ਅਜ਼ੋਕਾ ਇਨਸਾਨ ਕਿੱਧਰ ਨੂੰ ਤੁਰਿਆ

ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਪਲ ਦਾ ਲੁਫਤ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਦੁਰਲਭ ਹੈ। ਸੁੱਖ-ਦੁੱਖ ਜ਼ਿੰਦਗੀ ਦੇ ਪਰਛਾਵੇਂ ਹੁੰਦੇ ਹਨ। ਜਦੋਂ ਦੁੱਖ ਆਉਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਨੇੜੇ ਕੌਣ ਲੱਗਾ ਸੀ। ਕਿਸ ਨੇ ਸਾਡੀ ਮੁਸੀਬਤ ਵੇਲੇ ਮਦਦ ਕੀਤੀ ਸੀ। ਅੱਜ ਜ਼ਮਾਨਾ ਬਹੁਤ ਬਦਲ ਚੁੱਕਿਆ ਹੈ। ਜੇ ਤੁਹਾਡੀ ਜੇਬ ਵਿੱਚ ਚਾਰ ਪੈਸੇ ਹਨ ਤਾਂ ਹੀ ਕੋਈ ਤੁਹਾਡੇ ਨੇੜੇ ਖੜਦਾ ਹੈ। ਇਨਸਾਨ ਤੁਹਾਡੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। ਮਤਲਬ ਰੱਖ ਕੇ ਹੀ ਕੋਈ ਇਨਸਾਨ ਦੋਸਤੀ ਕਰਦਾ ਹੈ। ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਫਿਰ ਉਹ ਇਨਸਾਨ ਤੂੰ ਕੌਣ, ਮੈਂ ਕੌਣ ਹੋ ਜਾਂਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਜੇ ਕਿਸੇ ਇਨਸਾਨ ਤੇ ਮੁਸੀਬਤ ਵੀ ਆ ਜਾਵੇ, ਤਾਂ ਸਾਰਾ ਪਿਡ ਉਸ ਦੀ ਮੁਸੀਬਤ ਵਿੱਚ ਮਦਦ ਕਰਦਾ ਸੀ। ਹਾਲਾਂਕਿ ਪੈਸੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀ। ਮਿਹਣੇ ਵੀ ਨਹੀਂ ਮਾਰੇ ਜਾਂਦੇ ਸਨ। ਅੱਜ ਪੈਸੇ ਦੀ ਹੋੜ੍ਹ ਜ਼ਿਆਦਾ ਲੱਗੀ ਹੋਈ ਹੈ। ਇਨਸਾਨ ਧਰਤੀ ਤੇ ਜੋ ਕੰਮ ਕਰਨ ਲਈ ਆਇਆ ਸੀ, ਉਹ ਭੁੱਲ ਚੁੱਕਾ ਹੈ। ਦੇਖੋ ਪੈਸਾ ਗੁਜਰਾਨ ਲਈ ਹੈ। ਪੈਸਾ ਹੋਣਾ ਵੀ ਚਾਹੀਦਾ ਹੈ। ਜੇ ਚਾਰ ਪੈਸੇ ਜੇਬ ਵਿੱਚ ਨਹੀਂ ਹੁੰਦੇ ਤਾਂ ਨੇੜੇ ਕੋਈ ਨਹੀਂ ਲੱਗਦਾ। ਪਰ ਅੱਜ ਦਾ ਇਨਸਾਨ ਜ਼ਿੰਦਗੀ ਦਾ ਅਸਲੀ ਮਹੱਤਵ ਭੁੱਲ ਚੁੱਕਾ ਹੈ। ਛੱਲ-ਕਪਟ, ਝੂਠ, ਪੈਸੇ ਦੇ ਬਲਬੂਤੇ ਤੇ ਸ਼ੌਹਰਤ, ਅਹੁਦਾ ਹਾਸਲ ਕੀਤਾ ਤਾਂ ਜਾ ਸਕਦਾ ਹੈ, ਪਰ ਕਦੇ ਨਾ ਕਦੇ ਤਾਂ ਤੁਹਾਡਾ ਅੰਦਰਾ ਜ਼ਮੀਰ ਕੁੱਝ ਨਾ ਕੁੱਝ ਤਾਂ ਕਹੇਗਾ। ਤੁਹਾਨੂੰ ਲਾਹਨਤਾਂ ਪਾਵੇਗਾ। ਝੂਠ, ਫਰੇਬ ਨਾਲ ਮਾਇਆ ਇੱਕਠੀ ਕੀਤੀ ਜਾ ਰਹੀ ਹੈ। ਹੱਕ ਮਾਰਿਆ ਜਾ ਰਿਹਾ ਹੈ। ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ। ਦੇਖਿਆ ਜਾਵੇ ਤਾਂ ਸੰਸਾਰ ਵਿੱਚ ਭਗਤੀ ਤਾਂ ਬਹੁਤ ਹੋ ਰਹੀ ਹੈ। ਵੱਖ-ਵੱਖ ਟੀ ਵੀ ਚੈਨਲਾਂ ਤੇ ਗੁਰੂਆਂ ਰਾਹੀਂ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਕਿੰਨੇ ਵੱਡੇ-ਵੱਡੇ ਮਹਾਂ-ਪੁਰਖ ਲੋਕਾਂ ਨੂੰ ਜੀਵਨ ਦਾ ਉਪਦੇਸ਼ ਦਿੰਦੇ ਹਨ।
ਵੱਡੇ ਵੱਡੇ ਸਮਾਗਮ ਰਚਾਏ ਜਾ ਰਹੇ ਹਨ। ਕਿੰਨੀ ਭੀੜ ਹੁੰਦੀ ਹੈ, ਤੁਸੀਂ ਆਪ ਹੀ ਦੇਖਦੇ ਹੋ। ਫਿਰ ਵੀ ਇਨਸਾਨ ਤੇ ਅਸਰ ਨਹੀਂ ਹੁੰਦਾ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਨਸਾਨ ਦੇ ਗਹਿਣੇ ਹਨ। ਅਸੀਂ ਇਸ ਧਰਤੀ ਤੇ ਕੋਈ ਪੱਕੀ ਰਜਿਸਟਰੀ ਨਹੀਂ ਕਰਵਾ ਕੇ ਲੈ ਕੇ ਆਏ ਕਿ ਅਸੀਂ ਇਸ ਸੰਸਾਰ ਤੋਂ ਕਦੇ ਵੀ ਰੁਖ਼ਸਤ ਨਹੀਂ ਹੋਣਾ ਹੈ। ਖਾਲੀ ਹੱਥ ਜਾਣਾ ਹੈ, ਜੇ ਜਾਏਗਾ ਤਾਂ ਨਾਲ ਚੰਗੇ ਕਰਮਾਂ ਦੀ ਕਮਾਈ ਜਾਏਗੀ। ਖੇਤਾਂ ਵਿੱਚ ਵੱਟਾਂ ਪਿੱਛੋਂ ਰੌਲਾ ਪੈ ਜਾਣ ਕਾਰਨ ਇੱਕ ਦੂਜੇ ਦਾ ਕਤਲ ਕਰਨ ਦੀਆਂ ਖ਼ਬਰਾਂ ਅਸੀਂ ਆਮ ਸੁਣਦੇ ਹਾਂ। ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ। ਘਰ ਵਿਚ ਰਹਿਣ ਲਈ ਉਨ੍ਹਾਂ ਨੂੰ ਥਾਂ ਤੱਕ ਨਹੀਂ ਹੈ। ਆਪਣੇ ਸੁਆਦ ਖ਼ਾਤਰ ਮਨੁੱਖ ਜੀਵ-ਜੰਤੂਆਂ ਨੂੰ ਮਾਰ ਕੇ ਖਾ ਰਿਹਾ ਹੈ। ਨਸ਼ਿਆਂ ਦਾ ਸੇਵਨ ਕਰ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਲੰਮੀ ਇਮਾਰਤਾਂ ਉਸਾਰ ਦਿੱਤੀਆਂ ਗਈਆਂ ਹਨ। ਹਾਲਾਂਕਿ ਪਹਾੜੀ ਖੇਤਰਾਂ ਵਿੱਚ ਜੋ ਤਬਾਹੀ ਹੁੰਦੀ ਹੈ, ਦਿਲ ਕੰਬਾਉਣ ਵਾਲੀ ਹੁੰਦੀ ਹੈ। ਫਿਰ ਕੁਦਰਤ ਜੋ ਕਰਦੀ ਹੈ ਉਹ ਇਨਸਾਨ ਤੋਂ ਸਹਿਣ ਵੀ ਨਹੀਂ ਹੁਦਾ ਹੈ। ਅੱਜ ਦਾ ਇਨਸਾਨ ਪ੍ਰਭੂ ਪਿਤਾ ਪਰਮਾਤਮਾ ਦੀ ਬਿਲਕੁਲ ਵੀ ਬੰਦਗੀ ਨਹੀਂ ਕਰ ਰਿਹਾ ਹੈ। ਅੱਜ-ਕੱਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੈ। ਜੋ ਚੰਗਾ ਇਨਸਾਨ ਹੁੰਦਾ ਹੈ ਉਸ ਦਾ ਕਿਰਦਾਰ ਆਪ ਝਲਕਦਾ ਹੈ। ਚਾਰ ਬੰਦੇ ਉਸ ਦੀ ਸਿਫ਼ਤ ਕਰਦੇ ਹਨ ਕਿ ਇਹ ਬੰਦਾ ਬਹੁਤ ਜ਼ਿਆਦਾ ਹਲੀਮੀ, ਪਰੋਪਕਾਰੀ ਹੈ। ਲੋੜਵੰਦਾਂ ਦੀ ਮਦਦ ਕਰਦਾ ਹੈ, ਸਹਿਣ-ਸ਼ੀਲ ਹੈ। ਪਿਆਰ ਨਾਲ ਗੱਲ ਕਰਦਾ ਹੈ। ਸੋ ਅੱਜ ਦੇ ਇਨਸਾਨ ਨੂੰ ਸਹਿਜ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।

Add new comment