ਜੈਵਲਿਨ ਥ੍ਰੋ 'ਚ ਦੇਵੇਂਦਰ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਜਿੱਤਿਆ ਸਿਲਵਰ

ਦੇਵੇਂਦਰ ਝਾਝਰੀਆ ਤੇ ਸੁੰਦਰ ਸਿੰਘ ਗੜਜੂਰ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਜੈਵਲਿਨ ਥ੍ਰੋ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਭਾਰਤ ਦੇ ਖਾਤੇ ਵਿੱਚ ਦੋ ਹੋਰ ਤਗਮੇ ਪਾਏ ਹਨ। ਦੇਵੇਂਦਰ ਝਾਝਰੀਆ ਨੇ ਚਾਂਦੀ ਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਨਾਲ ਭਾਰਤ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਕੁੱਲ 7 ਤਮਗੇ ਜਿੱਤੇ ਹਨ। ਸੋਨ ਤਗਮਾ ਸ੍ਰੀਲੰਕਾ ਦੇ ਮੁਦਿਆਨਸੇਲਜ ਹੇਰਾਥ ਨੇ ਜਿੱਤਿਆ ਹੈ। ਉਸ ਨੇ 67.79 ਮੀਟਰ ਦਾ ਥ੍ਰੋਅ ਸੁੱਟਿਆ। ਇਸ ਦੇ ਨਾਲ ਹੀ ਦੇਵੇਂਦਰ ਨੇ 64.35 ਮੀਟਰ ਤੇ ਸੁੰਦਰ ਸਿੰਘ ਨੇ 64.01 ਮੀਟਰ ਦੂਰ ਸੁੱਟਿਆ।

ਦੇਵੇਂਦਰ ਨੇ ਤੀਜੀ ਕੋਸ਼ਿਸ਼ ਵਿੱਚ ਪੱਕਾ ਕੀਤਾ ਚਾਂਦੀ ਦਾ ਤਗਮਾ

40 ਸਾਲਾ ਦੇਵੇਂਦਰ ਝਾਝਰੀਆ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.28 ਮੀਟਰ ਦੀ ਜੈਵਲਿਨ ਥ੍ਰੋਅ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 60.62 ਮੀਟਰ ਅਤੇ ਤੀਜੀ ਕੋਸ਼ਿਸ਼ ਵਿੱਚ 64.35 ਮੀਟਰ ਦੀ ਦੂਰੀ ਲਈ ਜੈਵਲਿਨ ਸੁੱਟਿਆ। ਅਖੀਰ ਵਿੱਚ ਉਸਦੀ ਤੀਜੀ ਕੋਸ਼ਿਸ਼ ਚਾਂਦੀ ਦਾ ਤਗਮਾ ਜਿੱਤਣ ਲਈ ਕਾਫ਼ੀ ਸਾਬਤ ਹੋਈ। ਦੇਵੇਂਦਰ ਨੇ ਸ਼੍ਰੀਲੰਕਾਈ ਖਿਡਾਰੀ ਨੂੰ ਸਖ਼ਤ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸਦੀ ਚੌਥੀ ਅਤੇ ਪੰਜਵੀਂ ਕੋਸ਼ਿਸ਼ ਅਸਫਲ ਰਹੀ। ਆਪਣੀ ਛੇਵੀਂ ਕੋਸ਼ਿਸ਼ ਵਿੱਚ ਝਾਝਰੀਆ ਨੇ 61.23 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ।

ਦੂਜੇ ਪਾਸੇ, ਸੁੰਦਰ ਗੁਰਜਰ ਆਪਣੀਆਂ ਪਹਿਲੀਆਂ ਚਾਰ ਕੋਸ਼ਿਸ਼ਾਂ ਤੋਂ ਬਾਅਦ ਸਿਰਫ 62.26 ਮੀਟਰ ਤੱਕ ਜੈਵਲਿਨ ਸੁੱਟ ਸਕਿਆ ਅਤੇ ਚੌਥੇ ਸਥਾਨ 'ਤੇ ਰਿਹਾ। ਹਾਲਾਂਕਿ, ਪੰਜਵੀਂ ਕੋਸ਼ਿਸ਼ ਵਿੱਚ ਗੁਰਜਰ ਨੇ 64.01 ਮੀਟਰ ਦੀ ਦੂਰੀ ਤੈਅ ਕਰਕੇ ਇਸ ਮੁਕਾਬਲੇ ਵਿੱਚ ਭਾਰਤ ਲਈ ਦੋਹਰੀ ਸਫਲਤਾ ਯਕੀਨੀ ਬਣਾਈ।