ਕੋਰੋਨਾ ਨਾਲ ਜੁੜੇ ਵਹਿਮ-ਭਰਮ

ਕੋਰੋਨਾ ਕਾਰਨ ਮਰੇ ਵਿਅਕਤੀਆਂ ਦੇ ਸੰਸਕਾਰ ’ਚ ਅੜਿੱਕਾ ਪਾਉਣਾ ਜਾਇਜ਼ ਨਹੀਂ

ਵਿਸ਼ਵ ਭਰ ਵਿਚ ਫੈਲੀ ਭਿਆਨਕ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰ ਨੰ ਜਿੱਥੇ ਸਮੁੱਚੀ ਦੁਨੀਆ ਨੂੰ ਆਪਣੇ ਕਲਾਵੇ ’ਚ ਲਿਆ ਹੋਇਆ ਹੈ, ਉੱਥੇ ਹੀ ਇਸ ਬਿਮਾਰੀ ਕਾਰਨ ਮਰ ਰਹੇ ਲੋਕਾਂ ਦੀਆਂ ਅੰਤਿਮ ਰਸਮਾਂ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਰਹੁ-ਰੀਤਾਂ ਨਾਲ ਪੂਰੀਆਂ ਕਰਨ ਵਿਚ ਵੀ ਵੱਡੀ ਸਮੱਸਿਆ ਦਰਪੇਸ਼ ਆ ਰਹੀ ਹੈ। ਨਤੀਜਤਨ ਸਮਾਜਿਕ ਕਦਰਾਂ- ਕੀਮਤਾਂ ਦਿਨੋ-ਦਿਨ ਤਾਰ-ਤਾਚ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਪੰਜਾਬ 'ਚ ਪਿਛਲੇ ਦਿਨਾਂ ਦੌਰਾਨ ਉੱਪਰੋ-ਥੱਲੀ ਹੋਈਆਂ ਤਿਨ ਮੌਤਾਂ ਕਾਰਨ ਪੈਦਾ ਹੋਏ ਹਾਲਾਤ ਹਨ। ਇਸ ਬਿਮਾਰੀ ਕਾਰਨ ਮਰਨ ਵਾਲੇ ਲੋਕਾਂ ਦੀਆਂ ਅੰਤਿਮ ਰਸਮਾਂ ਬਾਰੇ ਆਮ ਲੋਕਾਂ ਵਿਚ ਅਗਿਆਨਤਾ ਕਾਰਨ ਕਈ ਭਰਮ-ਭੁਲੇਖੇ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਮ੍ਰਿਤਕ ਸਰੀਰਾਂ ਦੇ ਪ੍ਰਬੰਧਨ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਭਾਈ ਨਿਰਮਲ ਸਿਘ ਖ਼ਾਲਸਾ ਦੀ ਕੋਰੋਨਾ ਕਾਰਨ ਹੋਈ ਮੌਤ ਤੋਂ ਬਾਅਦ ਸ਼ਮਸ਼ਾਨਘਾਟ ’ਚ ਉਨ੍ਹਾਂ ਦੇ ਸਸਕਾਰ ਵਿਰੁੱਧ ਲੋਕਾਂ ਵੱਲੋਂ ਕੀਤਾ ਗਿਆ ਰੋਸ- ਪ੍ਰਦਰਸ਼ਨ ਸੱਚਮੁੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਦੋ ਮ੍ਰਿਤਕਾਂ ਦੀਆਂ ਦੇਹਾਂ ਨੂੰ ਪਰਿਵਾਰ ਵੱਲੋਂ ਨਾ ਹੀ ਲੈਣਾ ਅਤੇ ਨਾ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨਾ ਬਹੁਤ ਮੰਦਭਾਗਾ ਵਰਤਾਰਾ ਹੈ। ਲੁਧਿਆਣਾ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਤਾਂ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਪਾਠ-ਪੂਜਾ ਆਦਿ ਵੀ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਲੈਣੀ ਪਈ ਸੀ। ਇਹ ਇਕ ਗ਼ੈਰ- ਵਿਗਿਆਨਕ ਸੋਚ ਹੈ ਕਿਉਂਕਿ ਦੇਹ ਦੀ ਰਾਖ ਕਾਰਨ ਲੋਕਾਂ ਵਿਚ ਵਾਇਰਸ ਨਹੀਂ ਫੈਲ ਸਕਦਾ।
ਵਿਸ਼ਵ ਸਿਹਤ ਸੰਸਥਾ ਰਾਹੀਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਸਪਸ਼ਟ ਹੈ ਕਿ ਕੋਵਿਡ-19 ਕਾਰਨ ਮਰੇ ਵਿਅਕਤੀਆਂ ਦੀਆਂ ਅਸਥੀਆਂ ਤੋਂ ਕੋਈ ਖ਼ਤਰਾ ਨਹੀਂ ਹੈ ਅਤੇ ਦਾਹ-ਸਸਕਰ ਪਿੱਛੋਂ ਇਨ੍ਹਾਂ ਨੂੰ ਜਲ-ਪ੍ਰਵਾਹ ਕਰਨ ਲਈ ਇਕੱਠਾ ਕੀਤਾ ਜਾ ਸਕਦਾ ਹੈ। ਸ਼ਮਸ਼ਾਨਘਾਟ ਵਿਖੇ ਅੰਤਿਮ ਰਸਮਾਂ ਦੌਰਾਨ ਇਕੱਠ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਮੇਲ-ਜੋਲ ਨੂੰ ਵੀ ਘਟਾਉਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੇ ਪਰਿਵਾਰਕ ਮੈਂਬਰਾਂ ’ਚ ਵੀ ਬਿਮਾਰੀ ਦੇ ਲੱਛਣ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਉਹ ਵੀ ਕੋਰੋਨਾ ਪਾਜ਼ੇਟਿਵ ਹੋ ਸਕਦੇ ਹਨ। ਕੋਵਿਡ-।9 ਦੇ ਫੈਲਣ ਦਾ ਮੁੱਖ ਕਾਰਨ ਡਰਾਪਲੈਟਸ (ਬੋਲਦੇ ਸਮੇਂ ਮੂੰਹ ’ਚੋਂ ਨਿਕਲਣ ਵਾਲੇ ਥੁੱਕ ਦੇ ਛਿੱਟੇ) ਅਤੇ ਪ੍ਰਭਾਵਿਤ ਵਿਅਕਤੀ ਨਾਲ ਨੇੜਲਾ ਸੰਪਰਕ ਹੈ। ਸਿਹਤ ਕਰਮਚਾਰੀਆਂ ਜਾਂ ਪਰਿਵਾਰਕ ਮੈਬਰਾਂ ਲਈ ਲਾਸ਼ ਤੋਂ ਕੋਵਿਡ ਦੀ ਲਾਗ ਦਾ ਵੱਧ ਖ਼ਤਰਾ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਮ੍ਰਿਤਕ ਸਰੀਰ ਨੂੰ ਸੰਭਾਲਦੇ ਹੋਏ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਸਟੈਂਡਰਡ ਇਨਫੈਕਸ਼ਨ ਰੋਕਥਾਮ ਕੰਟਰੋਲ ਵਿਧੀਆਂ ਦੀ ਹਰ ਸਮੇਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚ ਹੱਥਾਂ ਦੀ ਸਫ਼ਾਈ, ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ (ਉਦਾਹਰਨ ਵਜੋਂ ਵਾਟਰ ਰਜ਼ਿਸਟੈਂਟ ਐਪਰਨ, ਦਸਤਾਨੇ, ਮਾਸਕ, ਆਈਵੇਅਰ), ਸਾਰਪਸ ਦਾ ਸੁਰੱਖਿਅਤ ਪ੍ਰਬੰਧਨ, ਲਾਸ਼ ਨੂੰ ਰੱਖਣ ਵਾਲੇ ਬੈਗ ਦਾ ਰੋਗਾਣੂ-ਮੁਕਤ ਹੋਣਾ, ਰੋਗੀ ’ਤੇ ਵਰਤੇ ਜਾਣ ਵਾਲੇ ਉਪਕਰਨ ਨੂੰ ਰੋਗਾਣੂ-ਮੁਕਤ ਕਰਨਾ, ਵਾਤਾਵਰਨ ਨੂੰ ਸਾਫ ਅਤੇ ਕੀਟਾਣੂ ਰਹਿਤ ਕਰਨਾ ਸ਼ਾਮਲ ਹਨ। ਸਿਹਤ ਵਿਚ ਦੇਹਾਂ ਨੂੰ ਸੰਭਾਲਣ ਵਾਲੇ ਸਟਾਫ ਅਤੇ ਸ਼ਮਸ਼ਾਨਘਾਟ/ ਮੁਰਦਾਘਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਕਾਇਦਾ ਲਾਗ ਰੋਕਥਾਮ ਕੰਟਰੋਲ ਅਭਿਆਸਾਂ ਦੀ ਸਿਖਲਾਈ ਦਿੱਤੀ ਗਈ ਹੈ।
ਆਈਸੋਲੇਸ਼ਨ ਕਮਰੇ ਜਾਂ ਖੇਤਰ ’ਚੋਂ ਲਾਸ਼ ਨੂੰ ਹਟਾਉਣ ਸਬੰਧੀ ਨਿਯਮਾਂ ਵਿਚ ਦੇਹ ਦੇ ਸੰਪਰਕ ਵਿਚ ਆਉਣ ਵਾਲੇ ਸਿਹਤ ਕਰਮਚਾਰੀ ਨੂੰ ਆਪਣੇ ਹੰਥਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਪੀਪੀਈ (ਪਰਸਨਲ ਪ੍ਰੋਟੈਕਵਿਟ ਇਕੁਇਪਮੈਂਟ) ਕਿੱਟਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਕਾਂਤਵਾਸ ਵਾਲੇ ਕਮਰੇ ਜਾਂ ਖੇਤਰ ’ਚੋਂ ਲਾਸ਼ ਨੂੰ ਹਟਾਉਣ ਵੇਲੇ ਜੇ ਉਸ ਦਾ ਪਰਿਵਾਰ ਸਰੀਰ ਨੂੰ ਵੇਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕਈ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਦੇਹ ਨੂੰ ਕੈਮੀਕਲ ਲਗਾ ਕੇ ਸੁਰੱਖਿਅਤ ਰੱਖਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਅਤੇ ਕੋਵਿਡ-19 ਮਰੀਜ਼ਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜੇ ਖ਼ਾਸ ਕਾਚਨਾਂ ਕਰ ਕੇ ਪੋਸਟਮਾਰਟਮ ਕਰਵਾਉਣਾ ਹੈ ਤਾਂ ਇਸ ਇਨਫੈਕਸ਼ਨ ਸਬੰਧੀ ਰੋਕਥਾਮ ਕੰਟਰੋਲ ਦਿਸ਼ਾ-ਨਿਰਦੇਸ਼ ਅਪਣਾਏ ਜਾਣੇ ਚਾਹੀਦੇ ਹਨ। ਆਵਾਜਾਈ ਦੌਰਾਨ ਦੇਹ ਨੂੰ ਇਕ ਬਾਡੀ ਬੈਗ ਵਿਚ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਜਿਸ ਦਾ ਬਾਹਰਲਾ ਹਿੱਸਾ ਰੋਗਾਣੂ ਰਹਿਤ ਹੋਵੇ ਤਾਂ ਜੋ ਦੇਹ ਨੂੰ ਲਿਜਾਣ ਵਾਲੇ ਅਮਲੇ ਨੂੰ ਕੋਈ ਵਾਧੂ ਜੋਖ਼ਮ ਨਾ ਹੋਵੇ। ਦੇਹ ਨੂੰ ਸੰਭਾਲਣ ਵਾਲੇ ਕਰਮਚਾਰੀ ਮਿਆਰੀ ਸਾਵਧਾਨੀਆਂ (ਸਰਜੀਕਲ ਮਾਸਕ, ਦਸਤਾਨੇ) ਆਦਿ ਵਰਤਣ। ਲਾਸ਼ ਨੂੰ ਸੰਸਕਾਰ/ਦਫਨਾਉਣ ਵਾਲੇ ਕਰਮਚਾਰੀਆਂ ਤਕ ਪਹੂੰਚਾਉਣ ਤੋ ਬਾਅਦ ਵਾਹਨ 1% ਸੋਡੀਅਮ ਹਾਈਪੋਕਲੋਰਾਈਟ ਨਾਲ ਰੋਗਾਣੂ ਗਹਿਤ ਕੀਤਾ ਜਾਣਾ ਚਾਹੀਦਾ ਹੈ।
ਸ਼ਮਸ਼ਾਨਘਾਟ/ਦਫਨਾਉਣ ਵਾਲੇ ਗਰਾਊਂਡ ਦੇ ਸਟਾਫ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਕੋਵਿਡ- 19 ਨਾਲ ਕੋਈ ਹੋਰ ਖ਼ਤਰਾ ਨਹੀਂ ਹੁੰਦਾ। ਸਟਾਫ ਹੱਥਾਂ ਦੀ ਸਫ਼ਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਜ਼ਰੂਰ ਕਰੇ। ਬਾਡੀ ਬੈਗ ਨੂੰ ਖੋਲ੍ਹ ਕੇ (ਸਟਾਫ ਦੁਆਰਾ ਸਾਧਾਰਨ ਸਾਵਧਾਨੀਆਂ ਵਰਤਦੇ ਹੋਏ) ਰਿਸ਼ਤੇਦਾਚਾਂ ਨੂੰ ਮ੍ਰਿਤਕ ਦੀ ਦੇਹ ਦਾ ਆਖ਼ਰੀ ਵਾਰ ਚਿਹਰਾ ਵੇਖਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਜਾਂ ਵੈਣ ਪਾਉਣਾ, ਪਵਿੱਤਰ ਪਾਣੀ ਛਿੱਤਕਣਾ ਅਤੇ ਕਈ ਹੋਰ ਰਸਮਾਂ ਜਿਸ ਲਈ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਕੀਤੀਆਂ ਜਾ ਸਕਦੀਆਂ ਹਨ। ਦੇਹ ਨੂੰ ਨਹਾਉਣ, ਚੁੰਮਣ, ਜੱਫੀ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਅੰਤਿਮ ਸਸਕਾਰ/ਮੁਰਦਾਘਰ ਵਿਚ ਕੰਮ ਕਰਨ ਵਾਲੇ ਸਟਾਫ ਅਤੇ ਪਰਿਵਾਰਕ ਮੈਬਰਾਂ ਨੂੰ ਸੰਸਕਾਰ/ਦਫਨਾਉਣ ਤੋਂ ਬਾਅਦ ਹੱਥਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਪੰਜਾਬ ਨੂੰ ਗੁਰੂਆਂ-ਪੀਰਾਂ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੇ ਲੋਕਾਂ ਦਾ ਸੂਬਾ ਮੰਨਿਆ ਜਾਂਦਾ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਕਾਰਨ ਰੁਖ਼ਸਤ ਹੋਏ ਲੋਕਾਂ ਦੀਆਂ ਦੇਹਾਂ ਨਾਲ ਜੋ ਹੋਇਆ ਹੈ, ਉਹ ਪੰਜਾਬ ਅਤੇ ਪੰਜਾਬੀਅਤ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਅੱਜ ਲੋੜ ਹੈ ਕਿ ਅਸੀਂ ਵਿਗਿਆਨਕ ਸੋਚ ਨੂੰ ਅਪਣਾਈਏ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਪਿਆਰਿਆਂ ਦੇ ਸੰਸਕਾਰ ਅਤੇ ਰਸਮਾਂ ਨੂੰ ਪੂਰਨ ਰਹੁ-ਰੀਤਾਂ ਨਾਲ ਕਰੀਏ।

ਪ੍ਰਭਦੀਪ ਸਿੰਘ ਨੱਥੋਵਾਲ

Add new comment