ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ ।
ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ ।
ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
ਸੜਕੇ ਤੇ ਰੁੜ੍ਹ ਵੱਟਿਆ
ਜਿਨ੍ਹਾਂ ਯਾਰੀ ਨਹੀਉਂ ਲਾਈ
ਉਨ੍ਹਾਂ ਦੁਨੀਆਂ 'ਚ ਕੀ ਖੱਟਿਆ ।
ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ ।
ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ ।
ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ ।
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ ।
ਗੱਡੀ ਚਲਦੀ ਏ ਤਾਰਾਂ ਤੇ
ਅੱਗੇ ਮਾਹੀਆਂ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ ਤੇ ।
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ ।
ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ ।
ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ ।
ਮੀਂਹ ਵਰਦਾ ਏ ਕਿੱਕਰਾਂ ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ ।