ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ 

ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ I ਇਹ ਗ੍ਰੰਥ ਸਮੁੱਚੇ ਸੰਸਾਰ ਵਿੱਚ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਣ ਵਾਲਾ 1469-1708 ਈਸਵੀ ਤੱਕ ਦੇ ਸਿੱਖ ਗੁਰੂਆਂ ਦੁਆਰਾ ਰਚੀ ਅਤੇ ਇਕੱਤਰ ਕੀਤੀ ਬਾਣੀ ਦੇ 1430 ਅੰਗਾਂ ਵਾਲਾ ਵਿਸਥਾਰਮਈ ਧਾਰਮਿਕ ਗ੍ਰੰਥ ਹੈ । ਗ੍ਰੰਥ ਸਾਹਿਬ ਵਿਸ਼ਵ ਲਈ ਸਰਬ ਸਾਂਝੀਵਾਲਤਾ ਦਾ ਇੱਕ ਉਪਦੇਸ਼ ਹੈ, ਜੋ ਪ੍ਰਾਣੀ ਨੂੰ ਸੱਚਾ ਅਤੇ ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਹੈ । ਗੁਰੂ ਗ੍ਰੰਥ ਸਾਹਿਬ ਮਹਾਨ ਅਧਿਆਤਮਿਕ ਕਦਰਾਂ ਕੀਮਤਾਂ ਦਾ ਸ੍ਰੋਤ ਹੈ । ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲਣ ਉਪਰੰਤ ਉਹਨਾਂ ਦੇ ਵੱਡੇ ਭਰਾ ਪਿਰਥੀਚੰਦ ਆਪ ਨਾਲ ਈਰਖਾ ਕਰਨ ਲੱਗ ਪਏ। ਉਸਦਾ ਪੁੱਤਰ ਮਿਹਰਬਾਨ ‘ਨਾਨਕ’ ਨਾਮ ਤਹਿਤ ਕੱਚੀ ਬਾਣੀ ਦੀ ਰਚਨਾ ਕਰਕੇ ਬਾਣੀ ਵਿੱਚ ਦਰਜ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਜੋ ਕਿ ਸਿੱਖ ਸਿਧਾਂਤਾਂ ਦੇ ਬਿੱਲਕੁੱਲ ਹੀ ਵਿਪਰੀਤ ਸੀ । ਆਪ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਪਵਿੱਤਰਤਾ ਅਤੇ ਮਹਾਨਤਾ ਦੀ ਬਹਾਲੀ ਨੂੰ ਮੁੱਖ ਰੱਖਦੇ ਹੋਏ ਆਦਿ ਗ੍ਰੰਥ ਦੀ ਸੰਪਾਦਨਾ ਕਰਨ ਦਾ ਫੈਸਲਾ ਕੀਤਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂਆਂ ਸਮੇਤ ਆਪਣੇ ਦੁਆਰਾ ਰਚੀ ਬਾਣੀ ਤੋਂ ਇਲਾਵਾ 15 ਭਗਤਾਂ, 11 ਭੱਟਾਂ ਅਤੇ ਗੁਰੂ ਘਰ ਦੇ 4 ਨਿਕਟਵਰਤੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸੁਰੱਖਿਅਤ ਕਰ ਦਿੱਤੀ । ਗੁਰੂ ਜੀ ਨੇ ਇਹ ਪਵਿੱਤਰ ਕਾਰਜ 1601 ਈਸਵੀ ਵਿੱਚ ਸ਼ੁਰੂ ਕਰਕੇ 1604 ਈਸਵੀ ਵਿੱਚ ਸੰਪੂਰਨ ਕੀਤਾ, ਜਿਸਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ । ਇਹ ਇਤਿਹਾਸਿਕ ਆਦਿ ਗ੍ਰੰਥ ਇਸ ਮੌਕੇ ਸਿੱਖ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ । ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੁਬਾਰਾ 1706 ਈਸਵੀ ਵਿੱਚ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਤੋਂ ਇਸਦੀ ਰਚਨਾ ਕਰਵਾਈ । ਇਸ ਮੌਕੇ ਗੁਰੂ ਸਾਹਿਬ ਨੇ ਇਸ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਰਚੀ ਬਾਣੀ ਸ਼ਾਮਿਲ ਕੀਤੀ । ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰਾਂ ਦੀ ਰੂਹਾਨੀ ਬਾਣੀ ਦਰਜ ਕੀਤੀ, ਜਿੰਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 6 ਗੁਰੂਆਂ, 15 ਭਗਤਾਂ, 11 ਭੱਟਾਂ ਅਤੇ 4 ਗੁਰੂ ਘਰ ਦੇ ਨਿਕਟਵਰਤੀ ਕਵੀਆਂ ਦੀ ਬਾਣੀ ਸ਼ਾਮਿਲ ਹੈ । ਇਹ ਪਵਿੱਤਰ ਕਾਰਜ ਸੰਪੂਰਨ ਕਰਕੇ 1708 ਈਸਵੀ ਵਿੱਚ ਦੇਹ ਗੁਰੂ ਦੀ ਬਜਾਏ ਇਸ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ‘ਸ਼ਬਦ ਗੁਰੂ’ ਵਜੋਂ ਗੁਰਿਆਈ ਬਖ਼ਸ਼ੀ ।