੍ਰਿਤਸਰ 17 ਫਰਵਰੀ 2025 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ‘ਫਿਊਚਰ ਟਾਈਕੂਨ’ ਪ੍ਰੋਗਰਾਮ ਲਈ ਹੁਣ 20 ਫ਼ਰਵਰੀ ਤੱਕ ਰਜਿਸਟਰ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਹਿਲਾਂ ਆਮ ਲੋਕਾਂ ਵਲੋਂ ਮਿਲ ਰਹੇ ਭਰਪੂਰ ਹੁੰਗਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਦਾ ਮਕਸਦ ਹੈ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਤੋਂ ਕੋਈ ਵੀ ਵਾਂਝਾਂ ਨਹੀਂ ਰਹਿਣਾ ਚਾਹੀਦਾ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ‘ਫਿਊਚਰ ਟਾਈਕੂਨ’ ਪ੍ਰੋਗਰਾਮ ਐਂਟਰੀ ਭੇਜਣ ਲਈ ਕਿਊਆਰ ਕੋਡ ਵੀ ਲਾਂਚ ਕੀਤਾ ਹੈ, ਜਿਸ ਤੇ ਸਕੈਨਿੰਗ ਕਰਕੇ ਆਪਣਾ ਆਈਡੀਆ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੰਬਰ 9915789068 ਉੱਤੇ ਸੰਪਰਕ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਦੇ ਚਾਹਵਾਨ ਉਦਮੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਸਫ਼ਲ ਬਨਾਉਣ ਲਈ ਵਿੱਤੀ ਸਹਾਇਤਾ ਦਿਵਾਉਣ ਵਿੱਚ ਵੀ ਪੂਰੀ ਮੱਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ, ਆਮ ਲੋਕਾਂ ਅਤੇ ਸੈਰ ਸਪਾਟਾ ਸਨਅਤ ਨਾਲ ਜੁੜੇ ਲੋਕਾਂ ਚੋਂ ਕਿਸੇ ਦੇ ਵੀ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਅਤੇ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਹੱਥ ਫੜਕੇ ਅਸਲ 'ਚ ਰੂਪਮਾਨ ਕਰਨ ਲਈ ਇੱਕ ਢੁੱਕਵਾਂ ਮੰਚ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸੇ ਲਈਂ ਆਮ ਲੋਕਾਂ ਕੋਲੋਂ ਕਾਰੋਬਾਰ ਲਈ ਆਈਡੀਆ ਮੰਗੇ ਗਏ ਹਨ ਅਤੇ ਉਹਨਾਂ ਵਿੱਚੋਂ  ਪਹਿਲੇ ਨੰਬਰ ਉੱਤੇ ਆਉਣ ਵਾਲੇ ਪ੍ਰੋਜੈਕਟ ਨੂੰ 50 ਹਜ਼ਾਰ, ਦੂਸਰੇ ਸਥਾਨ ਨੂੰ 20 ਹਜ਼ਾਰ ਅਤੇ  ਤੀਸਰੇ ਸਥਾਨ ਨੂੰ 10 ਹਜ਼ਾਰ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ।