ਬੱਚੇ ਦੇ ਵਾਧੇ ਅਤੇ ਵਿਕਾਸ ਵਿੱਚ ਮਾਪਿਆਂ ਦੀ ਬਣਦੀ ਜਿੰਮੇਵਾਰੀ

ਬਾਲਕ ਦਾ ਆਪਣੇ ਸਾਂਭ-ਸੰਭਾਲ ਕਰਨ ਵਾਲੇ ਪ੍ਰਾਣੀ ਨਾਲ ਪੈਣ ਵਾਲਾ ਪਹਿਲਾ ਮੋਹ ਅਤੇ ਪਿਆਰ ਉਸਦੇ ਵਾਧੇ ਅਤੇ ਵਿਕਾਸ ਵਿੱਚ ਨੀਂਹ ਦਾ ਕੰਮ ਕਰਦਾ ਹੈ, ਜੋ ਕਿ ਉਸ ਬੱਚੇ ਅੰਦਰ ਜੀਵਨ ਭਰ ਇੱਕ ਭਰੋਸੇਯੋਗ ਅਤੇ ਟਿਕਾਊ ਆਤਮ-ਵਿਸਵਾਸ਼ ਪੈਦਾ ਕਰਦਾ ਹੈ । ਮਾਪੇ ਅਤੇ ਬੱਚੇ ਵਿੱਚ ਬਣਨ ਵਾਲਾ ਰਿਸ਼ਤਾ ਆਮਤੌਰ ਤੇ ਇਕ ਮੁਢਲਾ ਅਤੇ ਨਵਾਂ ਤਜਰਬਾ ਹੁੰਦਾ ਹੈ । ਇਸੇ ਕਰਕੇ ਮਾਪੇ ਅਜਿਹੀ ਸਥਿਤੀ ਵਿੱਚ ਕਾਫੀ ਹੱਦ ਤੱਕ ਫੈਸਲਾਕੁਨ ਸਥਿਤੀ ਤੋਂ ਕਾਫੀ ਦੂਰ ਆਪਣੇ ਆਪ ਨੂੰ ਭਟਕੇ ਮਹਿਸੂਸ ਕਰਦੇ ਹਨ । ਕਿਉਂਕਿ ਉਹ ਆਪਣੇ ਬੱਚੇ ਨਾਲ ਇੱਕ ਪਹਿਲਾ ਸੁਖਾਵਾਂ ਰਿਸ਼ਤਾ ਬਣਾਉਣ ਪ੍ਰਤੀ ਕਿਸੇ ਫੈਸਲਾਕੁਨ ਜਾਂ ਸਪਸ਼ਟ ਸਥਿਤੀ ਵਿੱਚ ਨਹੀਂ ਹੁੰਦੇ ।

ਛੋਟੇ ਬੱਚੇ ਸਰੀਰਕ ਅਤੇ ਮਾਨਸਿਕ ਪੱਖੋਂ ਕਲੀਆਂ ਸਮਾਨ ਕੋਮਲ ਹੁੰਦੇ ਹਨ ਅਤੇ ਇਹਨਾਂ ਨੂੰ ਸੌਖਿਆਂ ਹੀ ਢਾਲਿਆ ਜਾ ਸਕਦਾ ਹੈ । ਮਾਪਿਆਂ ਅਤੇ ਉਹਨਾਂ ਦੇ ਪਰਿਵਾਰਕ ਸੰਸਕਾਰ ਬੱਚੇ ਦੀ ਬਚਪਨ ਦੀ ਅਵਸਥਾ ਵਿੱਚ ਸਾਰਥਕ ਭੂਮਿਕਾ ਨਿਭਾਉਂਦੇ ਹਨ । ਇਸ ਲਈ ਮਾਪਿਆਂ ਲਈ ਇਹ ਢੁਕਵਾਂ ਅਤੇ ਦੁਬਾਰਾ ਵਾਪਸ ਨਾ ਆਉਣ ਵਾਲਾ ਸਮਾਂ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੇ ਬਚਪਨ ਵਿੱਚ ਉਸਦੇ ਪਾਲਣ-ਪੋਸ਼ਣ ਦੇ ਢੰਗ ਤਰੀਕਿਆਂ ਨੂੰ ਸੁਚਾਰੂ ਰੱਖਣ, ਤਾਂ ਕਿ ਉਹਨਾਂ ਦਾ ਬੱਚਾ ਸਰੀਰਕ ਅਤੇ ਮਾਨਸਿਕ ਪੱਖੋਂ ਇੱਕ ਨਿਰੋਖੀ ਅਤੇ ਸਿਹਤਮੰਦ ਮਨੁੱਖ ਬਣ ਸਕੇ ।

ਬੱਚਿਆਂ ਦੇ ਪਾਲਣ-ਪੋਸ਼ਣ ਸਮੇਂ ਮਾਪਿਆਂ ਲਈ ਜਰੂਰੀ ਸੁਝਾਅ :

(ਓ)  ਬੱਚੇ ਨਾਲ ਹਮੇਸ਼ਾਂ ਪਿਆਰ ਭਰਿਆ ਵਿਵਹਾਰ ਰੱਖੋ : ਹਮੇਸ਼ਾਂ ਹੀ ਆਪਣੇ ਬੱਚੇ ਨੂੰ ਬਿਨਾਂ ਸ਼ਰਤ ਵਾਲਾ ਪਿਆਰ ਕਰੋ ਅਤੇ ਅਜਿਹਾ ਕਰਨ ਨਾਲ ਤੁਹਾਡਾ ਬੱਚਾ ਜਿਆਦਾ ਸੁਰਖਿਅਤ ਮਹਿਸੂਸ ਕਰੇਗਾ। ਬੱਚੇ ਨੂੰ ਪਿਆਰ ਕਰਦੇ ਸਮੇਂ ਭਵਿੱਖ ਵਿੱਚ ਉਸ ਕੋਲੋਂ ਬਦਲੇ ਵਿੱਚ ਕੋਈ ਉਮੀਦ ਜਾਂ ਆਸ ਦੇ ਵਿਚਾਰ ਨੂੰ ਜ਼ਿਹਨ ਵਿੱਚ ਨਾ ਜਨਮ ਲੈਣ ਦਿਉ । ਤੁਹਾਡੇ ਅੰਦਰ ਜਨਮੇ ਇਹ ਵਿਚਾਰ ਕਿਸੇ ਵੇਲੇ ਵੀ ਤੁਹਾਡੀ ਜੁਬਾਨ ’ਤੇ ਆ ਸਕਦੇ ਹਨ, ਜੋ ਬੱਚੇ ਦੀ ਇੱਕ ਸੁਚਾਰੂ ਪਰਵਰਿਸ਼ ਵਿੱਚ ਰੋੜਾ ਬਣ ਸਕਦੇ ਹਨ। ਕਿਉਂਕਿ ਸਾਡੇ ਸਮਾਜ ਵਿੱਚ ਇਹ ਧਾਰਨਾ ਬਣੀ ਹੋਈ ਹੈ, ਕਿ ਬੱਚੇ ਨੂੰ ਵੱਡੇ ਹੋ ਕੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਸੋ, ਆਪਣੇ ਬੱਚੇ ਨੂੰ ਅਜਿਹੀ ਸਮਾਜਕ ਧਾਰਨਾਵਾਂ ਤੋਂ ਦੂਰ ਰੱਖਕੇ ਚੰਗੇ ਸਮਾਜਕ ਸੰਸਕਾਰਾਂ ਵਾਲਾ ਬਣਾਉ ।

(ਅ)  ਬੱਚੇ ਲਈ ਸਹੀ ਸਮੇਂ ਆਪਣਾ ਸਮਾਂ ਕੱਢੋ :  ਤੁਹਾਡਾ ਚੌਵੀ ਘੰਟੇ ਆਪਣੇ ਬੱਚੇ ਨਾਲ ਸਮਾਂ ਬਤੀਤ ਕਰਨਾ ਬੱਚੇ ਦੇ ਪਾਲਣ-ਪੋਸ਼ਣ ਲਈ ਮਹੱਤਵ ਨਹੀਂ ਰੱਖਦਾ । ਤੁਸੀਂ ਘੱਟ ਸਮਾਂ ਦੇ ਕੇ ਵੀ ਅਪਣੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਸਿਹਤਮੰਦ ਬਣਾ ਸਕਦੇ ਹੋ । ਤੁਸੀਂ ਬੱਚੇ ਲਈ ਜਿੰਨਾਂ ਵੀ ਸਮਾਂ ਦਿੰਦੇ ਹੋ, ਉਹ ਤੁਹਾਡੇ ਬੱਚੇ ਲਈ ਸਾਰਥਕ ਹੋਣਾ ਚਾਹੀਦਾ ਹੈ । ਇਸ ਸਮੇਂ ਵਿੱਚ ਤੁਸੀਂ ਆਪਣੇ ਬੱਚੇ ਨਾਲ ਰੋਜ਼ਾਨਾ ਵਾਪਰੀਆਂ ਨਿੱਕੀਆਂ-ਨਿੱਕੀਆਂ ਗੱਲਾਂ ਬਾਰੇ ਬੱਚੇ ਤੋਂ ਪੁੱਛ ਸਕਦੇ ਹੋ । ਸਕੂਲ ਪੜ੍ਹਦੇ ਬੱਚੇ ਨਾਲ ਸਕੂਲ ਸਮੇਂ ਦੀਆਂ ਗੱਲਾਂ ਸਾਝੀਆਂ ਕਰ ਸਕਦੇ ਹੋ, ਜਿਵੇਂ ਕਿ ਸਕੂਲ ਦੇ ਸਾਥੀਆਂ ਸਬੰਧੀ, ਪੜ੍ਹਾਈ ਸਬੰਧੀ ਅਤੇ ਟੀਚਰਾਂ ਸਬੰਧੀ ਆਦਿ । ਬੱਚੇ ਨੂੰ ਉਸਦੀ ਇੱਛਾ ਅਨੁਸਾਰ ਤੁਹਾਨੂੰ ਬੱਚੇ ਲਈ ਸਮਾਂ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ । ਭਾਵ ਜੇਕਰ ਬੱਚੇ ਖੇਡ੍ਹਣਾ ਚਾਹੁੰਦਾ ਹੈ ਤਾਂ ਤੁਹਾਨੂੰ ਉਸ ਸਮੇਂ ਉਸ ਨਾਲ ਖੇਡ੍ਹਣ ਲਈ ਸਮਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।

(ੲ)  ਬੱਚੇ ਨੂੰ ਮਨ-ਮਰਜੀ ਕਰਨ ਦੀ ਛੋਟ ਦਿਉ : ਕਦੇ ਵੀ ਬੱਚੇ ਉੱਤੇ ਕੋਈ ਕੰਮ ਜਾਂ ਗੱਲ ਥੋਪਣ ਤੋਂ ਹਮੇਸ਼ਾਂ ਸੰਕੋਚ ਕਰੋ । ਜੇਕਰ ਬੱਚੇ ਕਦੇ ਅਜਿਹਾ ਕਰਨ ਦੀ ਕੋਸ਼ਿਸ਼ ਕਰੇ ਜੋ ਉਸ ਲਈ ਗਲਤ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਬੱਚੇ ਨੂੰ ਉਸਦੇ ਮਾੜੇ ਨਤੀਜਿਆਂ ਵਾਰੇ ਪਿਆਰ ਨਾਲ ਹੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰੋ । ਬੱਚੇ ਉੱਤੇ ਵਾਰ-ਵਾਰ ਥੋਪਿਆ ਅਨੁਸਾਸ਼ਨ ਹਾਨੀਕਾਰਕ ਹੋ ਸਕਦਾ ਹੈ । ਬੱਚੇ ਦੀ ਮਰਜ਼ੀ ਦੇ ਉਲਟ ਵਾਰ-ਵਾਰ ਕੋਈ ਗੱਲ ਜਾਂ ਕੰਮ ਥੋਪਣ ’ਤੇ ਬੱਚਾ ਅਨੁਸਾਸ਼ਨ ਤੋੜਨ ਲੱਗ ਜਾਵੇ ਅਤੇ ਤੁਹਾਡਾ ਕਹਿਣਾ ਨਾ ਮੰਨਣ ਦੀ ਆਦਤ ਅਪਣਾ ਲਵੇਗਾ। ਵਾਰ-ਵਾਰ ਚਾਕਲੇਟ ਖਾਣ ਦੀ ਜ਼ਿੱਦ ਕਰਨ ‘ਤੇ ਬੱਚੇ ਨੂੰ ਚਾਕਲੇਟ ਦੇ ਮਾਖੇ ਪ੍ਰਭਾਵ ਤੋਂ ਜਾਣੂ ਕਰਵਾਉ ਕਿ ਚਾਕਲੇਟ ਹਫਤੇ ਵਿੱਚ ਸਿਰਫ ਇੱਕ ਜਾਂ ਦੋ ਵਾਰ ਹੀ ਖਾਵਾਂਗੇ। ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਸੁਰੂ-ਸੁਰੂ ਵਿੱਚ ਤੁਹਾਡਾ ਬੱਚਾ ਨਾ ਮੰਨੇ, ਪਰ ਜੋਕਰ ਤੁਸੀਂ ਇਸ ਨਿਯਮ ਵਾਰੇ ਵਾਰ-ਵਾਰ ਕਹੋਗੇ, ਇੱਕ ਦਿਨ ਬੱਚਾ ਤੁਹਾਡੀ ਗੱਲ ਜਰੂਰ ਮੰਨ ਲਵੇਗਾ। ਬੱਚੇ ਨੂੰ ਉਸਦੀਆਂ ਉਮੀਦਾਂ ਅਤੇ ਹੱਦਾਂ ਵਾਰੇ ਮਾਪਿਆਂ ਨੂੰ ਪਿਆਰ ਅਤੇ ਸਮਝਦਾਰੀ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ ।

(ਸ) ਪਹਿਲਾਂ ਆਪ ਅਨੁਸ਼ਾਸ਼ਨ ਅਪਣਾਉ : ਤੁਹਾਨੂੰ ਆਪਣੇ ਬੱਚੇ ਨੂੰ ਅਨੁਸ਼ਾਸ਼ਨ ਦਾ ਸਬਕ ਸਿਖਾਉਣ ਤੋਂ ਪਹਿਲਾਂ ਤੁਹਾਨੂੰ ਆਪ ਖੁਦ ਨੂੰ ਅਨੁਸ਼ਾਸ਼ਨ ‘ਚ ਰਹਿਣ ਦੀ ਆਦਤ ਪਾਉਣੀ ਪਵੇਗੀ । ਜੇਕਰ ਤੁਸੀਂ ਅਨੁਸ਼ਾਸ਼ਨ ਦੀ ਦ੍ਰਿੜਤਾ ਵਿੱਚ ਢਿੱਲ ਅਪਣਾਉਂਗੇ ਤਾਂ ਤੁਹਾਡਾ ਬੱਚਾ ਅਨੁਸ਼ਾਸ਼ਨ ਦੀ ਬਜਾਏ ਬੁਰੀਆਂ ਗੱਲਾਂ ਅਤੇ ਗਲਤ ਆਦਤਾਂ ਗ੍ਰਹਿਣ ਕਰ ਸਕਦਾ ਹੈ । ਤੁਹਾਡਾ ਬੱਚੇ ਸਾਹਮਣੇ ਲੜਨਾ-ਝਗੜਨਾ,ਗਾਲੀ ਗਲੋਚ ਕਰਨਾ, ਸਿਗਰੇਟ-ਸ਼ਰਾਬ ਜਾਂ ਕਿਸੇ ਹੋਰ ਨਸ਼ੇ ਆਦਿ ਵਰਤਣਾ ਬੱਚੇ ਨੂੰ ਕਦੇ ਵੀ ਸੱਭਿਅਕ ਮਨੁੱਖ ਨਹੀਂ ਬਣਾਵੇਗਾ। ਇਸਤੋਂ ਪਹਿਲਾਂ ਤੁਹਾਨੂੰ ਸਾਰੀਆਂ ਬੁਰੀਆਂ ਅਲਾਮਤਾਂ ਦਾ ਤਿਆਗ ਕਰਨਾ ਪਵੇਗਾ । ਆਪਣੇ ਬੱਚੇ ਨੂੰ ਜਲਦੀ ਸੌਣ, ਸਵੇਰੇ ਜਲਦੀ ਉੱਠਣ, ਸੈਰ ਜਾਂ ਕਸਰਤ ਕਰਨ ਦੀ ਆਦਤ ਪਾਉਣ ਤੋਂ ਪਹਿਲਾਂ ਤੁਹਾਨੂੰ ਖੁਦ ਨੂੰ ਪਹਿਲਾਂ ਇਹ ਆਦਤਾਂ ਪਾਉਣੀਆਂ ਪੈਣਗੀਆਂ ।


(ਹ)  ਹਮੇਸ਼ਾਂ ਆਪਣੇ ਬੱਚੇ ਦੀ ਗੱਲ ਨੂੰ ਧਿਆਨ ਨਾਲ ਸੁਣੋ : ਜਦੋਂ ਤੁਹਾਡਾ ਬੱਚਾ ਤੁਹਾਡੇ ਨਾਲ ਗੱਲਾਂ ਕਰਦਾ ਹੈ ਤਾਂ ਉਸ ਸਮੇਂ ਤੁਸੀਂ ਕੇਵਲ ਉਸਦੀਆਂ ਗੱਲਾਂ ਹੀ ਸੁਣੋ । ਇਹ ਨਾ ਹੋਵੇ ਕਿ ਤੁਸੀਂ ਇਸ ਸਮੇਂ ਨਾਲ-ਨਾਲ ਕੋਈ ਕੰਮ ਵੀ ਕਰ ਰਹੇ ਹੋਵੋ । ਜੇਕਰ ਤੁਸੀਂ ਇਸ ਸਮੇਂ ਸਾਰੇ ਕੰਮ ਛੱਡਕੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰੋਗੇ ਤਾਂ ਤੁਹਾਡਾ  ਬੱਚਾ ਵੱਡਾ ਹੋ ਕੇ ਆਤਮ-ਵਿਸ਼ਵਾਸ਼ ਨਾਲ ਗੱਲ ਕਰੇਗਾ । ਉਹ ਕਦੇ ਵੀ ਸਾਹਮਣੇ ਵਾਲੇ ਨਾਲ ਨੀਵੀਂ ਪਾ ਕੇ ਗੱਲ ਨਹੀਂ ਕਰੇਗਾ ।

(ਕ) ਬੱਚੇ ਦੀਆਂ ਪ੍ਰਾਪਤੀਆਂ ਦੀ ਸਦਾ ਹੀ ਪ੍ਰਸੰਸਾ ਕਰੋ : ਮਾਪਿਆਂ ਨੂੰ ਆਪਣੇ ਬੱਚੇ ਦੇ ਚੰਗੇ ਕੰਮਾਂ ਦੀ ਹਮੇਸ਼ਾਂ ਪ੍ਰਸੰਸਾ ਕਰਨੀ ਚਾਹੀਦੀ ਹੈ । ਬੱਚੇ ਨੂੰ ਸਕੂਲ ਤੋਂ ਪੜ੍ਹਾਈ, ਖੇਡ੍ਹਾਂ ਜਾਂ ਹੋਰ ਕਿਸੇ ਵੀ ਕਿਸਮ ਦੀ ਪ੍ਰਾਪਤੀ ਮਿਲਣ ‘ਤੇ ਹਮੇਸ਼ਾਂ ਹੀ ਉਤਸ਼ਾਹਿਤ ਕਰੋ । ਅਜਿਹੇ ਸਮੇਂ ਮਾਪਿਆਂ ਨੂੰ ਆਪਣੇ ਬੱਚੇ ਦੀ ਤਾਰੀਫ ਕਰਨੀ ਚਾਹੀਦੀ ਹੈ । ਇਸ ਨਾਲ ਤੁਹਾਡੇ ਬੱਚੇ ਦੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ ।

(ਖ)  ਦਿਨ ਵਿੱਚ ਕੁਝ ਸਮਾਂ ਬੱਚੇ ਨਾਲ ਇੱਕਠੇ ਸਾਰੇ ਪਰਿਵਾਰ ‘ਚ ਬਿਤਾਉ : ਮਾਪਿਆਂ ਨੂੰ ਆਪਣੇ ਬੱਚੇ ਨਾਲ ਦਿਨ ਵਿੱਚ ਕੁਝ ਸਮਾਂ  ਸਾਰੇ ਪਰਿਵਾਰ ਵਿੱਚ ਬਿਤਾਉਣ ਲਈ ਸਮਾਂ ਕੱਢਣਾ ਚਾਹੀਦਾ ਹੈ । ਅਜਿਹਾ ਸਮਾਂ ਰਾਤ ਦਾ ਖਾਣਾ ਖਾਣ ਸਮੇਂ ਇੱਕਠੇ ਬੈਠ ਕੇ ਕੱਢਿਆ ਜਾ ਸਕਦਾ ਹੈ ਅਤੇ ਅਜਿਹੇ ਸਮੇਂ ਬੱਚੇ ਨਾਲ ਪਰਿਵਾਰਕ ਰਿਸ਼ਤਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ । ਇੱਕਠਿਆਂ ਖਾਣਾ ਖਾਣ ਸਮੇਂ ਦਾਦਾ-ਦਾਦੀ ਨਾਲ ਬੱਚਾ ਪਰਿਵਾਰਕ ਰਿਸ਼ਤਿਆਂ ਵਾਰੇ ਜਾਣ ਸਕੇਗਾ । ਅਜਿਹੇ ਸਮੇਂ ਵਿਰਾਸਤੀ ਗੱਲਾਂ ਸਾਂਝੀਆਂ ਕਰਨ ਵਿੱਚ ਬੱਚੇ ਦੀ ਰੁਚੀ ਪੈਦਾ ਹੋਵੇਗੀ । ਪਰਿਵਾਰ ਦੇ ਇੱਕਠਿਆਂ ਬੈਠਣ ਨਾਲ ਬੱਚੇ ਵਿੱਚ ਪੈਦਾ ਹੋਇਆ ਪਰਿਵਾਰਕਤਣਾਅ ਦੂਰ ਹੋ ਜਾਵੇਗਾ । ਖਾਣਾ ਖਾਣ ਸਮੇਂ ਸਾਰੇ ਪਰਿਵਾਰ ਵਿੱਚ ਬੈਠਕੇ ਅੱਲ੍ਹੜ ਉਮਰ ਦੇ ਬੱਚਿਆਂ ਦੇ ਗੱਲਬਾਤ ਕਰਨ ਦੇ ਢੰਗ ਤਰੀਕਿਆਂ ਅਤੇ ਉਹਨਾਂ ਦੇ ਮਨ ਦੀ ਅਵਸਥਾ ਨੂੰ ਖੁਲ੍ਹੇ ਮਨ ਨਾਲ ਸਮਝਿਆ ਜਾ ਸਕਦਾ ਹੈ । ਇਹਨਾਂ ਅੱਲ੍ਹੜ ਬੱਚਿਆਂ ਅਤੇ ਮਾਪਿਆ ਦਾ ਖਾਣਾ ਖਾਣ ਸਮੇਂ ਇੱਕਠਿਆਂ ਬੈਠਕੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਨਾ ਆਪਸੀ ਰਿਸ਼ਤਿਆਂ ਦੀ ਮਜਬੂਤੀ ਵਿੱਚ ਸਹਾਈ ਹੁੰਦਾ ਹੈ ।

ਇਸ ਤਰ੍ਹਾਂ ਮਾਪਿਆਂ ਵੱਲੋਂ ਆਪਣੇ ਬੱਚੇ ਨਾਲ ਸਾਰਥਕਤਾ ਨਾਲ ਬਣਾਏ ਨਜਦੀਕੀਰਿਸ਼ਤੇ ਬੱਚੇ ਦੀ ਅਗਲੀ ਜਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ । ਆਪਣੇ ਬਚਪਨ ਵਿੱਚ ਮਾਪਿਆਂ ਕੋਲੋਂ ਬੁਨਿਆਦੀ ਸਮਾਜਕ ਕਦਰਾਂ-ਕੀਮਤਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾ ਕੇ ਮਨੁੱਖ ਦੇਸ਼ ਅਤੇ ਸਮਾਜ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ । ਸੋ, ਮਾਪਿਆਂ ਤੋਂ ਬਚਪਨ ਵਿੱਚ ਮਿਲੇ ਸੰਸਕਾਰ ਮਨੁੱਖ ਨੂੰ ਸਮਾਜ ਵਿੱਚ ਰਹਿਣ-ਸਹਿਣ, ਚੰਗਾ ਸੋਚਣ, ਚੰਗਾ ਸਮਝਣ ਅਤੇ ਆਤਮ-ਵਿਸ਼ਵਾਸ਼ੀ ਹੋ ਕੇ ਫੈਸਲੇ ਲੈਣ ਦੇ ਯੋਗ ਬਣਾਉਂਦੇ ਹਨ ।

ਲੇਖਕ- ਬਲਜਿੰਦਰ ਭਨੋਹੜ