
ਹੈਦਰਾਬਾਦ, 18 ਮਈ 2025 : ਤੇਲੰਗਾਨਾ ਦੇ ਇਤਿਹਾਸਕ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਦੀ ਇੱਕ ਇਮਾਰਤ ਵਿੱਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿੱਚ ਅੱਠ ਮਾਸੂਮ ਬੱਚੇ ਵੀ ਸ਼ਾਮਲ ਹਨ। ਹਾਦਸੇ ਸਮੇਂ ਇਮਾਰਤ ਵਿੱਚ 21 ਲੋਕ ਮੌਜੂਦ ਸਨ। ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 17 ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਮੌਕੇ 'ਤੇ ਮੌਜੂਦ ਏਆਈਐਮਆਈਐਮ ਦੇ ਇੱਕ ਵਿਧਾਇਕ ਨੇ ਮੀਡੀਆ ਨੂੰ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਲਗਭਗ 20 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੀਐਮਓ ਵੱਲੋਂ ਜਾਰੀ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲਾਂ ਵਿੱਚ ਭੇਜਣ ਅਤੇ ਸਹੀ ਡਾਕਟਰੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਫਾਇਰ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ, ਉਨ੍ਹਾਂ ਨੂੰ ਸਵੇਰੇ ਲਗਪਗ 6.30 ਵਜੇ ਇੱਕ ਫੋਨ ਕਾਲ ਰਾਹੀਂ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ, ਕਈ ਲੋਕ ਮੌਕੇ 'ਤੇ ਬੇਹੋਸ਼ ਪਾਏ ਗਏ। ਪੁਲਿਸ ਅਨੁਸਾਰ, ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਅਭਿਸ਼ੇਕ ਮੋਦੀ (30), ਰਾਜੇਂਦਰ ਕੁਮਾਰ (67), ਮੁੰਨੀਭਾਈ (72), ਸੁਮਿਤਰਾ (65), ਇਰਾਜ (2 ਸਾਲ), ਆਰੂਸ਼ੀ ਜੈਨ (17 ਸਾਲ), ਹਰਸ਼ਾਲੀ ਗੁਪਤਾ (7 ਸਾਲ), ਹਾਮੀ (7), ਪ੍ਰਿਆਂਸ਼ (4), ਇਰਾਜ (2), ਰਿਸ਼ਭ (4), ਅਨੂਯਾਨ (3), ਇਦੂ (4) ਅਤੇ ਸ਼ੀਤਜ ਜੈਨ (37 ਸਾਲ) ਵਜੋਂ ਹੋਈ ਹੈ। ਤੇਲੰਗਾਨਾ ਫਾਇਰ ਡਿਜ਼ਾਸਟਰ ਰਿਸਪਾਂਸ ਐਮਰਜੈਂਸੀ ਐਂਡ ਸਿਵਲ ਡਿਫੈਂਸ ਵੱਲੋਂ ਜਾਰੀ ਕੀਤੀ ਗਈ 17 ਮ੍ਰਿਤਕਾਂ ਦੀ ਸੂਚੀ ਵਿੱਚ 10 ਸਾਲ ਤੋਂ ਘੱਟ ਉਮਰ ਦੇ ਅੱਠ ਬੱਚਿਆਂ ਦੇ ਨਾਮ ਸ਼ਾਮਲ ਸਨ। ਸੂਚੀ ਵਿੱਚ ਸਭ ਤੋਂ ਛੋਟੇ ਬੱਚੇ ਦੀ ਪਛਾਣ ਪ੍ਰਥਨ (1.5 ਸਾਲ) ਵਜੋਂ ਹੋਈ ਹੈ।
ਪੀਐਮ ਮੋਦੀ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮਓ ਦੇ ਅਨੁਸਾਰ, ਪੀਐਮ ਮੋਦੀ ਨੇ ਕਿਹਾ ਕਿ ਉਹ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਹੁਤ ਦੁਖੀ ਹਨ। ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਸੰਵੇਦਨਾ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।