ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ ਰਾਜਨੀਤੀ ਦੀਆਂ ਜੜ੍ਹਾਂ ਬਚਪਨ, ਕਿਸ਼ੋਰ ਅਵਸਥਾ ਜਾਂ ਚੜਦੀ ਜਵਾਨੀ ਦੀ ਉਮਰੇ ਲੱਭਣੀਆਂ ਹੋਣ ਤਾਂ ਕਲਾਸ ਦਾ ਮਨੀਟਰ ਹੋਣਾ, ਸਕੂਲ ਦੇ ਗਰੁੱਪਾਂ ਦਾ ਇੰਚਾਰਜ ਹੋਣਾ, ਇਸ ਦਿਸ਼ਾ ਵਿਚ ਇਕ ਮੌਕਾ ਪ੍ਰਦਾਨ ਕਰਦਾ ਹੈ। ਨਾਲ ਹੀ ਬੱਚਿਆਂ ਨੂੰ ਕਿਸੇ ਸਕੂਲ ਦੇ ਅੰਦਰ ਜਾਂ ਬਾਹਰ ਕਿਸੇ ਸਵੈ-ਸੇਵੀ ਸੰਸਥਾ ਨਾਲ ਜੋੜ ਕੇ, ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਨਾ ਵੀ ਜ਼ਰੀਆ ਹੈ। ਪੰਜਾਬ ਦੀ ਲੰਗਰ ਪਰੰਪਰਾ ਵਿਚ ‘ਵਰਤਾਵਾ ਹੋਣਾ ਵੀ’ ਇਸੇ ਦਾ ਹਿੱਸਾ ਹੈ। ਕਿਸੇ ਵੀ ਹੁੰਦੇ ਕੰਮ ਵਿਚ ਪਹਿਲ ਕਰਨੀ ਤੇ ਅੱਗੇ ਹੋ ਕੇ ਕਹਿਣਾ - "ਲਿਆਉ, ਮੈਂ ਕਰਦਾ ਹਾਂ"।
ਗਿਆਰਵੀਂ ਤਕ ਸਕੂਲ ਸੀ, ‘ਹਾਇਰ ਸੈਕੰਡਰੀ’ ਵੈਸੇ ਹਾਈ ਸਕੂਲ ਹੀ ਹੁੰਦੇ। ਜਿਸ ਸਾਲ ਮੈਂ ਦਸਵੀਂ ਕੀਤੀ, ਸੰਨ 1970 ਵਿਚ, ਉਸ ਸਾਲ ਇਕ ਨਵਾਂ ਨਿਯਮ ਆਇਆ ਕਿ ਬੱਚੇ ਦੀ ਮਰਜ਼ੀ ਹੈ, ਗਿਆਰਵੀਂ ਸਕੂਲ ਕਰਨ ਜਾਂ ਕਾਲਜ ਵੀ ਜਾ ਸਕਦੇ ਹਨ। ਅਸੀਂ ਕੁਝ ਦੋਸਤਾਂ ਨੇ ਮਸ਼ਵਰਾ ਕੀਤਾ ’ਤੇ ਕਾਲਜ ਜਾਣ ਦਾ ਮਨ ਬਣਾਇਆ। ਹੋ ਸਕਦਾ ਹੈ ਕਿਸੇ ਬੱਚੇ ਦੇ ਪਰਿਵਾਰ ਨੇ ਇਹ ਸੋਚਿਆ ਹੋਵੇ ਤੇ ਉਸ ਦੀ ਪਹਿਲ ਨੇ ਸਾਨੂੰ ਵੀ ਮਗਰ ਲਾ ਲਿਆ ਹੋਵੇ, ਉਮਰ ਵੀ ਅਜਿਹੀ ਹੁੰਦੀ ਹੈ, ਕਾਲਜ ਦਾ ਨਾਂ ਵੀ ਖਿੱਚ ਪਾਉਂਦਾ ਹੈ। ਮੇਰੇ ਘਰਦਿਆਂ ਵੱਲੋਂ ਤਾਂ ਕਿਸੇ ਤਰ੍ਹਾਂ ਦੀ ਫੈਸਲਾਕੁੰਨ ਰਾਏ ਸੀ ਹੀ ਨਹੀਂ। ਬਸ ਇਕ ਗੱਲ ਸੀ ਕਿ ਬੱਚਾ ਪੜ੍ਹੇ। ਉਹ ਦਿੱਕਤ ਨਹੀਂ ਸੀ। ਦਸਵੀਂ ਵਿਚੋਂ ਵੀ ਮੈਂ ਸਕੂਲ ਵਿਚੋਂ ਦੂਸਰੇ ਨੰਬਰ ਤੇ ਸੀ। ਕਾਲਜ ਵੀ ਫੀਸ ਮੁਆਫ਼ ਹੋਂ ਜਾਣੀ ਸੀ। ਖਰਚਾ ਕੋਈ ਵੱਧ ਨਹੀਂ ਸੀ।
ਮੈਡੀਕਲ ਵਿਸ਼ੇ ਲੈ ਕੇ, ਜੋ ਕਿ ਨੌਵੀਂ ਵਿਚ ਹੀ ਲੈ ਲਏ ਸੀ, ਡੀ.ਏ.ਵੀ. ਕਾਲਜ ਅਬੋਹਰ ਆ ਦਾਖਲ ਹੋਏ। ਮੇਰੇ ਨਾਲ ਜੋ ਸਾਥੀ ਪ੍ਰਾਈਮਰੀ ਤੋਂ ਤੁਰੇ ਆ ਰਹੇ ਸੀ, ਸੁਦੇਸ਼ ਛਾਬੜਾ, ਵਿਜੈ ਗੁਪਤਾ ਤੇ ਹੋਰ ਵੀ ਭਾਵੇਂ। ਗਿਆਰਵੀਂ ਵਿਚੋਂ ਕਾਲਜ ਦੀ ਪੜਾਈ ਦੌਰਾਨ ਫਸਟ ਆਇਆ ਤਾਂ ਇਕ ਦੋਸਤ ਨੇ ਡੀ.ਏ.ਵੀ. ਕਾਲਜ ਚੰਡੀਗੜ ਦੇ ਦਾਖਲੇ ਦਾ ਇਸ਼ਤਿਹਾਰ ਪੜ੍ਹਿਆ ਤੇ ਪ੍ਰਿੰਸੀਪਲ ਤਰਲੌਕੀ ਨਾਥ ਨੂੰ ਚਿੱਠੀ ਲਿਖ ਦਿੱਤੀ। ਉਨ੍ਹਾਂ ਨੇ ਵਾਪਸੀ ਚਿੱਠੀ ਰਾਹੀਂ ਦਾਖਲੇ ਲਈ ਸਵਾਗਤੀ ਸ਼ਬਦ ਲਿਖੇ। ਅਸੀਂ ਦੋਹੇਂ ਪਹੁੰਚ ਗਏ। ਫੀਸ ਉਥੇ ਮੁਆਫ ਤਾਂ ਨਹੀ ਹੋਈ, ਅੱਧੀ ਹੋ ਗਈ। ਕੁਝ ਮੈਸ ਦਾ ਖਰਚਾ, ਜੋ ਵੀ ਹੈ, ਮੇਰੀ ਚੰਗੀ ਆਸ ਕਿ ਘਰਦਿਆਂ ਨੇ ਬਾਹਰਵੀਂ ਕਰਨ ਚੰਡੀਗੜ੍ਹ ਭੇਜ ਦਿੱਤਾ। ਹੋ ਸਕਦਾ ਹੈ, ਕਈਆਂ ਨੇ ਉਤਸ਼ਾਹਿਤ ਕੀਤਾ ਹੋਵੇ ਕਿ ਚੰਗੇ ਕਾਲਜ ਪੜ੍ਹੇਗਾ ਤਾਂ ਚੰਗੇ ਨੰਬਰ ਆ ਜਾਣਗੇ, ਚੰਗੇ ਕੋਰਸ ਵਿਚ ਦਾਖਲਾ ਮਿਲ ਜਾਵੇਗਾ।
ਚੰਡੀਗੜ ਵਿਚ ਕਈ ਸੈਕਸ਼ਨ ਸਨ। ਸਾਡੇ ਵਰਗੇ ਪੂਰੇ ਪੰਜਾਬ ਤੋਂ ਲੋਕ ਜਾਂਦੇ। ਅੱਜ ਜਿਵੇਂ ‘ਨੀਟ'’ ਦੀ ਤਿਆਰੀ ਲਈ ਜਾਂਦੇ ਨੇ। ਪਰ ਉਹ ਸਮਾਂ ਇਸ ਤਰ੍ਹਾਂ ਮੋਟੀਆਂ ਫੀਸਾਂ ਲੈ ਕੇ, ਫਰਜ਼ੀ ਦਾਖਲਿਆਂ ਵਾਲਾ ਨਹੀਂ ਸੀ। ਜਿਵੇਂ ਦੱਸਿਆਂ ਅੱਧੀ ਫੀਸ ਮੁਆਫ਼ ਹੋਈ। ਮੈਨੂੰ ਬੀ. ਸੈਕਸ਼ਨ ਮਿਲਿਆ। ਇਹ ਗੱਲ ਬਾਅਦ ਵਿਚ ਪਤਾ ਚੱਲੀ ਕਿ ਕਾਲਜ ਦਾ ਪੂਰਾ ਜ਼ੋਰ ‘ਏ’ ਸੈਕਸ਼ਨ ਨੂੰ ਤਿਆਰੀ ਕਰਵਾਉਣ ਵੱਲ ਹੁੰਦਾ। ਇੱਥੇ ਅਧਿਆਪਕ ਵੀ ਵਧੀਆ ਲੱਗਦੇ, ਜੋ ਵਧ ਜ਼ੋਰ ਲਗਾਉਂਦੇ। ਵਧੀਆ ਨਤੀਜਾ ਟੀਚਾ ਹੁੰਦਾ ਤਾਂ ਜੋ ਆਖਰ ਤੇ ਅਖਬਾਰ ਦੀ ਖਬਰ ਬਣ ਸਕੇ। ਇਕ ਵਧੀਆ ਇਸ਼ਤਿਹਾਰ ਤਿਆਰ ਹੋ ਸਕੇ।
ਸਿੱਖਿਆ ਵਿਚ ਇਹ ਵੀ ਸਿਆਸਤ ਹੀ ਹੈ ਕਿ ਕੁਝ-ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ਵੱਧ ਸਮਾਂ ਦੇਣਾ, ਵੱਧ ਮਿਹਨਤ ਕਰਨੀ। ਨਤੀਜੇ ਵਧੀਆ ਹੋਣਗੇ ਤਾਂ ਅਗਲੇ ਸਾਲ ਵੱਧ ਵਿਦਿਆਰਥੀ ਖਿੱਚੇ ਜਾਣਗੇ। ਜਦੋਂ ਕਿ ਜੋ ਬੱਚਾ ਕਮਜ਼ੋਰ ਹੈ, ਉਸ ਤੇ ਵੱਧ ਮਿਹਨਤ ਕੀਤੀ ਜਾਵੇ। ਇਹ ਭਾਵਨਾ ਸਿੱਖਿਆ ਦਾ ਦਸਤੂਰ ਹੋਵੇ। ਪਰ ਜਦੋਂ ਕਿਸੇ ਵੀ ਪਹਿਲੂ ਨਾਲ ਵਪਾਰ ਜੁੜ ਜਾਂਦਾ ਹੈ, ਫਿਰ ਇਸ ਦੀ ਆਸ ਨਹੀ ਰਹਿੰਦੀ।
ਖੇਰ! ਜੋ ਹੈ, ਬਾਹਰਵੀਂ ਹੋ ਗਈ। ਮੈਡੀਕਲ ਕਾਲਜ ਲਈ ਦਾਖਲਾ ਫਾਰਮ ਭਰਿਆ। ਅੰਮ੍ਰਿਤਸਰ ਇੰਟਰਵਿਊ ਸੀ ਉਸ ਸਾਲ। ਵੱਡੇ ਭਾਈ ਸਾਹਿਬ ਆਏ ਨਾਲ। ਅਬੋਹਰ ਤੋਂ ਤਿੰਨ ਵਿਦਿਆਰਥੀ ਸੀ। ਸਗੋਂ ਅਬੋਹਰ ਪੜ੍ਹੇ ਦੋਹੇਂ ਵਿਦਿਆਰਥੀਆਂ ਨੂੰ ਦਾਖਲਾ ਮਿਲ ਗਿਆ। ਮੈਂ ਕੁਝ-ਕੁ ਨੰਬਰਾਂ ਤੋਂ ਰਹਿ ਗਿਆ। ਮੇਰੇ ਨੰਬਰ 67 ਫੀਸਦੀ ਸੀ। ਅੱਜ ਸੋਚਦਾ ਹਾਂ ਕਿ ਜੇ ਅਬੋਹਰ ਹੀ ਰਹਿ ਜਾਂਦਾ ਤਾਂ ਕੁਝ ਫੀਸਦੀ ਨੰਬਰ ਵੱਧ ਆ ਸਕਦੇ ਸੀ। ਪੇਪਰ ਤਾਂ ਬਾਹਰ ਭੇਜੇ ਜਾਂਦੇ ਹਨ ਪਰ ਪ੍ਰੈਕਟੀਕਲ ਵਿਚ ਅਧਿਆਪਕ ਵੀ ਰਚੀ ਲੈਂਦਾ ਹੈ ਕਿ ਉਸ ਦੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਣ ਤੇ ਉਹ ਖੁਦ ਕਹਿ ਦੇ ਕੁਝ ਨੰਬਰ ਵੱਧ ਲਗਵਾਉਂਦਾ ਹੈ। ਪਰ ਅਬੋਹਰ ਰਹਿ ਕੇ ਪੜ੍ਹਨ ਦੀ ਸਲਾਹ ਕੌਣ ਦਿੰਦਾ? ਕੋਈ ਅਜਿਹੀ ਸੋਚ ਵਾਲਾ ਮੈਂਟਰ (ਰਾਹ ਦਸੇਰਾ) ਹੋਵੇ।
ਇਸ ਤਰ੍ਹਾਂ ਦੇ ਨਤੀਜੇ ਪਿੱਛੇ ਕਿ ਮੈਨੂੰ ਦਾਖਲਾ ਨਾ ਮਿਲ ਸਕਿਆ, ਇੱਕ ਕਾਰਨ ਇਹ ਵੀ ਸੀ ਕਿ ਉਸ ਵਰ੍ਹੇ ਇਸ ਆਧਾਰ ਤੇ ਦਾਖਲਾ ਮਿਲਣ ਦਾ ਨੇਮ ਬਣਿਆ ਕਿ ਜਿਸ ਨੇ ਬੀ.ਐਸ.ਸੀ. ਮੈਡੀਕਲ, ਫਸਟ ਡਵੀਜਨ ਵਿਚ ਕੀਤੀ ਹੈ, ਉਸਨੂੰ ਪਹਿਲ। ਤੇ ਕਾਫ਼ੀ ਸੀਟਾਂ ਭਰ ਗਈਆਂ ਤੇ ਬਾਰਵੀਂ ਕਰਕੇ ਆਏ ਬਹੁਤੇ ਵਿਦਿਆਰਥੀ ਰਹਿ ਗਏ।
ਮੈਂ ਵਾਪਸ ਆ ਕੇ, ਅਬੋਹਰ ਬੀ.ਐਸ.ਸੀ. ਮੈਡੀਕਲ ਵਿਚ ਦਾਖਲਾ ਲਿਆ।
ਕਿਸੇ ਵੀ ਹਾਲਤ ਵਿਚ ਦਿੱਕਤ ਨਹੀਂ ਸੀ। ਪੜਾਈ ਪ੍ਰਤੀ ਤਨਾਅ ਨਹੀਂ, ਟਿਕਾਅ ਦੀ ਹਾਲਤ ਸੀ। ਬੀ.ਐਸ.ਸੀ. ਦੋ ਸਾਲਾ ਕੌਰਸ ਸੀ। ਪਹਿਲੇ ਸਾਲ ਮੈਂ ਪੂਰੀ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਵਿਚੋਂ ਸੈਕੰਡ ਆਇਆ। ਕੈਮੀਸਟਰੀ ਵਿਸ਼ੇ ਵਿਚੋਂ ਯੂਨੀਵਰਸਿਟੀ ਵਿਚੋਂ ਫਸਟ। ਟਿਕਾਅ ਹੋਵੇ ਤਾਂ ਪੜਾਈ ਦਾ ਮਜ਼ਾ ਹੀ ਹੋਰ ਹੈ ਤੇ ਉਸ ਦੇ ਹਾਸਲ ਵੀ ਵੱਧ ਲਾਹੇਵੰਦ ਹੁੰਦੇ ਹਨ।
ਇਕ ਪੱਖ ਹੋਰ ਵੀ ਹੈ, ਜੋ ਬਾਅਦ ਵਿਚ ਪਤਾ ਚੱਲਿਆ ਕਿ ਕਿਵੇਂ ਅਜਿਹੇ ਵੱਕਾਰੀ ਕੋਰਸਾਂ ਨੂੰ ਲੋ ਕੇ, ਉੱਚੇ ਉਹਦਿਆਂ ਤੇ ਬੈਠੇ ਲੋਕ, ਆਪਣੇ ਬੱਚਿਆਂ-ਨਜ਼ਦੀਕੀਆਂ ਨੂੰ ਦਾਖਲਾ ਦਿਵਾਉਣ ਲਈ, ਦਾਖਲੇ ਦੇ ਨੇਮਾਂ ਵਿਚ ਰਾਤੋ-ਰਾਤ ਤਬਦੀਲੀ ਲੈ ਆਉਂਦੇ ਹਨ। ਮੇਰੇ ਦਾਖਲੇ ਵਾਲੇ ਸਾਲ ਫਿਰ ਨੇਮਾਂ ਵਿਚ ਤਬਦੀਲੀ ਹੋਈ ਕਿ ਦਾਖਲਾ ਬਾਰਵੀਂ ਦੀ ਮੈਰਿਟ ’ਤੇ ਹੀ ਹੋਵੇਗਾ, ਬੀ.ਐਸ.ਸੀ. ਕਰਕੇ ਆਏ ਵਿਦਿਆਰਥੀਆਂ ਨੂੰ 4 ਫੀਸਦੀ ਵਾਧੇ ਦਾ ਹੱਕ ਹੋਵੇਗਾ। ਕਈਆਂ ਨੂੰ ਇਸ ਨੇਮ ਨੇ ਮੈਰਿਟ ਵਿਚੋਂ ਬਾਹਰ ਕੱਢ ਦਿੱਤਾ ਜੋ ਸੋਚ ਕੇ ਬੈਠੇ ਸਨ। ਸਬੱਬੀਂ ਮੈਨੂੰ ਦਾਖਲਾ ਮਿਲ ਗਿਆ।
ਅਜਿਹਾ ਮੇਰੇ ਮਿੱਤਰ ਡਾ. ਵਿਮਲ ਸੀਕਰੀ ਨਾਲ ਹੋਇਆ, ਜੋ ਬੀ.ਐਸ.ਸੀ. ਦੇ ਪਹਿਲੇ ਭਾਗ ਵਿਚ ਯੂਨੀਵਰਸਿਟੀ ਵਿਚੋਂ ਫਸਟ ਸੀ ਤੇ ਫਸਟ ਡਿਵੀਜਨ ਉਸ ਦੀ ਬਾਹਰਵੀਂ ਵਿਚੋਂ ਹੀ, ਪਰ ਨਵਾਂ ਨੇਮ ਤਹਿਤ, ਸਿਰਫ 4 ਫੀਸਦੀ ਨੰਬਰ ਦਿੱਤੇ ਜਾਣ ਤੇ ਵੀ ਉਹ ਖੁੰਝ ਗਿਆ। ਹੁਣ ਤਾਂ ਰਾਜਨੀਤੀ ਅਤੇ ਪੜ੍ਹਾਈ ਸਨਅਤ ਨੇ ਨਵਾਂ ਪੈਂਤੜਾਂ ‘ਨੀਟ’ ਲੈ ਆਂਦਾ ਹੈ। ਜਿਸ ਨੇ ਮੈਡੀਕਲ ਦੀ ਪੜ੍ਹਾਈ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਇਆ ਹੈ।
ਸਕਾਊਟ ਵਾਲੀ ਚੇਟਕ ਕਾਲਜ ਆ ਕੇ ਐਨ.ਐਸ.ਐਸ. ਦੇ ਜ਼ਰੀਏ ਪ੍ਰਗਟ ਹੋਈ। ਵੈਸੇ, ਅਜਿਹੇ ਅਕਾਦਮਿਕ ਦਾਇਰਿਆ ਤੋਂ ਬਾਹਰ ਵਾਲੇ ਕੰਮ ਵਿਗਿਆਨ ਦੇ ਵਿਦਿਆਰਥੀਆਂ ਤੋਂ ਦੂਰ ਹੀ ਰੱਖੇ ਜਾਂਦੇ ਹਨ। ਇਹਨਾਂ ਨੂੰ ਸਮਾਂ ਬਰਬਾਦੀ ਸਮਝਿਆ ਜਾਂਦਾ ਹੈ। ਮੈਂ ਐਨ.ਐਸ.ਐਸ. ਯੂਨਿਟ ਦਾ ਵਿਦਿਆਰਥੀ ਲੀਡਰ ਬਣ ਗਿਆ। ਲੀਡਰਸ਼ਿਪ ਦਾ ਨਾਂ ਹੀ ਕੋਈ ਸ਼ੋਕ ਸੀ, ਨਾ ਹੀ ਝੁਕਾਅ। ਪਰ ਪੂਰੇ ਯੂਨਿਟ ਵਿਚੋਂ ਸੀਨੀਅਰ ਕਲਾਸ ਦਾ ਅਤੇ ਲਾਇਕ ਵਿਦਿਆਰਥੀ ਹੋਣ ਦੇ ਨਾਤੇ, ਮੈਨੂੰ ਇੰਚਾਰਜ ਬਣਾ ਦਿੱਤਾ। ਬਹੁਤੀਆਂ ਥਾਵਾਂ ’ਤੇ ਖਾਸਕਰ ਵਿਦਿਅਕ ਅਦਾਰਿਆਂ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ। ਲੀਡਰਸ਼ਿਪ, ਆਗੂ ਹੋਣ ਦੇ ਗੁਣ ਨਹੀਂ ਦੇਖੇ-ਪਰਖੇ ਜਾਂਦੇ।
ਉਂਜ ਕਾਲਜ ਵਿਚ ਵਿਦਿਆਰਥੀ ਸੰਗਠਨ ਵੀ ਸੀ। ਰਾਜਨੀਤਿਕ ਗਰੁੱਪਾਂ ਵਿਚ ਹੁਣ ਤਾਂ ਸਾਰੀਆਂ ਕੌਮੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਮੌਜੂਦ ਹਨ। ਕਾਲਜ ਵਿਚ ਹੜਤਾਲਾਂ ਹੁੰਦੀਆਂ, ਮੰਗਾਂ ਰੱਖੀਆਂ ਜਾਂਦੀਆਂ, ਨਾਅਰੇਬਾਜ਼ੀ ਹੁੰਦੀ, ਕਾਲਜ ਬੰਦ ਵੀ ਕੀਤਾ ਜਾਂਦਾ। ਮੈਨੂੰ ਵੀ ਹੋਰਾਂ ਵਾਂਗ ਇਹ ਸਭ ਸਮਾਂ ਬਰਬਾਦੀ ਵੱਧ ਲੱਗਦਾ। ਬਾਕੀ ਘਰ ਦੀ ਹਾਲਤ। ਘਰ ਦੇ ਕੰਮਾ ਤੋਂ ਸਮਾਂ ਕੱਢਣਾ, ਕਿਉਂ ਜੋ ਜਦੋਂ ਤਕ ਅਬੋਹਰ ਰਿਹਾ, ਭਰਾਵਾਂ ਦੇ ਕਰਿਆਨੇ ਦੀ ਦੁਕਾਨ ਤੇ, ਜਦੋਂ ਲੋੜ ਪੈਂਦੀ, ਘੰਟਾ-ਦੋ ਘੰਟੇ ਬੈਠ ਆਉਂਦਾ। ਜੋ ਥੋੜਾ ਬਹੁਤ ਕਾਲਜ ਦਾ ਖਰਚਾ ਸੀ, ਉਹ ਦੁਕਾਨ ਤੋਂ ਹੀ ਨਿਕਲਣਾ ਸੀ।
ਕਾਲਜ ਦੇ ਐਨ.ਐਸ.ਐਸ. ਕੈਂਪ ਦੌਰਾਨ, ਖਾਸ ਕਰ ਸਲਾਨਾ ਸਮਾਗਮ ਵਿਚ ਇਲਾਕੇ ਦੇ ਵਿਧਾਇਕ ਜਾਂ ਹੋਰ ਆਗੂ ਬੁਲਾਏ ਜਾਂਦੇ। ਇਕ ਵਾਰੀ, ਇਲਾਕੇ ਦੇ ਐਮ.ਐਲ.ਏ. ਸ਼੍ਰੀ ਬਲਰਾਮ ਜਾਖੜ, ਜੋ ਬਾਅਦ ਵਿਚ ਮੱਧਪ੍ਰਦੇਸ਼ ਦੇ ਗਵਰਨਰ ਵੀ ਬਣੇ, ਅਤੇ ਸਭ ਤੋਂ ਲੰਮਾ ਸਮਾਂ ਸੰਸਦ ਵਿਚ ਸਪੀਕਰ ਰਹੇ, ਉਨ੍ਹਾਂ ਨੂੰ ਬੁਲਾਇਆ ਗਿਆ। ਯੂਨਿਟ ਦਾ ਵਿਦਿਆਰਥੀ ਇੰਚਾਰਜ ਹੋਣ ਦੇ ਨਾਤੇ, ਫੁੱਲਾਂ ਦਾ ਗੁਲਦਸਤਾ ਦੇਣ ਲਈ ਮੈਨੂੰ ਕਿਹਾ ਗਿਆ। ਮੈਂ ਗੁਲਦਸਤਾ ਫੜਾ ਰਿਹਾ ਸੀ ਤਾਂ ਸਾਡੇ ਅਧਿਆਪਕ ਨੇ ਮੇਰੀ ਜਾਣ-ਪਛਾਣ ਕਰਵਾਈ, ‘ਇਹ ਹੈ ਸ਼ਿਆਮ’ ਤੇ ਫਿਰ ਆਪਣੇ ਨੇਤਾਵੀ ਅੰਦਾਜ਼ ਵਿੱਚ ਕਿਹਾ, "ਇਹ ਸ਼ਾਮ ਤੇ ਮੈਂ ਬਲਰਾਮ।" ਤੇ ਮੈਨੂੰ ਕਲਾਵੇ ਵਿਚ ਲੈ ਕੇ ਕਹਿੰਦੇ, ''ਦੋਹੇਂ ਭਰਾ”। ਇਸ ਨੂੰ ਨੇਤਾਵਾਂ ਦਾ, ਨੌਜਵਾਨਾਂ ਨੂੰ ਨਾਲ ਜੋੜਣ ਦਾ ਤਰੀਕਾ ਵੀ ਕਹਿ ਸਕਦੇ ਹਾਂ।
ਮੈਂ ਆਪਣੇ ਪਰਿਵਾਰਕ ਪਿਛੋਕੜ, ਪਰਿਵਾਰਕ ਮਾਹੌਲ, ਮੁੜ ਵਸੇਵੇ ਦੇ ਚੱਕਰ, ਰਿਫੂਜ਼ੀ ਸੁਣੇ ਜਾਣ ਦੀ ਹੀਣਭਾਵਨਾ ਤੇ ਸਭ ਤੋ ਵੱਧ ਆਪਣਾ ਮਾਂ ਬੋਲੀ, ਬਹਾਵਲਪੁਰੀ ਦੇ ਕੁਝ ਸ਼ਬਦਾਂ ਦਾ ਮਜ਼ਾਕ ਉਡਦੇ ਦੇਖਣਾ ਜਿਵੇਂ, ਘਿਣ, ਘੱਤ, ਵੱਲ, ਚੱਪਾ, ਖਾਸੀ, ਮੁਮਜੀ, ਵੇਸੀਂ ਆਦਿ ਸਭ ਦਾ ਮਿਲਿਆ-ਜਲਿਆ ਪ੍ਰਭਾਵ ਹੀ ਸੀ ਕਿ ਮੈਂ ਅੰਦਰਮੁਖੀ ਵੱਧ ਸੀ, ਜੋ ਮੈਂ ਕਾਫ਼ੀ ਹੱਦ ਤਕ ਅੱਜ ਵੀ ਹਾਂ। ਕੁਝ ਉਚੇਚੇ ਤੌਰ ਤੇ ਕੋਸ਼ਿਸ਼ ਕੀਤੀ ਹੈ, ਪਰ ਹਾਲੇ ਵੀ ਝਾਕਾ ਹੈ ਤੇ ਇਕ ਦਿੱਕਤ ਬਰਕਰਾਰ ਹੈ। ਮੌਕੇ ਵੀ ਮਿਲਦੇ ਹਨ ਭਾਵੇਂ, ਪਰ ਅੰਦਰ ਇਕ ਝਿਝਕ, ਰੁਕਾਵਟ ਬਣੀ ਹੋਈ ਹੈ।
ਜਾਖੜ ਪਰਿਵਾਰ, ਸ਼ੁਰੂ ਤੋਂ ਹੁਣ ਤਕ ਰਾਜਨੀਤੀ ਵਿਚ ਬਣਿਆ ਹੋਇਆ ਹੈ, ਸਾਲ 1973 ਵਿਚ, ਤਕਰੀਬਨ ਅੱਧੀ ਸਦੀ ਪਹਿਲਾਂ ਸ੍ਰੀ ਬਲਰਾਮ ਜਾਖੜ ਨੇ ਛੋਟਾ ਭਰਾ ਕਿਹਾ। ਉਨ੍ਹਾਂ ਦਾ ਬੇਟਾ ਸੁਨੀਲ ਜਾਖੜ ਅਜੇ ਤੱਕ ਸਰਗਰਮ ਹੈ। ਮੈਂ ਅੱਜ ਤਕ ਕਦੇ, ਇਸ ਪਾਸੇ ਚਾਹ ਨਹੀਂ ਕੀਤੀ। ਜਿਵੇਂ ਅਕਸਰ ਲੋਕ ਕਰਦੇ ਨੇ, ਹੈਲੋ-ਹਾਏ ਦਾ ਰਿਸ਼ਤਾ ਬਣਾ ਕੇ ਰਖਦੇ ਹਨ, ਪਤਾ ਨਹੀਂ ਇਹ ਘਾਟ ਹੈ, ਕੀ ਹੈ, ਕੀ ਸਿਰਲੇਖ ਦੇਵੇਗਾ ਕੋਈ ਇਸ ਸੁਭਾਅ ਨੂੰ, ਪਤਾ ਨਹੀਂ।