ਬਾਬਾ ਬੁੱਢਾ ਜੀ

 
               ਬਾਬਾ ਬੁੱਢਾ ਜੀ ਵਰਗਾ ਸਿੱਖ ਇਤਿਹਾਸ ਵਿੱਚ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸ ਨੇ ਗੁਰੂ ਸਾਹਿਬਾਨ ਦੇ ਨੇੜੇ ਰਹਿ ਕੇ ਐਨਾ ਲੰਮਾ ਸਮਾਂ ਸੇਵਾ ਵਿੱਚ ਗੁਜ਼ਾਰਿਆ ਹੋਵੇਗਾ। ਗੁਰੂ ਕਾਲ ਵਿੱਚ ਗੁਰੂ ਸਾਹਿਬਾਨ ਨੇ ਸਰਬ-ਸਧਾਰਨ ਲੋਕਾਈ ਦੇ ਸਾਹਮਣੇ ਜਿੱਥੇ ਆਦਰਸ਼ ਵਿਅਕਤੀਗਤ ਜੀਵਨ ਦੀ ਉੱਚੀ ਉਦਾਹਰਨ ਰੱਖੀ ਉੱਥੇ ਸਿੱਖੀ ਅਸੂਲਾਂ ਤੇ ਪਹਿਰਾ ਦੇਣ ਵਾਲੇ ਅਮਲੀ ਮਨੁੱਖਾਂ ਦੀ ਘਾੜਤ ਵੀ ਘੜੀ। ਜਿਹੜੇ ਮਨੁੱਖ ਗੁਰੂ ਜੀ ਦੀ ਸਿੱਖੀ ਦੀ ਕਸਵੱਟੀ ਉੱਪਰ ਪੂਰੇ ਉੱਤਰੇ ਉਹ ਸਹੀ ਅਰਥਾਂ ਵਿੱਚ ਗੁਰਸਿੱਖ ਤੇ ਗੁਰਮੁਖ ਅਖਵਾਏ। ਉਸ ਸਮੇਂ ਦੇ ਗੁਰੂ ਕਾਲ ਦੇ ਹਜ਼ਾਰਾਂ ਗੁਰਸਿੱਖਾਂ ਗੁਰਮੁਖਾਂ ਵਿੱਚ ਬਿਨਾਂ ਕਿਸੇ ਵਿਵਾਦ ਦੇ ਬਾਬਾ ਬੁੱਢਾ ਜੀ ਦਾ ਪ੍ਰਥਮ ਸਥਾਨ ਮੰਨਿਆ ਜਾਂਦਾ ਹੈ। ਬਾਬਾ ਬੁੱਢਾ ਜੀ ਨੇ ਆਪਣੀ ਆਯੂ ਦਾ ਇਕ ਸਦੀ ਤੋਂ ਵੀ ਵੱਧ ਦਾ ਸਮਾਂ ਗੁਰ ਉਪਦੇਸ਼ ਨੂੰ ਕਮਾ ਕੇ ਗੁਰੂ ਘਰ ਵਿਚ ਮਹਾਨਤਮ ਰੁਤਬਾ ਪ੍ਰਾਪਤ ਕੀਤਾ।
             ਸਿੱਖ ਇਤਿਹਾਸ ਦੀ ਇਸ ਮਹਾਨ ਸ਼ਖ਼ਸੀਅਤ ਦਾ ਜਨਮ ੭ਕੱਤਕ ੧੫੬੩ ਸੰਮਤ ਭਾਵ 23 ਅਕਤੂਬਰ,1506 ਈ: ਸੰਨ ਵਿੱਚ ਭਾਈ ਸੁੱਘਾ ਜੀ (ਰੰਧਾਵਾ ਜੱਟ) ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। 20-25 ਪਿੰਡਾਂ ਦੇ ਮਾਲਕ ਜੱਟ ਘਰਾਣੇ ਵਿੱਚ ਪੈਦਾ ਹੋਏ ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ। 11-12 ਸਾਲ ਦੀ ਉਮਰੇ 1518 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਉਦੋਂ ਤੋਂ ਹੀ ਗੁਰੂ ਜੀ ਦੇ ਸੇਵਕ ਬਣ ਕੇ ਸਿੱਖੀ ਧਾਰਨ ਕਰਕੇ, ਛੇ ਗੁਰੂ ਸਾਹਿਬਾਨ ਦੀ ਸੰਗਤ ਅਤੇ ਸ੍ਰੀ ਅੰਗਦ ਦੇਵ ਜੀ ਦੂਜੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ  ਹਰਗੋਬਿੰਦ ਜੀ ਤੱਕ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਣ ਦੀਆਂ ਰਸਮਾਂ ਨਿਭਾਉਣ ਦਾ ਮਾਣ ਵੀ ਹਾਸਿਲ  ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਇਹ ਸੁਭਾਗ ਬਾਬਾ ਜੀ ਦੇ ਉੱਤਰਾਧਿਕਾਰੀਆਂ ਨੂੰ ਵੀ ਪ੍ਰਾਪਤ ਹੋਇਆ। ਇਸ ਮਹਾਨ ਸ਼ਖ਼ਸੀਅਤ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ ਗੁਰੂ ਸਾਹਿਬਾਨ ਦੇ ਦਰਸ਼ਨ ਵੀ ਕੀਤੇ।
           ਬਾਬਾ ਜੀ ਦੇ ਪੂਰਵਜਾਂ ਵਿੱਚੋਂ ਅੰਸ਼ ਵੰਸ਼ ਦਾ ਮੋਢੀ ਰੰਧਾਵਾ ਸੀ। ਮੁੱਢਲੀ ਇਤਿਹਾਸਕ ਜਾਣਕਾਰੀ ਅਨੁਸਾਰ ਉਹ ਭੱਟੀ ਰਾਜਪੂਤ ਸਨ ਤੇ ਰਾਜਸਥਾਨ ਦੇ ਬੀਕਾਨੇਰ ਇਲਾਕੇ ਚੋਂ 12ਵੀਂ ਸਦੀ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਣ ਵਸੇ ਸਨ। ਕਿਸੇ ਕਾਰਨ ਉਹ ਮਾਲਵਾ ਖੇਤਰ ਛੱਡ ਕੇ ਮਾਝੇ ਦੇ ਅਜੋਕੇ ਪਿੰਡ ਕੱਥੂਨੰਗਲ ਖੇਤਰ ਵਿਚ ਆ ਕੇ ਆਬਾਦ ਹੋ ਗਏ। ਅੰਮ੍ਰਿਤਸਰ ਤੋਂ 20  ਕਿਲੋਮੀਟਰ ਬਟਾਲੇ ਵੱਲ ਨੂੰ 18 ਕਿਲੋਮੀਟਰ ਉਰ੍ਹਾਂ ਵਸੇ ਕੱਥੂਨੰਗਲ ਦਾ ਨਾਮ ਪਹਿਲਾ ਨਾਮ ਗੱਗੋਨੰਗਲ ਸੀ। ਗੱਗੋ ਜੀ ਬਾਬਾ ਬੁੱਢਾ ਜੀ ਦੇ ਦਾਦਾ ਜੀ ਦਾ ਨਾਮ ਸੀ, ਜਿੰਨ੍ਹਾਂ ਨੇ ਇਸ ਨਗਰ ਨੂੰ ਵਸਾਇਆ ਸੀ, ਤੇ ਇੱਥੇ ਇਕ ਕਿਲ੍ਹਾ ਵੀ ਬਣਵਾਇਆ ਜਿਸ ਅੰਦਰ ਇੱਕ ਖੂਹ ਵੀ ਸੀ।ਗੱਗੋ ਜੀ ਦਾ ਸੰਸਕਾਰ ਕਿਲ੍ਹੇ ਤੋਂ ਥੋੜ੍ਹੀ ਦੂਰ ਕੀਤਾ ਗਿਆ ਸੀ।ਇੱਥੇ ਹੀ ਭਾਈ ਬੂੜਾ ਜੀ ਦਾ ਮੇਲ ਸ੍ਰੀ ਗੁਰੂ  ਨਾਨਕ ਦੇਵ ਜੀ ਨਾਲ ਹੋਇਆ ਸੀ॥ ਉੱਥੇ ਉਹ ਦਾਦਾ ਜੀ ਦੀ ਸਮਾਧ ਕੋਲ ਪ੍ਰਮਾਤਮਾ ਦੇ ਧਿਆਨ ਵਿੱਚ ਬੈਠ ਜਾਇਆ ਕਰਦੇ ਸਨ। ਡੰਗਰ ਚਾਰਦਿਆਂ ਜਦੋਂ ਉਹ ਗੁਰੂ ਸਾਹਿਬ ਜੀ ਨਾਲ ਮੱਥਾ ਟੇਕ ਕੇ ਬਚਨ ਬਿਲਾਸ ਕਰਦੇ ਤਾਂ ਇਸ 11-12 ਸਾਲ ਦੀ ਉਮਰੇ ਉਨ੍ਹਾਂ ਦੀਆਂ ਉੱਚ ਕੋਟੀ ਦੀਆਂ ਵਿਚਾਰਾਂ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਤੂੰ ਬੱਚਾ ਬੁੜ੍ਹਾ ਨਹੀਂ। ਸਿਆਣਪ ਪੱਖੋਂ ਤੇਰੀ ਮੱਤ ਬੁੱਢਿਆਂ ਵਾਲੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਦਾ ਮੌਤ ਤੋਂ ਡਰਨ ਦਾ ਤੌਖ਼ਲਾ ਸੁਣ ਕੇ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਤੇ ਉਦੋਂ ਤੋਂ ਹੀ ਉਨ੍ਹਾਂ ਦਾ ਨਾਮ ਬੁੱਢਾ ਹੋ ਗਿਆ। ਗੁਰੂ ਜੀ ਭਾਈ ਸੱਘੋ ਜੀ ਦੇ ਕਿਲ੍ਹੇ ਵਿਚ ਵੀ ਗਏ ਜਿੱਥੇ ਮਾਤਾ ਗੌਰਾਂ ਜੀ ਨੇ ਆਪ ਜੀ ਦੀ ਬਹੁਤ ਸੇਵਾ ਕੀਤੀ।ਸਮੇਂ ਦੇ ਮੁਗ਼ਲ ਸ਼ਾਸਕ ਦਾ ਬੇਟਾ ਕੱਥੂ ਸ਼ਾਹ ਦਿੱਲੀ ਦੇ ਹਾਕਮ ਨੂੰ ਆਪਣਾ ਮਾਮਲਾ ਦਿਆ ਕਰਦਾ ਸੀ। ਉਸ ਦੇ ਆਉਣ ਨਾਲ ਗੱਗੋਨੰਗਲ ਦਾ ਨਾਮ ਕੱਥੂਨੰਗਲ ਪੈ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਕਰਤਾਰਪੁਰ ਨਗਰ ਵਸਾ ਕੇ “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ” ਦਾ ਉਪਦੇਸ਼ ਦੁਨੀਆਂ ਨੂੰ ਦੇ ਰਹੇ ਸਨ। ਪਹਿਲਾਂ ਤਾਂ ਇਥੋਂ ਦੇ ਚੌਧਰੀ ਕ੍ਰੋੜੀ ਨੇ ਯਤਨ ਕੀਤਾ ਕਿ ਇਹ ਨਗਰ ਨਾ ਵਸੇ। ਪਰ ਜਦੋਂ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਆਪਣੀ 100 (ਇੱਕ ਸੌ) ਵਿੱਘੇ ਜ਼ਮੀਨ ਨਗਰ ਦੇ ਨਾਂ ਕਰ ਦਿੱਤੀ। ਬਹੁਤ ਸਾਰੇ ਸ਼ਰਧਾਲੂ  ਕਰਤਾਰਪੁਰ ਆ ਕੇ ਵੱਸ ਗਏ। ਬਾਬਾ ਬੁੱਢਾ ਜੀ ਘਰ ਦਾ ਕੰਮਕਾਰ ਸੰਭਾਲ ਕੇ ਹਰ ਰੋਜ਼ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਤੇ ਹੱਥੀਂ ਸੰਗਤਾਂ ਦੀ ਸੇਵਾ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਜੀ ਨੂੰ ਬਹੁਤ ਪਿਆਰ ਕਰਦੇ ਸਨ। ਬਾਬਾ ਜੀ ਨੇ ‘ਲੰਡੇ’ ਤੇ ‘ਟਾਕਰੀ’ ਆਪਣੇ ਪਿਤਾ ਜੀ ਤੋਂ ਸਿੱਖੇ ਸਨ। ਗੁਰੂ ਦਰਬਾਰ ਵਿੱਚ ਆ ਕੇ ਉਨ੍ਹਾਂ ਗੁਰੂ ਜੀ ਪਾਸੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਬਾਬਾ ਜੀ ਗੁਰੂ ਜੀ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਪੜ੍ਹਦੇ ਸਨ। ਬਹੁਤ ਸਾਰੀ ਬਾਣੀ ਆਪ ਜੀ ਨੂੰ ਕੰਠ ਹੋ ਗਈ। 
                           ਗੁਰੂ ਸਾਹਿਬ ਜੀ ਦੀ ਆਗਿਆ ਨਾਲ ਉਨ੍ਹਾਂ ਸਤਾਰਾਂ ਸਾਲ ਦੀ ਉਮਰ ਵਿੱਚ ਅੱਚਲ ਪਿੰਡ ਦੀ ਵਸਨੀਕ ਬੀਬੀ ਮਿਰੋਆਂ ਜੀ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਸ਼ਾਦੀ ਕਰਕੇ ਗ੍ਰਹਿਸਤੀ ਜੀਵਨ ਆਰੰਭ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ  ਪਰਿਵਾਰ ਆਪ ਜੀ ਦੇ ਵਿਆਹ ਵਿੱਚ ਸ਼ਾਮਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਭਾਈ ਸੁਧਾਰੀ, ਜੀ ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ ਨੇ ਜਨਮ ਲਿਆ।
           ਕੁੱਝ ਸਮੇਂ ਬਾਅਦ ਬਾਬਾ ਬੁੱਢਾ ਜੀ ਦੇ ਪਿਤਾ ਭਾਈ ਸੁੱਘਾ ਜੀ ਅਕਾਲ ਚਲਾਣਾ ਕਰ ਗਏ। ਜਦੋਂ ਉਨ੍ਹਾਂ ਦਾ ਸੰਸਕਾਰ ਕਰਕੇ ਰਿਸ਼ਤੇਦਾਰਾਂ ਸਮੇਤ ਘਰ ਪਹੁੰਚੇ ਤਾਂ ਮਾਤਾ ਗੌਰਾਂ ਜੀ ਵੀ ਅਕਾਲ ਚਲਾਣਾ ਕਰ ਗਏ। ਪ੍ਰਚੱਲਤ ਕਰਮਕਾਂਡ ਕਰਨ ਦੀ ਬਜਾਏ ਬਾਬਾ ਜੀ ਨੇ ਗੁਰ ਮਰਿਆਦਾ ਅਨੁਸਾਰ ਆਪਣੇ ਮਾਪਿਆਂ ਦੀਆਂ ਅੰਤਮ ਰਸਮਾਂ ਨਿਭਾ ਕੇ ਪੂਰਨ ਗੁਰਸਿੱਖ ਹੋਣ ਦਾ ਸਬੂਤ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਆਪ ਜੀ ਦੇ ਸਿਰ ਤੇ ਜ਼ਿੰਮੇਵਾਰੀ ਦੀ ਦਸਤਾਰ ਸਜਾਈ। ਉਪਰੰਤ ਬਾਬਾ ਜੀ ਕਿਰਤ ਕਰਕੇ ਗ੍ਰਹਿਸਤ ਧਰਮ ਅਤੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਗੁਰੂ ਘਰ ਦੀ ਸੇਵਾ ਵੀ ਕਰਦੇ।
        ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਦੇਖਦਿਆਂ ਆਪਣਾ ਉੱਤਰਾਧਿਕਾਰੀ ਚੁਣ ਕੇ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਜਾਣ ਕੇ ਗੁਰਗੱਦੀ ਤੇ ਬਿਠਾਇਆ। ਤੇ ਬਾਬਾ ਜੀ ਤੋਂ ਤਿਲਕ ਲਗਾਉਣ ਦੀ ਰਸਮ ਕਰਵਾਈ ਤੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ।
            ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਬਾਬਾ ਜੀ ਖਡੂਰ ਸਾਹਿਬ ਆ ਗਏ। ਉੱਥੇ ਨਵੀਂ ਧਰਮਸ਼ਾਲ ਸਥਾਪਤ ਕੀਤੀ। ਗੁਰੂ ਪੁੱਤਰਾਂ ਦੇ ਵਿਰੋਧ ਕਾਰਨ ਸੀ ਗੁਰੂ ਅੰਗਦ ਦੇਵ ਜੀ ਮਾਤਾ ਭਿਰਾਈ ਜੀ ਪਾਸ ਗੁਪਤਵਾਸ ਹੋ ਗਏ। ਸੰਗਤਾਂ ਦੇ ਉਤਾਵਲੇਪਣ ਨੂੰ ਦੂਰ ਕਰਨ ਲਈ ਬਾਬਾ ਬੁੱਢਾ ਜੀ ਨੇ ਮਾਤਾ ਭਰਾਈ ਜੀ ਰਾਹੀਂ ਗੁਰੂ ਜੀ ਦੀ ਛੁਪਣਗਾਹ ਲੱਭ ਲਈ। ਭਾਈ ਬਲਵੰਡ ਜੀ ਨੂੰ ਕੀਰਤਨ ਕਰਨ ਲਈ ਕਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਾਹਰ ਆ ਗਏ। ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਤ੍ਰਿਪਤ ਹੋਈਆਂ।
        ਕਰਤਾਰਪੁਰ ਵੱਲ ਰਾਵੀ ਦਰਿਆ ਦਾ ਰੁਖ ਹੋਣ ਕਰਕੇ ਹਰ ਸਾਲ ਹੜ੍ਹ ਆ ਜਾਂਦੇ ਸਨ। ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਗੁਰੂ ਪੁੱਤਰਾਂ ਨੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਇਕ ਯਾਦਗਾਰੀ ਨਗਰ ਵਸਾਉਣ ਦੀ ਯੋਜਨਾ ਬਣਾਈ। ਬਾਬਾ ਸ੍ਰੀ ਚੰਦ ਜੀ ਨੇ ਗੁਰੂ ਜੀ ਦੇ ਪਿਆਰੇ ਸਿੱਖ ‘ਕਮਲੀਆ ਜੀ’ ਨੂੰ ਬਾਬਾ ਬੁੱਢਾ ਜੀ ਪਾਸ ਭੇਜ ਕੇ ਨਗਰ ਵਸਾਉਣ  ਦੀ ਯੋਜਨਾ ਬਾਰੇ ਦੱਸਿਆ। ਦਰਿਆ ਪਾਰ ਉੱਚੇ ਰਮਣੀਕ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ‘ਡੇਰਾ ਬਾਬਾ ਨਾਨਕ’ ਨਾਂ ਦੇ ਨਗਰ ਦੀ ਨੀਂਹ ਰੱਖੀ ਗਈ।
          ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਹਿਣ ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਸਾਂਭ ਕੇ ਇਕ ਪਾਠਸ਼ਾਲਾ ਵੀ ਖੋਲ੍ਹੀ। ਇਕ ਸਾਲ ਮੀਂਹ ਨਾ ਪੈਣ ਕਾਰਨ ਇਕ ‘ਪਾਖੰਡੀ ਤਪੇ’ ਸ਼ਿਵਨਾਥ ਨੇ ਅੰਧ ਵਿਸ਼ਵਾਸੀ ਲੋਕਾਂ ਨੂੰ ਭੜਕਾ ਦਿੱਤਾ ਕਿ ਗੁਰੂ ਸਾਹਿਬ ਦੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ। ਪਤਾ ਲੱਗਣ ਤੇ ਗੁਰੂ ਸਾਹਿਬ ਜੀ ਪਿੰਡ ਛੱਡ ਕੇ ਚਲੇ ਗਏ। ਮੀਂਹ ਫੇਰ ਵੀ ਨਾ ਪਿਆ। ਤਾਂ ਲੋਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਹ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਲੱਭ ਕੇ ਮੁਆਫੀ ਮੰਗ ਕੇ ਵਾਪਸ ਲੈ ਕੇ ਆਏ।
          ‘ਗੋਇੰਦੇ’ ਖੱਤਰੀ ਦੇ ਗੁਰੂ ਸਾਹਿਬ ਜੀ ਦੀ ਸ਼ਰਨ ਆਉਣ ਤੇ ਗੁਰੂ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨਾਲ ਰਲ ਕੇ ਬਾਬਾ ਬੁੱਢਾ ਜੀ ਨੇ ਬਿਆਸ ਦਰਿਆ ਕੰਢੇ 1546 ਵਿੱਚ ਗੋਇੰਦਵਾਲ ਨਗਰ ਵਸਾਇਆ। ਇੱਥੇ ਵੀ ਬਾਬਾ ਜੀ ਗੁਰੂ ਦਰਬਾਰ ਵਿੱਚ ਸੇਵਾ ਕਰਦੇ ਰਹੇ। ਗੁਰੂ ਅੰਗਦ ਦੇਵ ਜੀ ਨੇ ਅੰਤਮ ਸਮਾਂ ਨੇੜੇ ਜਾਣ ਕੇ ਸੇਵਾ ਤੇ ਸਿਮਰਨ ਦੇ ਪੁੰਜ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਬਾਬਾ ਜੀ ਪਾਸੋਂ ਤਿਲਕ ਲਗਵਾ ਕੇ ਗੁਰਗੱਦੀ ਸੌਂਪ ਦਿੱਤੀ। ਗੁਰੂ ਪੁੱਤਰ ਬਾਬਾ ਦਾਤੂ ਜੀ ਨੇ ਗੱਦੀ ਤੇ ਹੱਕ ਜਿਤਾਉਂਦਿਆਂ ਗੁਰੂ ਜੀ ਦਾ ਨਿਰਾਦਰ ਕੀਤਾ। ਬਾਬਾ ਬੁੱਢਾ ਜੀ ਸਹਿਣ ਨਾ ਕਰ ਸਕੇ। ਅਤੇ ਸੰਗਤਾਂ ਨੂੰ ਸਮਝਾਇਆ ਕਿ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਗੱਦੀ ਗੁਰੂ ਅਮਰਦਾਸ ਜੀ ਨੂੰ ਮੇਰੇ ਕੋਲੋਂ ਤਿਲਕ ਲਗਵਾ ਕੇ ਆਪ ਸੌਂਪੀ ਹੈ। ਦਾਤੂ ਜੀ ਦੇ ਝਗੜੇ ਕਾਰਨ ਸ੍ਰੀ ਗੁਰੂ ਅਮਰਦਾਸ ਜੀ  ਗੋਇੰਦਵਾਲ ਛੱਡ ਕੇ ਪਿੰਡ ਬਾਸਰਕੇ ਆ ਕੇ ਇਕ ਕਮਰੇ ਵਿਚ ਬੂਹਾ ਬਾਹਰੋਂ ਬੰਦ ਕਰਵਾ ਕੇ ਬੰਦਗੀ ਕਰਨ ਬੈਠ ਗਏ। ਗੋਇੰਦਵਾਲ ਸੰਗਤਾਂ ਦਰਸ਼ਨ ਨਾ ਪਾ ਕੇ ਵਿਆਕੁਲ ਹੋ ਜਾਂਦੀਆਂ। ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਤਾਂ ਸੰਗਤਾਂ ਸੰਗ ਬਾਸਰਕੇ ਜਾ ਕੇ ਗੁਰੂ ਅਵੱਗਿਆ ਨਾ ਕਰਦਿਆਂ ਪਿੱਛੋਂ ਕਮਰੇ ਨੂੰ ਸੰਨ੍ਹ ਲਾ ਕੇ ਦਰਸ਼ਨ ਕਰਕੇ ਗਲਤੀ ਦੀ ਖਿਮਾ ਮੰਗੀ। ਜਦੋਂ ਗੁਰੂ ਜੀ ਨੇ ਹੁਕਮ ਦੀ ਉਲੰਘਣਾ ਕਰਨ ਦੀ ਗੱਲ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ,”ਜੀ ਉਲੰਘਣਾ ਨਹੀਂ ਕੀਤੀ। ਦੇਖੋ  ਬੂਹਾ ਉਵੇਂ ਬੰਦ ਪਿਆ ਹੈ। ਸੇਵਕ ਤਾਂ ਪਿੱਛੋਂ ਸੰਨ੍ਹ ਲਾ ਕੇ ਅੰਦਰ ਆਇਆ ਹੈ ਜੀ।” ਗੁਰੂ ਜੀ ਨੇ ਇਸ ਸੂਖਮ ਸੂਝ ਤੋਂ ਪ੍ਰਭਾਵਤ ਹੋ ਕੇ ਬਾਬਾ ਜੀ ਨੂੰ ਮੁਆਫ਼ ਕਰ  ਕਰ ਦਿੱਤਾ। ਬਾਬਾ ਬੁੱਢਾ ਜੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕਰ ਕੇ ਸੰਗਤ ਸਮੇਤ ਗੋਇੰਦਵਾਲ ਵਾਪਸ ਆ ਗਏ।
                       ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਆ ਕੇ ਮਹਿਸੂਸ ਕੀਤਾ ਕਿ ਸੰਗਤਾਂ ਵਿਚੋਂ ਸੁੱਚ-ਭਿੱਟ ਦੀ ਬੁਰਾਈ ਦਾ ਅੰਤ ਨਹੀਂ ਹੋਇਆ।ਇਸ ਮਾੜੀ ਪ੍ਰਥਾ ਦਾ ਅੰਤ ਕਰਨ ਲਈ ਬਾਉਲੀ ਬਣਾਉਣ ਦਾ ਕਾਰਜ ਕੀਤਾ। ਤਾਂ ਕਿ ਹਰ ਇਲਾਕੇ ਦੇ ਮਨੁੱਖ ਇੱਥੇ ਇਸ਼ਨਾਨ ਕਰਕੇ ਵਿਤਕਰਿਆਂ ਦੀ ਚੁਰਾਸੀ ਤੋਂ ਮੁਕਤ ਹੋ ਸਕਣ। ਗੁਰੂ ਜੀ ਦੇ ਹੁਕਮ ਤੇ ਬਾਉਲੀ ਦਾ ਪਹਿਲਾ ਟੱਕ ਬਾਬਾ ਜੀ ਲਾ ਕੇ ਛੇ ਸਾਲ ਵਿੱਚ ਆਪਣੀ ਦੇਖ ਰੇਖ ਤੇ ਜ਼ਿੰਮੇਵਾਰੀ ਨਾਲ ਬਾਉਲੀ ਦੀ ਉਸਾਰੀ ਨੂੰ ਸੰਪੂਰਨ ਕਰਵਾਇਆ। ਸ੍ਰੀ ਗੁਰੂ ਅਮਰ ਦਾਸ ਜੀ ਨੇ ਸਿੱਖੀ ਦਾ ਵਧਦਾ ਫੈਲਾਅ ਦੇਖ ਕੇ ਸਿੱਖੀ ਦੇ ਪ੍ਰਚਾਰ ਲਈ 22 (ਬਾਈ) ਮੰਜੀਆਂ ਸਥਾਪਤ ਕੀਤੀਆਂ। ਮੰਜੀ ਪ੍ਰਥਾ ਦਾ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਨੂੰ ਹੀ ਥਾਪਿਆ ਗਿਆ।
             ਜਦੋਂ ਮੁਗ਼ਲ ਬਾਦਸ਼ਾਹ ਅਕਬਰ ਪਹਿਲੀ ਵਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਬਾਬਾ ਜੀ ਨੇ ਬਾਦਸ਼ਾਹ ਨੂੰ ਸਿੱਖੀ ਦੇ ‘ਨਿਰਮਲ ਪੰਥ’ ਬਾਰੇ ਦੱਸਿਆ। ਅਕਬਰ ਬਾਦਸ਼ਾਹ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਗੁਰੂ ਜੀ ਦੇ ਦਰਸ਼ਨ ਕਰ ਕੇ  ਬਹੁਤ ਪ੍ਰਭਾਵਤ ਹੋਇਆ। ਅਤੇ ਜਾਂਦੇ ਸਮੇਂ ਤਿੰਨ ਪਿੰਡ ਬੀਬੀ ਭਾਨੀ ਜੀ ਦੇ ਨਾਂ ਲਗਾ ਗਿਆ। ਜਿੰਨਾ ਚਿਰ ਜਿਉਂਦਾ ਰਿਹਾ ਹਰ ਸਾਲ ਵਿਸਾਖੀ ਤੇ ਇਕ ਲੱਖ ਪੱਚੀ ਹਜ਼ਾਰ ਭੇਟਾ ਵਜੋਂ ਭੇਜਦਾ ਰਿਹਾ। ਇਹਨਾਂ ਮਿਲੇ ਪਿੰਡਾਂ ਦੀ ਥਾਂ ਬਾਬਾ ਜੀ ਨੇ ‘ਗੁਰੂ ਕੀ ਰੱਖ’ ਬਣਾਈ ਜਿੱਥੇ ਪਸ਼ੂ ਪੰਛੀ ਖੁੱਲ੍ਹੇ ਫਿਰਦੇ ਸਨ। ਇਕ ਸੁੰਦਰ ਬਾਗ ਵੀ ਬਾਬਾ ਜੀ ਨੇ ਲਗਵਾਇਆ ਦੁਧਾਰੂ ਪਸ਼ੂ ਰੱਖੇ ਅਤੇ ਹਰ ਰੋਜ਼ ਦੁੱਧ ਗੁਰੂ ਕੇ ਲੰਗਰਾਂ ਵਿੱਚ ਜਾਂਦਾ ਸੀ।
             ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਯੋਗ ਉੱਤਰਾਧਿਕਾਰੀ ਭਾਈ ਜੇਠਾ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਬਣਾ ਕੇ ਬਾਬਾ ਜੀ ਹੱਥੋਂ ਤਿਲਕ ਲਗਵਾ ਕੇ ਗੁਰਗੱਦੀ  ਸੌਂਪ ਦਿੱਤੀ। ਉਪਰੰਤ 1574 ਵਿੱਚ ਗੁਰੂ ਜੀ ਆਪ ਜੋਤੀ ਜੋਤ ਸਮਾ ਗਏ। ਬਾਬਾ ਬੁੱਢਾ ਜੀ ਨੇ ਸਾਰੀਆਂ ਰਸਮਾਂ ਆਪਣੇ ਹੱਥੀਂ ਕੀਤੀਆਂ। ਗੁਰੂ ਪੱਤਰ ਬਾਬਾ ਮੋਹਨ ਜੀ ਨਾਰਾਜ਼ ਹੋ ਗਏ ਪ੍ਰੰਤੂ ਬਾਬਾ ਮੋਹਰੀ ਜੀ ਨੇ ਸਾਥ ਦਿੱਤਾ।
         ਅੰਮ੍ਰਿਤਸਰ ਸਾਹਿਬ ਵੀ ਬਾਬਾ ਬੁੱਢਾ ਜੀ ਨੇ ਬੜੀ ਸੇਵਾ ਕੀਤੀ। ਚੌਥੇ ਗੁਰੂ ਜੀ ਨੇ ਤੀਜੇ ਗੁਰੂ ਜੀ ਦੇ ਹੁਕਮ ਅਨੁਸਾਰ ਸੰਨ 1570 ਈਸਵੀ ਵਿੱਚ ‘ਸੰਤੋਖਸਰ ਸਰੋਵਰ’ ਦਾ ਟੱਕ ਲਗਾ ਕੇ ‘ਗੁਰੂ ਕਾ ਚੱਕ’ ਨਗਰ ਵਸਾਉਣ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ। 1577 ਵਿੱਚ ਬਾਬਾ ਜੀ ਦੀ ਦੇਖ ਰੇਖ ਵਿਚ ਵੱਡੇ ਸਰੋਵਰ ਜਿਸ ਦਾ ਨਾਂ ‘ਅੰਮ੍ਰਿਤ ਸਰ’ ਪ੍ਰਸਿੱਧ ਹੋ ਗਿਆ ਦੀ ਸੇਵਾ ਕਰਵਾਈ। ਗੁਰੂ ਰਾਮਦਾਸ ਜੀ ਨੇ ਆਪ ‘ਦੁੱਖ ਭੰਜਨੀ ਬੇਰੀ’ ਕੋਲ ਟੱਕ ਲਗਾਇਆ ਸੀ। ਜੋ ਅੱਜ ‘ਬੇਰ ਬਾਬਾ ਬੁੱਢਾ ਜੀ’ ਹੈ ਉਸ ਬੇਰ ਦੇ ਰੁੱਖ ਹੇਠਾਂ ਬੈਠ ਕੇ ਬਾਬਾ ਬੁੱਢਾ ਜੀ ਨੇ ਸੇਵਾ ਕਰਵਾਈ। ਸ੍ਰੀ ਗੁਰੂ ਅਰਜਨ ਸਾਹਿਬ ਨੇ ਇਸ ਸਰੋਵਰ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਪਾਸੋਂ 1588 ਵਿੱਚ ਰਖਵਾਈ। ਉਹ ਸੇਵਾ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਵਿੱਚ ਬਾਬਾ ਬੁੱਢਾ ਜੀ ਤੋਂ ਹੀ ਕਰਵਾਈ।
          ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ, ਤੇ (ਗੁਰੂ) ਅਰਜਨ ਦੇਵ ਜੀ ਵਿੱਚੋਂ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦੀ  ਜ਼ਿੰਮੇਵਾਰੀ ਸੌਂਪੀ। ਬਾਬਾ ਬੁੱਢਾ ਜੀ ਤੋਂ ਗੁਰਿਆਈ ਦੀਆਂ ਰਸਮਾਂ ਪੂਰੀਆਂ ਕਰਵਾ ਕੇ ਚੌਥੇ ਗੁਰੂ ਜੀ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਉਸਾਰੀ ਦੇ ਸਾਰੇ ਕੰਮਾਂ ਦਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਹੀ ਸੰਭਾਲ ਦਿੱਤਾ। ਪ੍ਰਿਥੀ ਚੰਦ ਨੇ ਗੁਰ ਗੱਦੀ ਤੇ ਹੱਕ ਹੱਕ ਜਤਾਇਆ ਪਰ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਸੁਚੇਤ ਕਰਕੇ ਗੁਰੂ ਘਰ ਨਾਲ ਜੋੜੀ ਰੱਖਿਆ।
                        ਸੰਨ 1590 ਈਸਵੀ ਧਰਮ ਪ੍ਰਚਾਰ ਤੇ ਜਾਣ ਸਮੇਂ ਪੰਜਵੇਂ ਪਾਤਸ਼ਾਹ ਜੀ ਨੇ ‘ਬਾਬੇ ਦੀ ਬੀੜ’ ਵਿੱਚੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਅਤੇ ਤਰਨ ਤਾਰਨ ਵਾਲੇ ਅਸਥਾਨ ਤੇ ਇੱਕ ਨਗਰ ਵਸਾਉਣ ਅਤੇ ਚੌੜਾ ਸਰੋਵਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਬਾਬਾ ਜੀ  ਨੇ ਉਸ ਇਲਾਕੇ ਦੇ ਤਿੰਨ ਪਿੰਡਾਂ ਦੇ ਚੌਧਰੀਆਂ ਤੋਂ 1800 ਵਿੱਘੇ ਜ਼ਮੀਨ ਮੁੱਲ ਲੈ ਕੇ 1590 ਈ: ਵਿੱਚ ਤਰਨਤਾਰਨ ਦੀ ਨੀਂਹ ਰੱਖੀ ਅਤੇ ਵੱਡਾ ਸਰੋਵਰ ਬਣਵਾਇਆ।                                                                                       
               ਗੁਰੂ ਜੀ ਕੇ ਮਹਿਲ ਮਾਤਾ ਗੰਗਾ ਜੀ ਗੁਰੂ ਦਰਬਾਰ ਵਿੱਚ ਆਉਂਦੀ ਸੰਗਤ ਦੀ ਸੇਵਾ ਬਹੁਤ ਸ਼ਰਧਾ ਨਾਲ ਕਰਦੇ ਸਨ। ਇੱਕ ਵਾਰ ਮਾਤਾ ਗੰਗਾ ਜੀ ਗੁਰੂ ਜੀ ਦੀ ਆਗਿਆ ਨਾਲ ਬਾਬਾ ਬੁੱਢਾ ਜੀ ਅਤੇ ਸੰਗਤ ਲਈ ਲੰਗਰ (‘ਮਿੱਸੇ ਪ੍ਰਸ਼ਾਦੇ, ਲੱਸੀ ਤੇ ਗੰਢੇ ਆਦਿ) ਲੈ ਕੇ ‘ਬਾਬੇ ਦੀ ਬੀੜ’ (ਝਬਾਲ) ਪਹੁੰਚੇ। ਬਾਬਾ ਜੀ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਿਆ ਅਤੇ ਮਾਤਾ ਗੰਗਾ ਜੀ ਨੂੰ ਮਹਾਂਬਲੀ ਪੁੱਤਰ ਹੋਣ ਦੀ ਅਸੀਸ ਦਿੱਤੀ।
               ਬਾਲ ਗੁਰੂ ਸ੍ਰੀ (ਗੁਰੂ) ਹਰਗੋਬਿੰਦ ਸਾਹਿਬ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੱਖਰੀ ਵਿੱਦਿਆ, ਸ਼ਾਸਤਰ ਵਿੱਦਿਆ ਅਤੇ ਘੋੜ ਸਵਾਰੀ ਦੀ ਸਿਖਲਾਈ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪਣ ਲਈ ‘ਬਾਬੇ ਦੀ ਬੀੜ’ ਵਿੱਚ ਉਂਗਲ ਫੜ ਕੇ ਆਪ ਲੈ ਕੇ ਆਏ। ਬਾਬਾ ਜੀ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਇਹ ਜ਼ਿੰਮੇਵਾਰੀ ਨਿਭਾਈ।
                       ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬੀੜ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦੀ ਤਿਆਰੀ ਸ਼ੁਰੂ ਕੀਤੀ ਤਾਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਨ ਦੀ ਅਦੁੱਤੀ ਸੇਵਾ ਬਾਬਾ ਬੁੱਢਾ ਜੀ ਨੇ ਨਿਭਾਈ। ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕੇ ਬਾਬਾ ਜੀ ਆਦਰ ਸਹਿਤ ਪਾਲਕੀ ਵਿੱਚ ਰੱਖ ਕੇ ਅੰਮ੍ਰਿਤਸਰ ਪੁੱਜੇ। ਤਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਲੈਣ ਲਈ ਆਏ। ਪਵਿੱਤਰ ਗ੍ਰੰਥ ਤਿਆਰ ਹੋਣ ਉਪਰੰਤ ਬਾਬਾ ਬੁੱਢਾ ਜੀ ਦੇ ਸਿਰ ਉੱਪਰ ਸਜਾ ਕੇ ਹਰਿਮੰਦਰ ਸਾਹਿਬ ਪਹੁੰਚੇ। ਬਾਬਾ ਬੁੱਢਾ ਜੀ ਨੂੰ ਹੀ ਪਹਿਲੇ ਗ੍ਰੰਥੀ ਹੋਣ ਦਾ ਮਾਣ ਗੁਰੂ ਅਰਜਨ ਦੇਵ ਜੀ ਨੇ ਬਖ਼ਸ਼ਿਆ। ਮੰਜੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮਨਾਮਾ ਲੈਣ ਲਈ ਆਦੇਸ਼ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਹੁਕਮਨਾਮਾ:-
         ਸੂਹੀ ਮਹਲਾ ੫ 
 “ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ………..॥”
                             (ਅੰਗ ੭੮੩)
 ਸੰਗਤਾਂ ਨੂੰ ਬਾਬਾ ਬੁੱਢਾ ਜੀ ਨੇ ਸਰਵਣ ਕਰਾਇਆ।
                   ਜਦੋਂ ਪੰਚਮ ਪਾਤਸ਼ਾਹ ਲਾਹੌਰ ਲਈ ਰਵਾਨਾ ਹੋਏ ਤਾਂ ਸਾਹਿਬਜ਼ਾਦਾ ਸ੍ਰੀ (ਗੁਰੂ) ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦਾ ਮਾਲਕ ਐਲਾਨ ਕਰਕੇ ਗਏ। ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ  ਗੁਰਿਆਈ ਦਾ ਤਿਲਕ ਲਗਾ ਕੇ ਗੁਰੂ ਆਦੇਸ਼ ਅਨੁਸਾਰ ਉਹਨਾ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ‘ਅਕਾਲ ਬੁੰਗੇ’ (ਸ੍ਰੀ ਅਕਾਲ ਤਖ਼ਤ) ਦੀ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਆਪ ਖੁਦ ਕੀਤੀ।
         ਮੁਗਲ ਹਕੂਮਤ ਤੋਂ ਛੇਵੇਂ ਪਾਤਸ਼ਾਹ ਜੀ ਦੀ ਚੜ੍ਹਤ ਬਰਦਾਸ਼ਤ ਨਾ ਹੋਈ। ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ‘ਚੌਂਕੀ ਸਾਹਿਬ’ ਦੀ ਰੀਤ ਚਲਾਈ ਜੋ ਅੱਜ ਵੀ ਜਾਰੀ ਹੈ। ਮਾਤਾ ਜੀ ਦੇ ਹੁਕਮ ਤੇ ਬਾਬਾ ਬੁੱਢਾ ਜੀ  ਗਵਾਲੀਅਰ ਗਏ ਅਤੇ ਦਰਸ਼ਨਾਂ ਦੀ ਆਗਿਆ ਨਾ ਹੋਣ ਤੇ ਗੁਰੂ ਜੱਸ ਕਰਦਿਆਂ ਕਿਲ੍ਹੇ ਦੀ ਪਰਿਕਰਮਾ ਕਰਨ ਲੱਗ ਪਏ। ਜਦੋਂ ਗੁਰੂ ਜੀ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਅੰਮ੍ਰਿਤਸਰ ਆਏ ਤਾਂ ਬਾਬਾ ਬੁੱਢਾ ਜੀ ਨੇ ਪਹਿਲੀ ਦੀਪਮਾਲਾ ਕੀਤੀ।
         ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਦੀ ਪੂਰੀ ਸਿੱਖਿਆ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਵੀ ਬਾਬਾ ਬੁੱਢਾ ਜੀ ਅੱਗੇ ਸੀਸ ਝੁਕਾਇਆ। ਉਹਨਾਂ ਨੇ ਅਸੀਸਾਂ ਵੀ ਦਿੱਤੀਆਂ ਤੇ ਸਿੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ  ਵੀ ਨਿਭਾਈ। 
          ਛੇਵੇਂ ਗੁਰੂ ਜੀ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਰਮਦਾਸ ਆ ਗਏ। ਹੁਣ ਆਪ ਜੀ ਬਹੁਤ ਬਿਰਧ ਹੋ ਚੁੱਕੇ ਸਨ। ਅੰਤਮ ਸਮਾਂ ਨੇੜੇ ਜਾਣ ਕੇ ਉਨ੍ਹਾਂ ਗੁਰੂ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੇਨਤੀ ਪ੍ਰਵਾਨ ਕਰਕੇ ਰਮਦਾਸ ਪਹੁੰਚੇ। ਬਾਬਾ ਜੀ ਨੇ ਆਖ਼ਰੀ ਜੀਵਨ ਦੀ ਖ਼ੁਸ਼ੀ ਪ੍ਰਤੀਤ ਕੀਤੀ। ਬਾਬਾ ਜੀ ਇੱਕ ਸੌ ਪੱਚੀ ਸਾਲ ਦੀ ਆਯੂ ਭੋਗ ਕੇ ਸੰਨ 1631 ਈਸਵੀ ਵਿੱਚ ਨਵੰਬਰ ਦੇ ਆਖ਼ਰੀ ਦਿਨਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿਚ ਸੁਆਸ ਤਿਆਗ ਗਏ। ਗੁਰੂ ਜੀ ਨੇ ਬਾਬਾ ਜੀ ਦੀ ਅੰਤਮ ਸੰਸਕਾਰ ਦੀ ਰਸਮ ਨੂੰ ਆਪਣੇ ਹੱਥੀਂ ਨਿਭਾਇਆ। ਪਿਆਰੇ ਦੇ ਵੈਰਾਗ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਨੇ ਨੀਰ ਵੀ ਵਹਾਇਆ।
                   ਬਾਬਾ ਬੁੱਢਾ ਜੀ ਅਕਾਲ ਚਲਾਣੇ ਪਿੱਛੋਂ ਉਹਨਾ ਦੇ ਸਪੁੱਤਰ ਭਾਈ ਭਾਨਾ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ, ਭਾਈ ਭਾਨਾ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਗੁਰਦਿੱਤਾ ਜੀ ਦੇ ਸਪੁੱਤਰ ਭਾਈ ਰਾਮ ਕੁਇਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਣ ਦੀ ਰਸਮ ਨਿਭਾਈ। ਬਾਬਾ ਜੀ ਦੇ ਪੁੱਤ-ਪੋਤਰੇ ਗੁਰੂ ਸੇਵਾ ਵਿੱਚ ਲੱਗੇ ਹੀ ਰਹੇ। ਭਾਈ ਰਾਮ ਕੁਇਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੰਘ ਸਜ ਕੇ ਭਾਈ ਗੁਰਬਖ਼ਸ਼ ਸਿੰਘ ਬਣ ਗਏ। 
            ਉਨ੍ਹਾਂ ਪਿੱਛੋਂ ਭਾਈ ਗੁਰਬਖ਼ਸ਼ ਸਿੰਘ ਜੀ ਦੇ ਸਪੁੱਤਰ ਭਾਈ ਮੋਹਰ ਸਿੰਘ ਤੇ ਭਾਈ ਅਨੂਪ ਸਿੰਘ ਤੇ ਉਹਨਾ ਤੋਂ ਉਪਰੰਤ ਭਾਈ ਸ਼ਾਮ ਸਿੰਘ ਤੇ ਇਸ ਤੋਂ ਪਿੱਛੋਂ ਭਾਈ ਕਾਨ੍ਹ ਸਿੰਘ ਤੇ ਉਨ੍ਹਾਂ ਤੋਂ ਬਾਅਦ ਭਾਈ ਸੁਜਾਨ ਸਿੰਘ ਗੁਰੂ ਘਰ ਨਾਲ ਜੁੜੇ ਰਹੇ। ਇਹ ਮਾਣ ਬਾਬਾ ਬੁੱਢਾ ਜੀ ਦੇ ਹਿੱਸੇ ਹੀ ਆਇਆ ਕਿ ਉਨ੍ਹਾਂ ਨੇ ਗੁਰ ਉਪਦੇਸ਼ ਦਾ ਪ੍ਰਚਾਰ ਅਤੇ ਗੁਰੂ ਦਰਬਾਰ ਦੀ ਸੇਵਾ ਦਾ ਕਾਰਜ ਇਕ ਸਦੀ ਤੋਂ ਵੱਧ ਲਗਪਗ ਇੱਕ ਸੌ ਤੇਰਾਂ (113) ਸਾਲ ਅਤੇ ਪਿੱਛੋਂ ਉਨ੍ਹਾਂ ਦੇ ਖਾਨਦਾਨ ਨੇ ਵੀ ਨਿਭਾਇਆ।
            ਬਾਬਾ ਜੀ ਦੀ ਯਾਦ ਵਿਚ ਅਕਤੂਬਰ ਦੀਆਂ ਛੇ ਸੱਤ ਅੱਠ ਮਿਤੀਆਂ (ਇਸ ਸਾਲ 6 ਤੇ 7 ਅਕਤੂਬਰ) ਨੂੰ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਉਨ੍ਹਾਂ ਦੇ ਨਾਮ ਨਾਲ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਅਤੇ ਅਕਤੂਬਰ ਦੇ ਅੰਤ ਨੇੜੇ (ਇਸ ਸਾਲ 23 ਅਕਤੂਬਰ ਨੂੰ) ਜਨਮ ਅਸਥਾਨ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜੋੜ ਮੇਲੇ ਵਿੱਚ ਸੰਗਤਾਂ ਉਨ੍ਹਾਂ ਨੂੰ ਸ਼ਰਧਾ ਅਤੇ ਸਨਮਾਨ ਨਾਲ ਨਮਨ ਕਰਨ ਲਈ ਜੁੜਦੀਆਂ ਹਨ। ਸਿੱਖੀ ਅਤੇ ਸੇਵਾ ਨੂੰ ਸਮਰਪਿਤ ਇਸ ਮਹਾਨ ਤੇ ਸਤਿਕਾਰਯੋਗ ਸ਼ਖ਼ਸੀਅਤ ਨੂੰ ਹਰ ਸਿੱਖ ਨਮਨ ਕਰਦਾ ਹੈ।