ਵਿਸਾਖੀ

ਵਿਸਾਖੀ ਦਾ ਤਿਉਹਾਰ ਵੈਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਣ ਵਾਲਾ ਇੱਕ ਮੌਸਮੀ ਤਿਉਹਾਰ ਹੈ। ਖੇਤਾਂ ਵਿਚ ਪੱਕ ਚੁੱਕੀ ਸੋਨੇ ਰੰਗੀ ਕਣਕ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ 'ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਤ ਹੋਣ ਕਰਕੇ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ। ਇਸਦਾ ਪੰਜਾਬੀ ਸੱਭਿਆਚਾਰ ਨਾਲ ਅਟੁੱਟ ਰਿਸ਼ਤਾ ਹੈ, ਉੱਥੇ ਸਿੱਖ ਧਰਮ ਦੇ ਇਤਿਹਾਸ ਵਿੱਚ ਵਿਸਾਖੀ ਦਾ ਤਿਉਹਾਰ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਹੋਇਆ ਹੈ । ਵਿਸਾਖੀ ਦਾ ਤਿਉਹਾਰ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦੇ ਦੁਖਾਂਤ ਨਾਲ ਵੀ ਆਪਣੀ ਇਤਿਹਾਸਿਕ ਸਾਂਝ ਰੱਖਦਾ ਹੈ। ਦੇਸੀ ਮਹੀਨੇ ਵੈਸਾਖ ਤੋਂ ਵਿਸਾਖੀ ਦਾ ਨਾਂ ਪਿਆ। ਵਿਸਾਖੀ ਦਾ ਤਿਉਹਾਰ ਪੰਜਾਬੀਆਂ ਦਾ ਅਤੇ ਖਾਸਕਰ ਕਿਸਾਨਾਂ ਅਤੇ ਸਿੱਖਾਂ ਦਾ ਸਾਂਝਾ ਪ੍ਰਸਿੱਧ ਤਿਉਹਾਰ ਹੈ । ਵਿਸਾਖੀ ਦਾ ਤਿਉਹਾਰ ਨਾ ਸਿਰਫ ਪੰਜਾਬ ਸਗੋਂ ਪੂਰੇ ਉੱਤਰੀ ਭਾਰਤ ਵਿੱਚ ਥਾਂ-ਥਾਂ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪੱਛਮੀ ਬੰਗਾਲ ਵਿੱਚ ਇਹ ਤਿਉਹਾਰ ਨਵੇਂ ਸਾਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਬੁੱਧ ਧਰਮ ਦੇ ਲੋਕਾਂ ਦੀ ਮਾਨਤਾ ਹੈ ਕਿ ਇਸ ਦਿਨ ਮਹਾਤਮਾ ਬੁੱਧ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਸੀ। ਇਹ ਹਾੜ੍ਹੀ ਦੀ ਫਸਲ ਨਾਲ ਜੁੜਿਆ ਵਾਢੀ ਦੇ ਤਿਉਹਾਰ ਨਾਲ ਜਾਣਿਆਂ ਜਾਣ ਵਾਲਾ ਤਿਉਹਾਰ ਹੈ। ਵਿਸਾਖੀ ਦੇ ਦਿਨ ਕਿਸਾਨ ਫਸਲ ਪੱਕਣ ਉਪਰੰਤ ਕਣਕ ਦੀ ਕਟਾਈ ਦਾ ਕੰਮ ਸ਼ਗਨਾਂ-ਵਿਹਾਰਾਂ ਨਾਲ ਸ਼ੁਰੂ ਕਰਦਾ ਹੈ। ਕਿਸਾਨ ਆਪਣੀ ਹੱਡ-ਭੰਨਵੀਂ ਮਿਹਨਤ ਕਰਨ ਪਿੱਛੋਂ ਆਪਣੇ ਸਿਰਜੇ ਸੁਪਨੇ ਪੂਰੇ ਹੋਣ ਤੇ ਹਾੜ੍ਹੀ ਦੀ ਫਸਲ ਦੀ ਸਾਂਭ-ਸੰਭਾਲ਼ ਕਰਕੇ ਫਸਲ ਦੇ ਪੈਸੇ ਵੱਟ ਕੇ ਸਜ ਸੰਵਰ ਕੇ ਨੱਚਦੇ ਗਾਉਂਦੇ ਮੇਲੇ ਦੇਖਣ ਨਿਕਲ ਪੈਂਦਾ ਹੈ । ਕਿਸਾਨ ਦੀ ਇਸ ਵੇਲੇ ਦੀ ਖੁਸੀ ਦਾ ਪ੍ਰਗਟਾਵਾ ਪ੍ਰਸਿੱਧ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ “ਵਿਸਾਖੀ ਦਾ ਮੇਲਾ” ਵਿੱਚ ਵੀ ਕਰਦੇ ਹਨ –

                                                               ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,

                                                           ਲੰਬੜਦਾਰ ਤੇ ਸਾਹਾਂ ਦਾ ਹਿਸਾਬ ਕੱਟ ਕੇ,

                                                            ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ,

                                                             ਕੱਛੇਮਾਰ ਵੰਝਲੀ ਅਨੰਦ ਛਾ ਗਿਆ,

                                                             ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,

 ਸਿੱਖ ਧਰਮ ਵਿੱਚ ਵਿਸਾਖੀ ਦਾ ਤਿਉਹਾਰ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ । ਸਿੱਖਾਂ ਵੱਲੋਂ ਇਸਨੂੰ ਖਾਲਸਾ ਦੇ ਸਾਜਨਾ ਦਿਵਸ ਵਜੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ 13 ਅਪ੍ਰੈਲ 1699 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ ਉੱਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਕੱਠ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ।ਉਨ੍ਹਾਂ ਪੰਡਾਲ 'ਚੋਂ ਪੰਜ ਸਿਰਾਂ ਦੀ ਮੰਗ ਕੀਤੀ। ਪੰਜ ਸਿਦਕੀ ਯੋਧੇ ਭਾਈ ਦਯਾ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਹਾਜ਼ਰ ਹੋਏ। ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਨ੍ਹਾਂ ਹੱਥੋਂ ਖ਼ੁਦ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਗੁਰੂ ਜੀ ਨੇ ਕਿਹਾ ਕਿ 'ਖ਼ਾਲਸਾ ਗੁਰੂ ਵਿਚ ਹੈ ਅਤੇ ਗੁਰੂ ਖ਼ਾਲਸੇ ਵਿਚ।' ਇਸ ਦਿਨ ਤੋਂ ਵਿਸਾਖੀ ਦਾ ਇਹ ਤਿਉਹਾਰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।

ਜਲ੍ਹਿਆਂਵਾਲਾ ਬਾਗ਼ ਹੱਤਿਆ ਕਾਂਡ ਦੇਸ਼ ਦੀ ਆਜਾਦੀ ਦੇ ਸੰਘਰਸ਼ ਦਾ ਇੱਕ ਇਤਿਹਾਸਿਕ ਦੁਖਾਂਤ ਹੈ ਜੋ 13 ਅਪ੍ਰੈਲ 1919 ਨੂੰ ਵਿਸਾਖੀ ਦੇ ਦਿਨ ਹੀ ਵਾਪਰਿਆ ਸੀ। ਇਸ ਦਿਨ ਅੰਗਰੇਜ਼ ਹੁਕਮਰਾਨਾਂ ਵੱਲੋਂ ਬਣਾਏ ਕਾਲੇ ਕਾਨੂੰਨ ਰੌਲਟ ਐਕਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਪੰਜਾਬੀਆਂ ਉੱਤੇ ਜਨਰਲ ਰੇਜੀਨਾਲਡ ਡਾਇਰ ਦੇ ਹੁਕਮ ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਇਸ ਦਿਨ ਸਮੁੱਚੇ ਭਾਰਤ ਵਾਸੀਆਂ ਵਲੋਂ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਇਸ ਖ਼ੂਨੀ ਕਾਰੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੂੰ ਇੰਗਲੈਂਡ 'ਚ ਮਾਰ ਕੇ ਲਿਆ।