ਪੰਜਾਬ ਦੀਆਂ ਰੁੱਤਾਂ

ਪੰਜਾਬ ਦੇ ਖੁਸ਼ਗਵਾਰ ਮੌਸਮ ਦਾ ਇਨਸਾਨੀ ਜੀਵਨ ਵਿੱਚ ਖਾਸ ਮਹੱਤਵ ਹੈ । ਪੰਜਾਬੀਆਂ ਦਾ ਸਿਹਮੰਦ ਹੋਣਾ ਇੱਥੋਂ ਦੇ ਪੌਣਪਾਣੀ ਅਤੇ ਜਲਵਾਯੂ ਕਾਰਨ ਹੈ । ਆਯੁਰਵੈਦ ਦੇ ਪਿਤਾਮਾ ਮੰਨੇ ਜਾਂਦੇ ਭਾਰਤ ਵਿੱਚ ਕੁਦਰਤੀ ਇਲਾਜ਼ ਪ੍ਰਣਾਲੀ ਰਾਹੀਂ ਕੁਦਰਤ ਦੇ 5 ਮੁੱਖ ਸ੍ਰੋਤਾਂ ਭਾਵ ਧਰਤੀ , ਆਕਾਸ਼ , ਜਲ , ਪ੍ਰਿਥਵੀ ਅਤੇ ਅਗਨੀ ਦੁਆਰਾ ਹੀ ਬਿਨਾ ਦਵਾਈਆਂ ਦੇ ਪ੍ਰਯੋਗ ਕੀਤਿਆਂ ਅਸੀਂ ਸਿਹਤਮੰਦ , ਨਿਰੋਗੀ ਅਤੇ ਤੰਦਰੁਸਤ ਜੀਵਨ ਜਿਉਂ ਸਕਦੇ ਹਾਂ । ਜਲਵਾਯੂ ਪੱਖੋਂ ਪੰਜਾਬ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ । ਇੱਥੇ ਮੌਸਮ ਸਮੇਂ-ਸਮੇਂ ‘ਤੇ ਅਨੇਕਾਂ ਰੰਗ ਬਦਲਦਾ ਹੈ ।ਪੰਜਾਬ ਵਿੱਚ ਬਦਲਦੇ ਮੌਸਮ ਨਾਲ ਗਰਮੀ ਅਤੇ ਸਰਦੀ ਦੀਆਂ ਰੁੱਤਾਂ ਦੇ ਨਾਲ-ਨਾਲ ਬਸੰਤ ਰੁੱਤ, ਪੱਤਝੜ ਰੁੱਤ, ਵਰਖਾ ਰੁੱਤ ਤੇ ਸੀਤ ਰੁੱਤ ਸਮੇਤ ਕੁੱਲ 6 ਰੁੱਤਾਂ ਵਾਰੋ-ਵਾਰੀ ਆਉਂਦੀਆਂ ਹਨ , ਜੋ ਹੇਠ ਲਿਖੀਆਂ ਹਨ -

1) ਬਸੰਤ ਰੁੱਤ : ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਵਿੱਚੋਂ ਸਭ ਤੋਂ ਹਰਮਨ ਪਿਆਰੀ ਅਤੇ ਸੁਹਾਵਣੀ ਰੁੱਤ ਮੰਨੀ ਜਾਣ ਵਾਲੀ ਰੁੱਤ ਹੈ । ਇਹ ਨਵੇਂ ਫੁੱਲ ਅਤੇ ਨਵੇਂ ਪੱਤਿਆਂ ਦੇ ਆਉਣ ਦੀ ਰੁੱਤ ਹੈ । ਇਹ ਦੇਸੀ ਸਾਲ ਦੇ ਪਹਿਲੇ ਮਹੀਨੇ ਚੇਤਰ ਵਿੱਚ ਆਰੰਭ ਹੋ ਕੇ ਵਿਸਾਖ ਮਹੀਨੇ ਦੇ ਅੰਤ ਤੱਕ ਰਹਿੰਦੀ ਹੈ । ਇਸ ਰੁੱਤੇ ਨਾ ਤਾਂ ਸਰਦ ਰੁੱਤ ਦੀ ਠੰਢ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਗਰਮ ਰੁੱਤ ਦੀ ਗਰਮੀ ਮਹਿਸੂਸ ਹੁੰਦੀ ਹੈ । ਇਹ ਰੁੱਤ ਸਰੀਰ ਨੂੰ ਮਿੱਠਾ-ਮਿੱਠਾ ਨਿੱਘ ਦੇਣ ਵਾਲੀ ਮਨਮੋਹਕ ਰੁੱਤ ਹੈ । ਰੰਗ ਬਿਰੰਗੇ ਫੁੱਲਾਂ ਨਾਲ ਮਹਿਕੀ ਬਨਸਪਤੀ ਉੱਤੇ ਬਸੰਤ ਰੁੱਤੇ ਮਧੂ ਮੱਖੀਆਂ ਅਤੇ ਤਿਤਲੀਆਂ ਖੁਸ਼ੀ ਵਿੱਚ ਮੰਡਰਾਉਂਦੀਆਂ ਨਜ਼ਰ ਆਉਂਦੀਆਂ ਹਨ। ਬਸੰਤ ਰੁੱਤ ਵਿੱਚ ਅੰਬਾਂ ਨੂੰ ਬੂਰ ਪੈਣ ‘ਤੇ ਕੋਇਲਾਂ ਕੂ-ਕੂ ਕਰਕੇ ਕਾਇਨਾਤ ਨੂੰ ਹੋਰ ਵੀ ਖ਼ੁਸ਼ਨੁਮਾ ਬਣਾ ਦਿੰਦੀਆਂ ਹਨ । ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ।

2) ਗਰਮੀ ਦੀ ਰੁੱਤ : ਗਰਮੀ ਦੀ ਰੁੱਤ ਬਾਕੀ ਦੀਆਂ ਰੁੱਤਾਂ ਦੇ ਮੁਕਾਬਲੇ ਜਿਆਦਾ ਤੱਤੀ ਮੰਨੀ ਜਾਣ ਵਾਲੀ ਰੁੱਤ ਹੈ । ਬਸੰਤ ਰੁੱਤ ਪਿੱਛੋਂ ਇਸ ਰੁੱਤ ਦੀ ਆਮਦ ਹੁੰਦੀ ਹੈ । ਗਰਮੀ ਦੀ ਰੁੱਤ ਜੇਠ-ਹਾੜ੍ਹ ਦੇ ਮਹੀਨਿਆਂ ‘ਚ ਭਾਵ ਮਈ ਅਤੇ ਜੂਨ ਦੇ ਮਹੀਨੇ ਰਹਿੰਦੀ ਹੈ । ਇਸ ਰੁੱਤ ਸਮੇਂ ਸਾਰੇ ਪਾਸੇ ਗਰਮ ਲੂ ਵਗਦੀ ਹੈ ਅਤੇ ਤੇਜ਼ ਗਰਮੀ ਤੋਂ ਬਚਣ ਲਈ ਪਿਆਸ ਬੁਝਾਉਣ ਵਾਸਤੇ ਠੰਢੇ-ਮਿੱਠੇ ਤਰਲ ਪਦਾਰਥਾਂ ਨੂੰ ਮਨ ਲਲਚਾਉਂਦਾ ਰਹਿੰਦਾ ਹੈ ।

3) ਵਰਖਾ ਰੁੱਤ : ਹਾੜ੍ਹ ਮਹੀਨੇ ਦੇ ਖਤਮ ਹੋਣ ਮਗਰੋਂ ਸਾਵਣ ਮਹੀਨਾ ਸੁਰੂ ਹੁੰਦਿਆਂ ਹੀ ਵਰਖਾ ਰੁੱਤ ਦੀ ਆਮਦ ਹੋ ਜਾਂਦੀ ਹੈ । ਇਹ ਰੁੱਤ ਸਾਵਣ ਅਤੇ ਭਾਦੋਂ ਦੇ ਮਹੀਨੇ ਰਹਿੰਦੀ ਹੈ । ਵਰਸ਼ਾ ਰੁੱਤ ਸਮੇਂ ਅਸਮਾਨ ਵਿੱਚ ਹਮੇਸ਼ਾਂ ਬੱਦਲ ਛਾਏ ਰਹਿੰਦੇ ਹਨ ਅਤੇ ਪੂਰਾ ਮਹੀਨਾ ਦਿਨ-ਰਾਤ ਮੀਂਹ ਪੈਂਦਾ ਰਹਿੰਦਾ ਹੈ । ਦਿਨ-ਰਾਤ ਬਰਸਾਤ ਹੁੰਦੀ ਰਹਿਣ ਕਾਰਨ ਸਾਰੇ ਪਾਸੇ ਜਲ-ਥਲ ਹੋਈ ਰਹਿੰਦੀ ਹੈ । ਡੱਡੂਆਂ ਦੀ ਟੈਂ-ਟੈਂ ਅਤੇ ਮੋਰਾਂ ਦੀ ਕੂੰ-ਕੂੰ ਨਾਲ ਮੌਸਮ ਖ਼ੁਸ਼ਬਵਾਰ ਬਣਿਆ ਰਹਿੰਦਾ ਹੈ । ਇਸ ਰੁੱਤ ਵਿੱਚ ਦਿਨ-ਰਾਤ ਮੀਂਹ ਪੈਂਦਾ ਰਹਿਣ ਕਾਰਨ ਮੌਸਮ ਵਿੱਚ ਗਰਮੀ ਦਾ ਜੋਰ ਘੱਟ ਜਾਂਦਾ ਹੈ । ਵਰਖਾ ਰੁੱਤ ਵਿੱਚ ਚਾਰ ਪਾਸੇ ਹਰਿਆਵਲ ਫੈਲੀ ਹੁੰਦੀ ਹੈ । ਇਸ ਰੁੱਤ ਵਿੱਚ ਮਨੁੱਖ ਦੀ ਪਾਚਣ ਸ਼ਕਤੀ ਨਾਲ ਸਬੰਧਤ ਪੇਟ ਦੀਆਂ ਬੀਮਾਰੀਆਂ ਜਿਵੇਂ ਕਿ ਹੈਜਾ, ਡਾਇਰੀਆ ਅਤੇ ਮਲੇਰੀਆਂ ਆਦਿ ਬੀਮਾਰੀਆਂ ਅਕਸਰ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ।

4) ਸਰਦ ਰੁੱਤ : ਵਰਖਾ ਰੁੱਤ ਲੰਘਣ ਮਗਰੋਂ ਸਰਦ ਰੁੱਤ ਆਉਂਦੀ ਹੈ । ਇਸਦੀ ਆਮਦ ਅੱਸੂ ਮਹੀਨੇ ਵਿੱਚ ਹੁੰਦੀ ਹੈ ਅਤੇ ਕੱਤਕ ਮਹੀਨੇ ਤੱਕ ਰਹਿੰਦੀ ਹੈ । ਸਰਦ ਰੁੱਤ ਵੀ ਹਰਿਆਵਲ ਭਰੀ ਰੁੱਤ ਮੰਨੀ ਜਾਂਦੀ ਹੈ ਅਤੇ ਇਸ ਰੁੱਤ ਵਿੱਚ ਰੁੱਖਾਂ ਦੇ ਨਰਮ ਪੱਤੇ ਆਪਣਾ ਰੰਗ ਬਦਲਣ ਲੱਗਦੇ ਹਨ । ਸਰਦ ਰੁੱਤ ਵਿੱਚ ਦਿਨ-ਰਾਤ ਦਾ ਤਾਪਮਾਨ ਤਕਰੀਬਨ ਇੱਕ ਸਮਾਨ ਹੋ ਜਾਂਦਾ ਹੈ ਅਤੇ ਮੌਸਮ ਹਲਕਾ ਠੰਢਾ ਹੋ ਜਾਂਦਾ ਹੈ । ਇਸ ਰੁੱਤ ਵਿੱਚ ਚੜ੍ਹਦੇ ਸੂਰਜ ਦੀ ਨਿੱਘੀ-ਨਿੱਘੀ ਧੁੱਪ ਸਰੀਰ ਅੰਦਰ ਮਿੱਠਾ-ਮਿੱਠਾ ਨਿੱਘ ਦਿੰਦੀ ਹੈ ।

5) ਪੱਤਝੜ ਰੁੱਤ : ਪੱਤਝੜ ਤੋਂ ਭਾਵ ਪੱਤਿਆਂ ਦੇ ਝੜਨ ਦੀ ਰੁੱਤ । ਮੱਘਰ ਮਹੀਨਾ ਚੜ੍ਹਦੇ ਹੀ ਪੱਤਝੜ ਰੁੱਤ ਦੀ ਆਮਦ ਹੋ ਜਾਂਦੀ ਹੈ । ਇਸ ਸਮੇਂ ਸਰਦੀ ਸਿਖਰ ‘ਤੇ ਹੁੰਦੀ ਹੈ ਅਤੇ ਠੰਢ ਕਾਰਨ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ । ਇਹ ਰੁੱਤ ਪੋਹ ਮਹੀਨੇ ਤੱਕ ਰਹਿੰਦੀ ਹੈ । ਪੱਤਝੜ ਵਿੱਚ ਰੁੱਖਾਂ ਦੇ ਝੜੇ ਪੱਤੇ ਅਸਲ ਵਿੱਚ ਤਬਦੀਲੀ ਦੀ ਨਿਸ਼ਾਨੀ ਹੈ । ਝੜੇ ਪੱਤਾਂ ਵਾਲੇ ਰੁੱਖਾਂ ‘ਤੇ ਇਸ ਰੁੱਤ ਵਿੱਚ ਨਵੀਆਂ ਕਰੂੰਬਲਾਂ ਦਾ ਫੁੱਟਣਾ ਇੱਕ ਨਵੀਂ ਪਹਿਨੀ ਪੁਸ਼ਾਕ ਵਾਂਗ ਹੁੰਦਾ ਹੈ। ਰੁੱਖਾਂ ‘ਤੇ ਨਵੀਂ ਜਵਾਨੀ ਆਉਂਦੀ ਹੈ। ਕੁਝ ਲੋਕਾਂ ਦੀ ਧਾਰਨਾ ਅਨੁਸਾਰ ਪੱਤਝੜ ਰੁੱਤ ਉਦਾਸੀ ਪੈਦਾ ਕਰਨ ਵਾਲੀ ਰੁੱਤ ਹੈ , ਪਰ ਪੱਤਾਂ ਝੜੇ ਰੁੱਖਾਂ ‘ਤੇ ਨਵੇਂ ਕੋਮਲ ਪੱਤਾਂ ਨਾਲ ਕੁਦਰਤ ਨੂੰ ਨਵੀਂ ਨਵੇਲੀ ਦੁਲਹਨ ਵਾਂਗ ਸਜਾਉਣ ਵਾਲੀ ਪੱਤਝੜ ਰੁੱਤ ਨੂੰ ਉਦਾਸ ਰੁੱਤ ਨਹੀਂ ਕਿਹਾ ਜਾ ਸਕਦਾ ।

6) ਸੀਤ ਰੁੱਤ : ਮਾਘ ਅਤੇ ਫੱਗਣ ਦੇ ਮਹੀਨਿਆਂ ਵਿੱਚਕਾਰ ਦੀ ਰੁੱਤ ਸੀਤ ਰੁੱਤ ਅਖਵਾਉਂਦੀ ਹੈ । ਇਸ ਰੁੱਤ ਵਿੱਚ ਹੱਡਾਂ ਨੂੰ ਠਾਰਨ ਵਾਲੀ ਠੰਢ ਪੈਂਦੀ ਹੈ । ਦਰਖਤਾਂ ਦੇ ਪੱਤੇ ਮਰੁੰਡੇ ਜਾਣ ਬਾਦ ਹੇਠਾਂ ਡਿੱਗ ਪੈਂਦੇ ਹਨ । “ਫ਼ੱਗਣ ਦਿਨ ਲੱਗਣ” ਦੀ ਪੰਜਾਬੀ ਕਹਾਵਤ ਅਨੁਸਾਰ ਜਿਵੇਂ ਹੀ ਫ਼ੱਗਣ ਮਹੀਨਾ ਚੜ੍ਹਦਾ ਹੈ , ਮੌਸਮ ਵਿੱਚ ਤਬਦੀਲੀ ਆਉਣੀ ਸੁਰੂ ਹੋ ਜਾਂਦੀ ਹੈ । ਬਸੰਤ ਰੁੱਤ ਦੀ ਆਮਦ ਦੇ ਸੰਕੇਤ ਨਜ਼ਰ ਆਉਣ ਲੱਗ ਪੈਂਦੇ ਹਨ ।