ਅਮਰੀਕਾ ਅਤੇ ਭਾਜਪਾ ਦੇ ਸਿੱਖ ਆਗੂ ਸਿੱਖਾਂ ਨੂੰ ਡਿਪੋਰਟ ਕਰਨ ਵੇਲੇ ਉਹਨਾਂ ਦੀਆਂ ਪੱਗਾਂ ਲਾਹੁਣ ਦਾ ਮਸਲਾ ਕਿਉਂ ਨਹੀਂ ਚੁੱਕਦੇ : ਮਜੀਠੀਆ

  • ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਨੂੰ ਮਸਲਾ ਤੁਰੰਤ ਅਮਰੀਕੀ ਅਧਿਕਾਰੀਆਂ ਕੋਲ ਚੁੱਕਣ ਦੀ ਕੀਤੀ ਅਪੀਲ

ਚੰਡੀਗੜ੍ਹ, 19 ਫਰਵਰੀ 2025 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਮਰੀਕਾ ਅਤੇ ਭਾਜਪਾ ਦੇ ਸਿੱਖ ਆਗੂਆਂ ਨੂੰ ਆਖਿਆ ਕਿ ਉਹ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਵੇਲੇ ਉਹਨਾਂ ਦੀਆਂ ਦਸਤਾਰਾਂ ਲਾਹ ਕੇ ਕੂੜੇਦਾਨ ਵਿਚ ਸੁੱਟੇ ਜਾਣ ਦਾ ਮਾਮਲਾ ਚੁੱਕਣ ਅਤੇ ਪਾਰਟੀ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਜਿਸਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਪੁਲਿਸ ਅਧਿਕਾਰੀ ਦਸਤਾਰਾਂ ਲਾਹ ਕੇ ਕੂੜੇਦਾਨਾਂ ਵਿਚ ਸੁੱਟ ਰਹੇ ਹਨ। ਅਜਿਹਾ ਉਹਨਾਂ ਨੂੰ ਭਾਰਤ ਡਿਪੋਰਟ ਕਰਨ ਵੇਲੇ ਅਮਰੀਕੀ ਫੌਜ ਦੇ ਹਵਾਈ ਜਹਾਜ਼ ਵਿਚ ਸਵਾਰ ਕਰਨ ਵੇਲੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਹੈ। ਮਜੀਠੀਆ ਨੇ ਹੋਰ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸ਼ਾਕਾਹਾਰੀ ਨੌਜਵਾਨਾਂ ਨੂੰ ਜ਼ਬਰੀ ਗਊ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਜੋ ਕਿ ਗੰਭੀਰ ਉਲੰਘਣਾ ਹੈ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਹੱਥਕੜੀਆਂ ਲਾਉਣ ਤੇ ਹੋਰ ਤਸੀਹੇ ਦੇਣ ਦੀ ਗੱਲ ਕੀ ਕਰਨੀ ਬਲਕਿ ਇਹਨਾਂ ਨੌਜਵਾਨਾਂ ਨਾਲ ਸਾਰੇ ਸਫਰ ਵੇਲੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਇਹ ਬਹੁਤ ਹੀ ਅਪਮਾਨਜਨਕ ਕਾਰਾ ਹੈ ਜੋ ਵਿਸ਼ਵ ਦਾ ਧਿਆਨ ਮੰਗਦਾ ਹੈ। ਉਹਨਾਂ ਨੇ ਭਾਜਪਾ ਦੇ ਸਿੱਖ ਆਗੂਆਂ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਚੁੱਕਣਗੇ ਅਤੇ ਕੀ ਪ੍ਰਧਾਨ ਮੰਤਰੀ ਇਹ ਮਸਲਾ ਆਪਣੇ ਮਿੱਤਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਚੁੱਕਣਗੇ ? ਉਹਨਾਂ ਨੇ ਅਮਰੀਕਾ ਦੇ ਸਿੱਖ ਆਗੂਆਂ ਜਿਹਨਾਂ ਨੇ ਹਾਲ ਹੀ ਵਿਚ ਡੋਨਾਲਡ ਟਰੰਪ ਨੂੰ ਵੋਟਾਂ ਪਾਈਆਂ, ਨੂੰ ਆਖਿਆ ਕਿ ਉਹ ਇਹ ਮਸਲਾ ਉਹਨਾਂ ਕੋਲ ਚੁੱਕਣ। ਉਹਨਾਂ ਕਿਹਾ ਕਿ ਭਾਰਤ ਇਸ ਅਪਮਾਨ ਨੂੰ ਚੁਪਚੁਪੀਤੇ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਦੇਸ਼ ਨੂੰ ਆਪਣੇ ਨਾਗਰਿਕਾਂ ਦੇ ਮਾਣ ਸਨਮਾਨ ਲਈ ਖੜ੍ਹਾ ਹੋਣਾ ਪਵੇਗਾ।