ਕਿੱਕਲੀ ਆਮ ਤੌਰ ਤੇ ਪੰਜਾਬ ਵਿੱਚ ਛੋਟੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਨਾਚ ਹੈ । ਪ੍ਰੰਤੂ ਅੱਜਕਲ ਕਿੱਕਲੀ ਮੁਟਿਆਰਾਂ ਵੱਲੋਂ ਵੀ ਗਿੱਧਾ ਪਾਉਂਣ ਸਮੇਂ ਅਕਸਰ ਪਾ ਲਈ ਜਾਂਦੀ ਹੈ । ਅਜਿਹਾ ਕਰਕੇ ਮੁਟਿਆਰਾਂ ਆਪਣੀ ਬਾਲ ਅਵਸਥਾ ਦੇ ਅਨੁਭਵ ਮਾਨਣ ਦਾ ਸਕੂਨ ਪ੍ਰਾਪਤ ਕਰ ਲੈਂਦੀਆਂ ਹਨ । ਇਸੇ ਕਾਰਨ ਕਿੱਕਲੀ ਦੂਸਰੇ ਨਾਚਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਰੱਖਣ ਦੀ ਸਮਰੱਥਾ ਰੱਖਦੀ ਹੈ ।ਕਿੱਕਲੀ ਪਾਉਣ ਲਈ ਕਿਸੇ ਖ਼ਾਸ ਜਗ੍ਹਾ ਜਾਂ ਸਥਾਨ ਦੀ ਚੋਣ ਕਰਨੀ ਜ਼ਰੂਰੀ ਨਹੀਂ ਹੁੰਦੀ । ਜਿਆਦਾਤਰ ਨਿੱਕੀਆਂ ਕੁੜੀਆਂ ਵੱਲੋਂ ਕਿੱਕਲੀ ਖੇਡੀ ਜਾਣ ਕਾਰਨ ਇਸਨੂੰ ਨਿਆਣੀਆਂ ਕੁੜੀਆਂ ਦੀ ਰਵਾਇਤੀ ਖੇਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ‘ਕਿੱਕਲੀ’ ਸ਼ਬਦ ਦੀ ਉਤਪਤੀ ‘ਕਿਰਕਲੀ’ ਸ਼ਬਦ ਤੋਂ ਹੋਈ ਜਿਸਦਾ ਅਰਥ ਅਨੰਦ ਜਾਂ ਖੁਸੀ ਹੈ । ਕਿੱਕਲੀ ਪਾਉਣ ਸਮੇਂ ਕੁੜੀਆਂ ਦੋ-ਦੋ ਦੇ ਗਰੁੱਪ ਬਣਾ ਲੈਂਦੀਆਂ ਹਨ । ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਖੱਬੇ ਹੱਥ ਨਾਲ ਅਤੇ ਆਪਣਾ ਸੱਜਾ ਹੱਥ ਦੂਸਰੀ ਕੁੜੀ ਦੇ ਖੱਬੇ ਹੱਥ ਵਿੱਚ ਫੜ ਲੈਂਦੀ ਹੈ । ਦੋਵੇਂ ਇੱਕ ਦੂਸਰੇ ਦੇ ਹੱਥਾਂ ਨੂੰ ਘੁੱਟ ਕੇ ਫੜ ਕੇ ਕੰਘੀ ਬਣਾ ਲੈਂਦੀਆਂ ਹਨ । ਉਹ ਦੋਵੇਂ ਆਪਣੇ ਪੈਰਾਂ ਦਾ ਭਾਰ ਆਪਣੇ ਸਰੀਰ ਨੂੰ ਪਿਛਾਂਹ ਵੱਲ ਝੁਕਾ ਕੇ ਆਪਣੇ ਹੱਥਾਂ ਤੇ ਪਾ ਲੈਂਦੀਆਂ ਹਨ ਅਤੇ ਤੇਜ਼ੀ ਨਾਲ ਸੱਜਿਓਂ ਖੱਬੇ ਪਾਸੇ ਵੱਲ ਘੁੰਮਣ ਲੱਗ ਪੈਂਦੀਆਂ ਹਨ । ਇਸ ਤਰ੍ਹਾਂ ਉਹ ਕਿੱਕਲੀ ਪਾਉਂਦੀਆਂ ਹੋਈਆਂ ਨਾਲੋ-ਨਾਲ ਗੀਤ ਗਾਉਂਦੀਆਂ ਹਨ ।
ਕਿੱਕਲੀ ਦੇ ਗੀਤ :
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਰੀ ਦਾ
ਫਿੱਟੇ ਮੂੰਹ ਜਵਾਈ ।
ਕਿੱਕਲੀ ਪਾਉਣ ਆਈਆਂ
ਬਦਾਮ ਖਾਵਣ ਆਈਆਂ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ
ਮੇਰੇ ਵੀਰ ਦੀ ਕੁੜੀ ਕਾਲੀ
ਮੈਨੂੰ ਆ ਗਈ ਭਵਾਲੀ
ਥਾਲੀ ਥਾਲੀ ਥਾਲੀ ।
ਅੱਠਾਂ ਗਲੀ ਮੈਂ ਆਵਾਂ ਜਾਵਾਂ
ਅਕਸ ਗਲੀ ਲਸੂੜ੍ਹਾ
ਭਾਬੋ ਮੰਗੇ ਮੁੰਦਰੀਆਂ
ਨਣਾਨ ਮੰਗੇ ਚੂੜਾ
ਨੀ ਇਹ ਲਾਲ ਲਸੂੜ੍ਹਾ ।
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ ।
ਦੁਪੱਟਾ ਮੇਰੇ ਭਾਈ ਦਾ,ਸੂਰਜ ਲੜਾਈ ਦਾ ।
ਗਾਵਾਂਗੇ ਤੇ ਹੱਸਾਂਗੇ, ਸਹੇਲੀਆਂ ਨੂੰ ਦੱਸਾਂਗੇ ।
ਜੰਞ ਚੜ੍ਹੇ ਵੀਰ ਦੀ, ਕਿੱਕਲੀ ਕਲੀਰ ਦੀ ।
ਕਿੱਕਲੀ ਕਲਸ ਦੀ, ਲੱਤ ਭੱਜੇ ਸੱਸ ਦੀ ।
ਗੋਡਾ ਭੱਜੇ ਜੇਠ ਦਾ, ਝੀਥਾਂ ਥਾਣੀ ਦੇਖਦਾ ।
ਮੋੜ ਸੂ ਜੇਠਾਣੀਏ, ਮੋੜ ਸੱਸੇ ਰਾਹੀਏ ।
ਸੱਸ ਦਾਲ ਚਾ ਬਣਾਈ, ਛੰਨਾ ਭਰਿਆ ਲੈਕੇ ਆਈ ।
ਸੱਸ ਖੀਰ ਜਾ ਪਕਾਈ, ਵਿੱਚ ਆਲੇ ਜਾ ਲੁਕਾਈ ।
ਅੰਦਰ ਬਾਹਰ ਵੜਦੀ ਖਾਵੇ, ਭੈੜੀ ਗੱਲ-ਗੜੱਪੇ ਲਾਵੇ ।
ਲੋਕੋ ਸੱਸਾਂ ਬੁਰੀਆਂ ਵੇ, ਲਾਵੇ ਕਲ਼ੇਜੇ ਛੁਰੀਆਂ ਵੇ ।
ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ .........।