ਹਰਮਨਪ੍ਰੀਤ ਕੌਰ ਹੁਣ ਭਾਰਤੀ ਮਹਿਲਾ ਵਨਡੇ ਟੀਮ ਵਿੱਚ ਮਿਤਾਲੀ ਰਾਜ ਦੀ ਥਾਂ ਲਵੇਗੀ। ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਵਨਡੇ ਟੀਮ ਦੀ ਕਮਾਨ ਸੌਂਪੀ ਗਈ ਹੈ। ਮਿਤਾਲੀ ਰਾਜ ਦੇ ਸੰਨਿਆਸ ਤੋਂ ਬਾਅਦ ਹਰਮਨਪ੍ਰੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਭਾਰਤ ਦੀ ਟੀ-20 ਟੀਮ ਦੀ ਕਮਾਨ ਵੀ ਫਿਲਹਾਲ ਉਨ੍ਹਾਂ ਕੋਲ ਹੀ ਰਹੇਗੀ।
ਭਾਰਤੀ ਮਹਿਲਾ ਟੀਮ ਇਸ ਮਹੀਨੇ ਦੇ ਅੰਤ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਹੋਵੇਗੀ। ਇੱਥੇ ਉਹ 3 ਟੀ-20 ਅਤੇ 3 ਵਨਡੇ ਮੈਚ ਖੇਡੇਗੀ। ਪਹਿਲਾ ਮੈਚ 23 ਜੂਨ ਨੂੰ ਖੇਡਿਆ ਜਾਵੇਗਾ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਮਿਤਾਲੀ ਦੇ ਸੰਨਿਆਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਸਮ੍ਰਿਤੀ ਮੰਧਾਨਾ ਨੂੰ ਵਨਡੇ ਦੀ ਕਪਤਾਨੀ ਮਿਲੇਗੀ ਪਰ ਚੋਣਕਾਰਾਂ ਨੇ ਟੀ-20 ਟੀਮ ਦੀ ਕਪਤਾਨੀ ਹਰਮਨਪ੍ਰੀਤ ਨੂੰ ਇਹ ਜ਼ਿੰਮੇਵਾਰੀ ਦੇਣਾ ਠੀਕ ਸਮਝਿਆ।
ਸ਼੍ਰੀਲੰਕਾ ਦੇ ਖਿਲਾਫ ਭਾਰਤ ਦੀ ਵਨਡੇ ਟੀਮ ਤੋਂ ਝੂਲਨ ਗੋਸਵਾਮੀ ਨੂੰ ਬਾਹਰ ਰੱਖਿਆ ਗਿਆ ਹੈ। ਸਨੇਹ ਰਾਣਾ ਨੂੰ ਵੀ ਜਗ੍ਹਾ ਨਹੀਂ ਦਿੱਤੀ ਗਈ ਹੈ। ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਲਾਮੀ ਬੱਲੇਬਾਜ਼ ਐੱਸ ਮੇਘਵਾਲ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ 'ਚ ਸ਼ਾਮਲ ਕੀਤਾ ਗਿਆ ਹੈ। ਜੇਮਿਮਾ ਰੌਡਰਿਗਜ਼, ਜੋ ਭਾਰਤ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਸੀ, ਨੂੰ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਧਾ ਯਾਦਵ ਦੀ ਵੀ ਵਾਪਸੀ ਹੋਈ ਹੈ।
ਭਾਰਤ ਵਨਡੇ ਟੀਮ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਵਿਕੇਟਕੀਪਰ), ਐਸ ਮੇਘਨਾ, ਦੀਪਤੀ ਸ਼ਰਮਾ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਸਿਮਰਨ ਬਹਾਦਰ, ਰਿਚਾ ਘੋਸ਼ (ਵਿਕੇਟਕੀਪਰ), ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਸਿੰਘ, ਤਾਨੀਆ ਭਾਟੀਆ (ਵਿਕੇਟਕੀਪਰ), ਹਰਲੀਨ ਦਿਓਲ।