ਸਿਸਟਮ ਨੇ ਫ਼ਰਜ਼ ਤੋਂ ਮੂੰਹ ਮੋੜਿਆ

<p>ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ’ਚ ਗਲਤਾਨ ਹੁੰਦੀ ਨੌਜਵਾਨ ਪੀੜ੍ਹੀ, ਭਰੂਣ ਹੱਤਿਆ, ਕਿਸਾਨ ਖ਼ੁਦਕੁਸ਼ੀਆਂ, ਪਾਣੀ ਦਾ ਡੂੰਘਾ ਸੰਕਟ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਜੂਝ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਤੇ ਪੁਲਿਸ ਅਧਿਕਾਰੀ ਨਸ਼ਿਆਂ ਵਿਰੁੱਧ ਨੌਜਵਾਨਾਂ ਅੰਦਰ ਜਾਗ੍ਰਿਤੀ ਪੈਦਾ ਕਰ ਰਹੇ ਹਨ। ਨੌਜਵਾਨ ਵਰਗ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਰੁਜ਼ਗਾਰ ਨੌਜਵਾਨਾਂ ਦੀ ਅਹਿਮ ਲੌੜ ਹੈ। ਆਪਣੀ ਕਾਬਲੀਅਤ ਮੁਤਾਬਕ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਜਿਨ੍ਹਾਂ ਲੋਕਾਂ ਕੋਲ ਪੈਸਾ ਹੈ, ਉਹ ਪਾਣੀ ਵਾਂਗ ਉਸ ਨੂੰ ਵਹਾ ਰਹੇ ਹਨ। ਆਪਣੇ-ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੇ। ਦੇਖਾ-ਦੇਖੀ ਜ਼ਮੀਨ ਗਹਿਣੇ ਰੱਖ ਕੇ ਕਰਜ਼ਾਈ ਹੋ ਰਹੇ ਹਨ। ਅੱਜ-ਕੱਲ੍ਹ ਤਾਂ ਪ੍ਰੀ-ਵੈਡਿੰਗ ਦਾ ਰਿਵਾਜ ਚੱਲ ਪਿਆ ਹੈ। ਤਿੰਨ ਤੋਂ ਚਾਰ ਲੱਖ ਰੁਪਏ ਇਸ ਉੱਤੇ ਖ਼ਰਚਾ ਆਉਂਦਾ ਹੈ। ਜੇ ਗੱਲ ਭੋਗਾਂ ਦੀ ਕਰੀਏ ਤਾਂ ਉੱਥੇ ਵੀ ਲੱਖਾਂ ਰੁਪਏ ਖ਼ਰਚ ਦਿੱਤੇ ਜਾਂਦੇ ਹਨ। ਹੁਣ ਕਈ ਪੰਚਾਇਤਾਂ ਨੇ ਭੋਗਾਂ ’ਤੇ ਸੀਮਤ ਖ਼ਰਚਾ ਕਰਨ ਲਈ ਮਤੇ ਵੀ ਪਾਏ ਹਨ। ਜੋ ਇਨ੍ਹਾਂ ਮਤਿਆਂ ਦੀ ਉਲੰਘਣਾ ਕਰੇਗਾ ਉਸ ਨੂੰ ਜੁਰਮਾਨਾ ਵੀ ਦੇਣਾ ਪਵੇਗਾ। ਕਈ ਪੰਚਾਇਤਾਂ ਵੱਲੋਂ ਪਿੰਡਾਂ ਵਿਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਹ ਸ਼ਲਾਘਾਯੋਗ ਕਦਮ ਹੈ। ਪਿਛਲੇ ਮਹੀਨੇ ਹੀ ਕਈ ਹਰੀਆਂ ਸਬਜ਼ੀਆਂ ਜਿਨ੍ਹਾਂ ਦਾ ਰੇਟ ਇਕ-ਦੋ ਰੁਪਏ ਪ੍ਰਤੀ ਕਿਲੋਂ ਸੀ, ਜ਼ਿਮੀਂਦਾਰਾਂ ਨੇ ਖੇਤਾਂ ਵਿਚ ਹੀ ਵਾਹੀਆਂ। ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਾਜਿਬ ਮੁੱਲ ਨਹੀਂ ਮਿਲ ਪਾਉਂਦਾ। ਭ੍ਰਿਸ਼ਟਾਚਾਰ ਨੇ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ। ਰਿਸ਼ਵਤ ਦੇ ਸਹਾਰੇ ਅਫ਼ਸਰਾਂ ਨੇ ਵੱਡੀਆਂ-ਵੱਡੀਆਂ ਜਾਇਦਾਦਾਂ ਤਕ ਬਣਾ ਲਈਆਂ ਹਨ। ਵਿਦੇਸ਼ੀ ਬੈਂਕਾਂ ਵਿਚ ਕਾਲਾਧਨ ਇਕੱਠਾ ਕਰ ਲਿਆ ਹੈ। ਫ਼ਸਲ ਦੀ ਵੱਧ ਪੈਦਾਵਾਰ ਲਈ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ। ਜਲਦ ਹੀ ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਜੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਹੈ ਤਾਂ ਸਰਕਾਰ ਦੇ ਨਾਲ-ਨਾਲ ਪੰਜਾਬ ਵਾਸੀਆਂ ਨੂੰ ਵੀ ਸਿਰਤੋੜ ਯਤਨ ਕਰਨੇ ਪੈਣਗੇ।</p>

Add new comment