ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਾਧਨ ਵੀ ਹਨ। ਡਾ. ਵਣਜਾਰਾ ਬੇਦੀ ਅਨੁਸਾਰ “ਲੋਕ ਨਾਚ ਜਾਤੀ ਦੇ ਤਹਿਤ ਤੇ ਸਮੂਹਿਕ ਜਜ਼ਬਿਆਂ ਦਾ ਅੰਗਾਂ ਦੇ ਤਾਲ ਬੱਧ ਲਹਿਰਾਓ ਤੇ ਹਾਵਾਂ ਭਾਵਾਂ ਰਾਹੀਂ ਪ੍ਰਗਟਾਓ ਹੈ।”
ਸਮੁੱਚੀ ਦੁਨੀਆ ਵਿੱਚ ਕੋਈ ਅਜਿਹਾ ਖ਼ਿੱਤਾ ਦੇਖਣ ਨੂੰ ਨਹੀਂ ਮਿਲ ਸਕਦਾ, ਜਿਸਦਾ ਆਪਣਾ ਲੋਕ-ਨਾਚ ਨਾ ਹੋਵੇ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੂੰ ਲੋਕ-ਨਾਚਾਂ ਦਾ ਧੁਰਾ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਥੇ ਲੋਕ-ਨਾਚਾਂ ਨੂੰ ਖਾਸ ਮਹੱਤਵਪੂਰਨ ਸਥਾਨ ਹਾਸਿਲ ਹੈ। ਪ੍ਰਾਚੀਨ ਕਾਲ ਤੋਂ ਹੀ ਨਾਚ ਦਾ ਮਾਨਵ ਜਾਤੀ ਨਾਲ ਅਟੁੱਟ ਰਿਸ਼ਤਾ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਇੱਥੇ ਕੋਈ ਪੰਜ ਹਜ਼ਾਰ ਈਸਵੀ ਪਹਿਲਾਂ ਤੋਂ ਹੀ ਲੋਕ-ਨਾਚਾਂ ਦੇ ਪ੍ਰਮਾਣ ਦੇਖਣ ਨੂੰ ਮਿਲਦੇ ਹਨ। ਭਾਵੇਂ ਸਮੇਂ-ਸਮੇਂ ਅਨੁਸਾਰ ਇਹ ਇਥੋਂ ਦੀਆਂ ਭੂਗੋਲਿਕ, ਸਮਾਜਿਕ ਅਤੇ ਇਤਿਹਾਸਿਕ ਪ੍ਰਸਥਿਤੀਆਂ ਵਿੱਚੋਂ ਗੁਜਰਕੇ ਤਬਦੀਲ ਹੁੰਦੇ ਰਹੇ ਹਨ, ਪਰ ਇਸਦੇ ਬਾਵਜੂਦ ਵੀ ਇਹ ਲੋਕ-ਨਾਚ ਆਪਣੀ ਹੋਂਦ ਨੂੰ ਜੀਵਿਤ ਰੱਖੀ ਬੈਠੇ ਹਨ। ਵੈਸੇ ਆਮਤੌਰ ਤੇ ਲੋਕ-ਨਾਚਾਂ ਦੀ ਦੋ ਭਾਗਾਂ, ਇਸਤਰੀ-ਨਾਚ ਅਤੇ ਮਰਦ-ਨਾਚ ਵਿੱਚ ਵੰਡ ਕੀਤੀ ਜਾਂਦੀ ਹੈ। ਇਸਤਰੀ-ਨਾਚਾਂ ਵਿੱਚ ਗਿੱਧਾ, ਸੰਮੀ,ਕਿੱਕਲੀ, ਲੁੱਡੀ, ਹੁੱਲੇ-ਹੁਲਾਰੇ ਅਤੇ ਧਮਾਲ ਆਦਿ ਆਉਂਦੇ ਹਨ ਅਤੇ ਮਰਦ-ਨਾਚ ਵਿੱਚ ਭੰਗੜਾ, ਮਰਦਾਂ ਦਾ ਗਿੱਧਾ, ਝੂਮਰ, ਲੁੱਡੀ ਅਤੇ ਧਮਾਲ ਆਦਿ ਆਉਂਦੇ ਹਨ।
ਗਿੱਧਾ
ਸੰਮੀ
ਕਿੱਕਲੀ
ਹੁੱਲੇ-ਹੁਲਾਰੇ
ਭੰਗੜਾ