ਸਿੱਖ ਕੌਮ ਦਾ ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ( 300 ਸਾਲਾ ਜਨਮ ਸ਼ਤਾਬਦੀ ‘ਤੇ )

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਮੁਗਲਾਂ ਦੇ ਜ਼ਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਇੱਕ ਨਿਆਰੀ ਕੌਮ ‘ਖਾਲਸਾ ਪੰਥ’ ਦੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਸਾਜਨਾ ਕੀਤੀ। ਗੁਰੂ ਜੀ ਵੱਲੋਂ ਸਾਜੀ ਇਸ ਨਿਰਾਲੀ ਅਤੇ ਨਿਵੇਕਲੀ ਸਿੱਖ ਕੌਮ ਦੀ ਮਜਬੂਤੀ ਲਈ ਅਨੇਕਾਂ ਸਿੱਖ ਸੂਰਬੀਰਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ। ਉਸ ਸਮੇਂ ਸਿੱਖ ਮਿਸਲਾਂ ਦੀ ਚੜ੍ਹਦੀ ਕਲਾ ਬਣਾਈ ਰੱਖਣ ‘ਚ ਅਨੇਕਾਂ ਸਿੱਖ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਇਹਨਾਂ ਮਹਾਨ ਸਿੱਖ ਜਰਨੈਲਾਂ ਵਿੱਚੋਂ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਵੀ ਇੱਕ ਸਨ, ਜਿਹਨਾਂ ਨੇ ਸਿੱਖ ਕੌਮ ਵਿੱਚ ਖਿਲਰੀ ਹੋਈ ਤਾਕਤ ਨੂੰ ਇੱਕ ਕਰਕੇ ਕੌਮ ਵਿੱਚ ਅਜਿਹਾ ਜੋਸ਼ ਅਤੇ ਤਾਕਤ ਭਰੀ ਕਿ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸਾਈ ਕੇਸਰੀ ਝੰਡੇ ਝੁਲਾ ਦਿੱਤੇ। ਇਸ ਮਹਾਨ ਜਰਨੈਲ ਦੀ ਅਗਵਾਈ ਵਿੱਚ ਸਿੱਖਾਂ ਨੇ ਉਸ ਸਮੇਂ ਜਾਬਰਾਂ ਨੂੰ ਐਸੀ ਧੂੜ ਚਟਾਈ ਕਿ ਉੱਨ੍ਹਾਂ ਦਾ ਗਰੂਰ ਮਿੱਟੀ ਵਿੱਚ ਮਿਲਕੇ ਰੱਖ ਦਿੱਤਾ। ਸਿੱਖ ਇਤਿਹਾਸ ਵਿੱਚ ਉੱਨ੍ਹਾਂ ਦੀਆਂ ਸੇਵਾਵਾਂ ਸਾਡੇ ਸਭ ਲਈ ਚਾਨਣ ਮੁਨਾਰੇ ਦੇ ਸਮਾਨ ਹਨ। ਸ੍ਰ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਪੈਦਾ ਕੀਤੀਆਂ ਹੋਈਆਂ ਬਹਾਦਰੀ ਦੀਆਂ ਮਿਸਾਲਾਂ ਸੰਸਾਰ ਵਿੱਚ ਹੋਰ ਕਿਧਰੇ ਵੀ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦੀਆਂ।
ਜੱਸਾ ਸਿੰਘ ਨੂੰ ਸਿੱਖੀ ਦੀ ਗੁੜ੍ਹਤੀ ਜਨਮ ਤੋਂ ਹੀ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਮਿਲੀ ਸੀ, ਕਿਉਂਕਿ ਉਹਨਾਂ ਦਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ-ਘਰਾਂ ਨਾਲ ਜੁੜਿਆ ਹੋਣ ਕਰਕੇ ਸਿੱਖੀ ਨੂੰ ਸਮਰਪਿਤ ਸੀ। ਉਹਨਾਂ ਦਾ ਜਨਮ 5 ਮਈ 1723 ਈਸਵੀ ਨੂੰ ਪਾਕਿਸਤਾਨ ਦੇ ਸੂਬਾ ਲਾਹੌਰ ਵਿੱਚ ਪੈਂਦੇ ਪਿੰਡ ਈਚੋਗਿੱਲ ਵਿੱਚ ਹੋਇਆ। ਆਪ ਦੇ ਦਾਦਾ ਭਾਈ ਹਰਦਾਸ ਸਿੰਘ ਜੀ ਨੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ, ਜੋ ਕਿ ਗੁਰੂ ਜੀ ਦੀ ਫੌਜ ਵਿੱਚ ਸਿਪਾਹੀ ਸਨ। ਭਾਈ ਹਰਦਾਸ ਸਿੰਘ ਗੁਰੂ ਜੀ ਦੀ ਫੌਜ ਲਈ ਹਥਿਆਰ ਬਣਾਉਣ ਦਾ ਕੰਮ ਵੀ ਕਰਦੇ ਸਨ। ਕਿਹਾ ਜਾਂਦਾ ਹੈ ਕਿ ਜਿਸ ਨੇਜੇ ਨਾਲ ਭਾਈ ਬਚਿੱਤਰ ਸਿੰਘ ਨੇ ਮੈਦਾਨੇ ਜੰਗ ਵਿੱਚ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ, ਉਹ ਨੇਜਾ ਭਾਈ ਹਰਦਾਸ ਸਿੰਘ ਨੇ ਹੀ ਤਿਆਰ ਕੀਤਾ ਸੀ। ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਭਾਈ ਹਰਦਾਸ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਚਲੇ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਉਹਨਾਂ ਨੇ ਸਰਹਿੰਦ, ਸਢੋਰਾ, ਬਜਵਾੜਾ ਅਤੇ ਰਾਹੋਂ ਦੀਆਂ ਲੜਾਈਆਂ ਲੜੀਆਂ। ਭਾਈ ਹਰਦਾਸ ਸਿੰਘ ਦਾ ਪੁੱਤਰ ਜੋ ਜੱਸਾ ਸਿੰਘ ਦਾ ਪਿਤਾ ਸੀ, ਗਿਆਨੀ ਭਗਵਾਨ ਸਿੰਘ ਇੱਕ ਮਹਾਨ ਅਤੇ ਉੱਚਕੋਟੀ ਦਾ ਧਰਮ ਪ੍ਰਚਾਰਕ ਸੀ। ਗਿਆਨੀ ਭਗਵਾਨ ਸਿੰਘ ਦੇ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਅਲੀ ਸਿੰਘ ਅਤੇ ਤਾਰਾ ਸਿੰਘ ਸਨ ਅਤੇ ਇਹਨਾਂ ਵਿੱਚੋਂ ਜੱਸਾ ਸਿੰਘ ਗਿਆਨੀ ਭਗਵਾਨ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ। ਜੱਸਾ ਸਿੰਘ ਦਾ ਵਿਆਹ ਮਾਤਾ ਗੁਰਦਿਆਲ ਕੌਰ ਨਾਲ ਹੋਇਆ ਸੀ ਅਤੇ ਇਹਨਾਂ ਦੇ ਦੋ ਪੁੱਤਰ ਜੋਧ ਸਿੰਘ ਅਤੇ ਵੀਰ ਸਿੰਘ ਸਨ। 
ਲਾਹੌਰ ਦੇ ਗਵਰਨਰ ਅਬਦੁਸ ਸਮਦ ਦੀ 1727 ਈਸਵੀ ਵਿੱਚ ਮੌਤ ਹੋ ਜਾਣ ਪਿੱਛੋਂ ਉਹਨਾਂ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਸੂਬੇ ਦਾ ਗਵਰਨਰ ਬਣਿਆ। ਜ਼ਕਰੀਆ ਖਾਨ ਆਪਣੇ ਪਿਤਾ ਤੋਂ ਵੀ ਵੱਧ ਇੱਕ ਜ਼ਾਲਮ ਮੁਗ਼ਲ ਹੁਕਮਰਾਨ ਦੇ ਤੌਰ ‘ਤੇ ਜਾਣਿਆ ਜਾਂਦਾ ਸੀ, ਜਿਸਨੇ ਉਸ ਵੇਲੇ ਦੇ ਸਿੱਖੀ ਦੇ ਪ੍ਰਚਾਰਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਜ਼ਕਰੀਆ ਖਾਨ ਤੋਂ ਅੱਕੇ ਹੋਏ ਗਿਆਨੀ ਭਗਵਾਨ ਸਿੰਘ ਜਿਹੇ ਸਿੱਖ ਪ੍ਰਚਾਰਕ ਮੁਸ਼ਕਿਲਾਂ ਭਰੇ ਹਾਲਾਤਾਂ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਸਨ। ਸੰਨ 1738 ਈਸਵੀ ਨੂੰ ਇੱਕ ਦਿਨ ਅਚਾਨਕ ਗਿਆਨੀ ਭਗਵਾਨ ਸਿੰਘ ਅਤੇ ਜੱਸਾ ਸਿੰਘ ਦਾ ਸੈਂਕੜੇ ਸਿੰਘਾਂ ਸਮੇਤ ਵਜ਼ੀਰਾਬਾਦ ਜਿਲ੍ਹਾ ਗੁੱਜਰਵਾਲ ਵਿੱਚ ਜ਼ਕਰੀਆ ਖਾਨ ਨਾਲ ਆਹਮਣਾ ਸਾਹਮਣਾ ਹੋ ਗਿਆ ਅਤੇ ਇੱਥੇ ਉਹਨਾਂ ਵਿੱਚ ਜਬਰਦਸਤ ਮੁਕਾਬਲਾ ਹੋਇਆ। ਜ਼ਕਰੀਆ ਖਾਨ ਇਸ ਟਾਕਰੇ ਮੌਕੇ ਗਿਆਨੀ ਭਗਵਾਨ ਸਿੰਘ ਅਤੇ ਜੱਸਾ ਸਿੰਘ ਦੋਵੇਂ ਹੀ ਪਿਉ-ਪੁੱਤਾਂ ਨੂੰ ਲੜਦਿਆਂ ਦੇਖ ਬਹੁਤ ਹੀ ਪ੍ਰਭਾਵਿਤ ਹੋਇਆ। ਇਸ ਟਾਕਰੇ ਵਿੱਚ ਗਿਆਨੀ ਭਗਵਾਨ ਸਿੰਘ ਜੀ ਸ਼ਹਾਦਤ ਦਾ ਜ਼ਾਮ ਪੀ ਗਏ। ਦੋਵਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਜ਼ਕਰੀਆ ਖਾਨ ਨੇ ਗਿਆਨੀ ਭਗਵਾਨ ਸਿੰਘ ਦੇ ਪਰਿਵਾਰ ਨੂੰ ਅਮ੍ਰਿੰਤਸਰ ਜਿਲ੍ਹੇ ਵਿੱਚ ਪੈਂਦੇ ਪੰਜ ਪਿੰਡਾਂ ਵੱਲਾ, ਸੁਲਤਾਨਪੁਰਾ, ਚੱਬਾ, ਵੇਰਕਾ ਅਤੇ ਤੁੰਗ ਦੀ ਜਾਗੀਰ ਲਗਾ ਦਿੱਤੀ ਅਤੇ ਉਸਦੇ ਪੁੱਤਰ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਨੇ ਨਿਵਾਜਿਆ। ਗਿਆਨੀ ਭਗਵਾਨ ਸਿੰਘ ਦੇ ਪਰਿਵਾਰ ਨੂੰ ਮਿਲੀ ਜਾਗੀਰ ‘ਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆ ਗਿਆ। ਜੱਸਾ ਸਿੰਘ ਦੇ ਵੱਲਾ ਪਿੰਡ ਵਿੱਚ ਰਹਿੰਦਿਆਂ ਹੱਦਾਂ ਦੀ ਵੰਡ ਨੂੰ ਲੈ ਕੇ ਦੁਆਬੇ ਦੇ ਫੌਜ਼ਦਾਰ ਅਦੀਨਾ ਬੇਗ ਨਾਲ ਜੰਮਕੇ ਲੜਾਈ ਹੋਈ। ਇਹ ਲੜਾਈ ‘ਵੱਲੇ ਦੀ ਲੜਾਈ’ ਦੇ ਨਾਂ ਨਾਲ ਸਿੱਖ ਇਤਿਹਾਸ ਵਿੱਚ ਪ੍ਰਚੱਲਿਤ ਹੈ। ਅਮ੍ਰਿੰਤਸਰ ਵਿੱਚ ਵਿਸਾਖੀ ਦੇ ਦਿਹਾੜੇ ਉੱਤੇ ਸੰਨ 1747 ਈਸਵੀ ਨੂੰ ਬਹੁਤ ਭਾਰੀ ਇਕੱਠ ਹੋਇਆ ਜਿਸ ਵਿੱਚ ਇਹ ਨਿਰਣਾ ਲਿਆ ਗਿਆ ਕਿ ਸਿੱਖ ਫੌਜਾਂ ਲਈ ਕਿਲੇ ਉਸਾਰੇ ਜਾਣ। ਇਸ ਲਏ ਫੈਸਲੇ ਤਹਿਤ ਅਮ੍ਰਿੰਤਸਰ ਵਿੱਚ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ‘ਰਾਮ ਰਾਉਣੀ’ ਕਿਲਾ ਉਸਾਰਨ ਦੀ ਸਹਿਮਤੀ ਬਣੀ ਅਤੇ ਜੱਸਾ ਸਿੰਘ ਨੂੰ ਇਸ ਕਿਲੇ ਦਾ ਕਿਲੇਦਾਰ ਥਾਪਿਆ ਗਿਆ। ਪਰ ਮਗਰੋਂ ਇਸ ਕਿਲੇ ਦਾ ਨਾਮ ਬਦਲਕੇ ਰਾਮਗੜ੍ਹ ਰੱਖ ਦਿੱਤਾ ਗਿਆ ਅਤੇ ‘ਰਾਮਗੜ੍ਹੀਏ’ ਦੀ ਪਦਵੀ ਨਾਲ ਨਿਵਾਜ਼ਿਆ ਗਿਆ। ਉਸ ਸਮੇਂ ਜੱਸਾ ਸਿੰਘ ਵੱਲੋਂ ਕਾਇਮ ਕੀਤੀ ਗਈ ਮਿਸਲ ‘ਰਾਮਗੜ੍ਹੀਆ ਮਿਸਲ’ ਜਾਣੀ ਜਾਣ ਲੱਗੀ ਅਤੇ ਇਸ ਮਿਸਲ ਦੇ ਉਕਤ ਨਾਮ ਨਾਲ ਮਸ਼ਹੂਰ ਹੋਣ ਦੇ ਨਾਲ ਹੀ 18ਵੀਂ ਸਦੀ ਦਾ ਇਹ ਕਿਲਾ ਸਿੱਖ ਕੌਮ ਦੀ ਆਨ ਅਤੇ ਸ਼ਾਨ ਵਜੋਂ ‘ਰਾਮਗੜ੍ਹ ਦਾ ਕਿਲਾ’ ਦਾ ਨਾਂ ਨਾਲ ਜਾਣਿਆ ਜਾਣ ਲੱਗਾ। ਉਸ ਸਮੇਂ ਮੁਗ਼ਲ ਹੁਕਮਰਾਨ ਅਤੇ ਪਠਾਣ ਰਾਜਿਆਂ ਨੇ ਸਿੱਖਾਂ ਨਾਲ ਈਰਖਾ ਵਜੋਂ ਇਸ ਕਿਲੇ ਦੀ ਹੋਂਦ ਨੂੰ ਮਿਟਾਉਣਾ ਚਾਹਿਆ, ਪਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਸਦੀ ਹੋਂਦ ਅਤੇ ਨਾਮ ਨੂੰ ਮਿਟਣ ਨਹੀਂ ਦਿੱਤਾ ਅਤੇ ਹਰ ਵਾਰ ਇਸਦੀ ਉਸਾਰੀ ਕਰਦਾ ਰਿਹਾ। ਤੈਮੂਰ ਨੇ 1757 ਈਸਵੀ ਨੂੰ ਇੱਕ ਵਾਰ ਰਾਮਗੜੀਆ ਕਿਲੇ ਨੂੰ ਹੀ ਨਹੀਂ ਢਾਹਿਆ, ਸਗੋਂ ਸਿੱਖਾਂ ਦੇ ਸਰਬਉੱਚ ਧਰਮ ਸਥਾਮ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਨਾਲ ਹੀ ਇਸਦੇ ਪਵਿੱਤਰ ਸਰੋਵਰ ਨੂੰ ਵੀ ਮਿੱਟੀ ਪਾ ਕੇ ਪੂਰ ਦਿੱਤਾ। ਪਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਹਿੰਮਤ ਅਤੇ ਦਲੇਰੀ ਦਾ ਸਬੂਤ ਦਿੰਦਿਆਂ ਇਹ ਕਿਲਾ ਮੁੜ ਤੋਂ ਉਸਾਰ ਦਿੱਤਾ ਅਤੇ ਇਸਦੇ ਬਿਲਕੁਲ ਨਜ਼ਦੀਕ ‘ਕੱਟੜਾ ਰਾਮਗੜ੍ਹੀਆ’ ਨਾਂ ਦੀ ਬਸਤੀ ਵੀ ਉਸਾਰ ਦਿੱਤੀ। ਸਿੰਘਾਂ ਨੇ 17 ਅਕਤੂਬਰ 1762 ਈਸਵੀ ਨੂੰ ਜਿਸ ਸਮੇਂ ਅਹਿਮਦ ਸ਼ਾਹ ਅਬਦਾਲੀ ਲਾਹੌਰ ਵਿਖੇ ਹੀ ਮੌਜੂਦ ਸੀ, ਤਕਰੀਬਨ 60 ਹਜ਼ਾਰ ਦੇ ਕਰੀਬ ਸਿੰਘਾਂ ਨੇ ਸਬਕ ਸਿਖਾਉਣ ਦਾ ਪ੍ਰਣ ਕੀਤਾ। ਪਰ ਅਬਦਾਲੀ ਨੂੰ ਇਸ ਗੱਲ ਦੀ ਭਿਣਕ ਲੱਗ ਗਈ ਅਤੇ ਉਸਨੇ ਤੁਰੰਤ ਸਿੰਘਾਂ ਉੱਤੇ ਹੱਲਾ ਬੋਲ ਦਿੱਤਾ। ਇੱਥੇ ਸਾਰਾ ਦਿਨ ਗਹਿਗੱਚ ਲੜਾਈ ਹੁੰਦੀ ਰਹੀ ਅਤੇ ਅੰਤ ਅਬਦਾਲੀ ਨੂੰ ਮੂੰਹ ਦੀ ਖਾਣੀ ਪਈ। ਉਹ ਰਾਤ ਵੇਲੇ ਹਨੇਰੇ ਦਾ ਫਇਦਾ ਉਠਾਕੇ ਉੱਥੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਸ ਮਗਰੋਂ ਅਫ਼ਗਾਨਿਸਤਾਨ ਦੇ ਹਾਲਾਤ ਖਰਾਬ ਹੋਣ ਕਰਕੇ ਅਬਦਾਲੀ ਉਸੇ ਸਮੇਂ ਵਾਪਸ ਕਾਬਲ ਚਲਾ ਗਿਆ। ਅਬਦਾਲੀ ਦੇ ਉੱਥੋਂ ਵਾਪਸ ਚਲੇ ਜਾਣ ਮਗਰੋਂ ਜੱਸਾ ਸਿੰਘ ਰਾਮਗੜ੍ਹੀਆ ਨੇ ਉਸਦੇ ਅਨੇਕਾਂ ਇਲਾਕਿਆਂ ਉੱਤੇ 1767 ਈਸਵੀ ਵਿੱਚ ਕਬਜ਼ਾ ਕਰਦਿਆਂ ਆਪਣੇ ਇਲਾਕਿਆਂ ਵਿੱਚ ਮਿਲਾ ਲਿਆ। ਉਸ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਦੀ ਪੂਰੀ ਚੜ੍ਹਤ ਸੀ ਅਤੇ ਉਸਦਾ ਨਾਮ ਸਿਖਰਾਂ ‘ਤੇ ਸੀ। ਜੱਸਾ ਸਿੰਘ ਨੇ ਆਪਣੇ ਸਾਮਰਾਜ ਦੀਆਂ ਹੱਦਾਂ ਦੂਰ-ਦੂਰ ਤੱਕ ਪਸਾਰ ਲਈਆਂ ਸਨ। ਉਸਨੇ ਸਭ ਤੋਂ ਪਹਿਲਾਂ ਗੁਦਾਸਪੁਰ ਅਤੇ ਅਮ੍ਰਿੰਤਸਰ ਜਿਲ੍ਹੇ ਵਿੱਚ ਪੈਂਦੇ ਸਭ ਤੋਂ ਵੱਧ ਉਪਜਾਊ ਇਲਾਕਿਆਂ ਹਰਗੋਬਿੰਦਪੁਰ, ਕਲਾਨੌਰ, ਬਟਾਲਾ, ਸ਼ਾਹਪੁਰ ਕੰਡੀ, ਕਾਦੀਆਂ, ਦੀਨਾਨਗਰ ਅਤੇ ਘੁੰਮਣ ਉੱਤੇ ਕਬਜ਼ਾ ਕਰਕੇ ਪੈਰ ਪਸਾਰੇ। ਇਸ ਜਿੱਤੇ ਹੋਏ ਇਲਾਕੇ ਨੂੰ ‘ਰਿਆੜਕੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਜੱਸਾ ਸਿੰਘ ਰਾਮਗੜ੍ਹੀਆ ਕੇਵਲ ਰਿਆੜਕੀ ਤੋਂ ਹੀ 6 ਲੱਖ ਤੋਂ ਲੈ ਕੇ 10 ਲੱਖ ਤੱਕ ਸਲਾਨਾ ਆਮਦਣ ਹੋਣ ਲੱਗ ਪਈ। ਇਸ ਪਿੱਛੋਂ ਜੱਸਾ ਸਿੰਘ ਰਾਮਗੜ੍ਹੀਆ ਨੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਇਲਾਕਿਆਂ ਵੱਲ ਵਧਣਾ ਸ਼ੁਰੂ ਕੀਤਾ। ਉਸਨੇ ਆਪਣੀ ਬਹਾਦਰੀ ਅਤੇ ਰਾਜਨੀਤਕ ਸੂਝਬੂਝ ਦੇ ਜ਼ਰੀਏ ਛੇਤੀ ਹੀ ਮਨੀਵਾਲ, ਟਾਂਡਾ ਉੜਮੁੜ, ਸ਼ਰੀਫ਼ ਜੰਗ, ਰੋਹਿਲ, ਦੀਪਾਲਪੁਰ, ਮਿਆਣੀ, ਮੰਗੇਵਾਲ ਅਤੇ ਸਰਹੀ ਆਦਿ ਇਲਾਕੇ ਵੀ ਆਪਣੇ ਅਧੀਨ ਕਰ ਲਏ ਅਤੇ ਹੁਣ ਉਸਦੀ ਸਲਾਨਾ ਆਮਦਨ ਦਸ ਲੱਖ ਤੋਂ ਵਧਕੇ ਉੱਪਰ ਚਲੀ ਗਈ। ਹੁਣ ਜੱਸਾ ਸਿੰਘ ਰਾਮਗੜ੍ਹੀਆ ਦੀ ਤਾਕਤ ਦਾ ਡੰਕਾ ਆਲੇ-ਦੁਆਲੇ ਵੱਜਣ ਲੱਗ ਪਿਆ ਅਤੇ ਉਸਦੇ ਗੁਆਂਢੀ ਪਹਾੜੀ ਰਾਜਿਆਂ ਨੇ ਡਰਦੇ ਹੋਏ ਈਨ ਮੰਨ ਲਈ ਅਤੇ ਉਸਨੂੰ ਸਲਾਨਾ ਕਰ ਦੇਣਾ ਮੰਨ ਲਿਆ। ਇਸਤੋਂ ਬਾਦ ਜੱਸਾ ਸਿੰਘ ਰਾਮਗੜ੍ਹੀਆ ਨੇ ਛੋਟੀਆਂ-ਛੋਟੀਆਂ ਰਿਆਸਤਾਂ ਦੇ ਹੋਰ ਇਲਾਕੇ ਜਸਵਾਂ, ਦੀਪਾਲਪੁਰ, ਅਨਾਰਪੁਰ, ਹਰੀਪੁਰ, ਦਾਤਾਰਪੁਰ ਸਮੇਤ ਜੇਠੋਵਾਲ ਆਦਿ ਵੀ ਆਪਣੇ ਅਧੀਨ ਕਰ ਲਏ। ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਪੈਂਦਾ ਜਲੰਧਰ - ਦੁਆਬੇ ਦਾ ਮੈਦਾਨੀ ਇਲਾਕਾ ਪਹਿਲਾਂ ਹੀ ਉਸਦੇ ਅਧੀਨ ਪੈਂਦਾ ਸੀ। ਉਸਨੇ ਆਪਣੀ ਪੂਰੀ ਸੂਝ-ਬੂਝ ਨਾਲ ਸੋਚ ਵਿਚਾਰਕੇ ਆਪਣੀ ਪਹਿਲੀ ਰਾਜਧਾਨੀ ਨੂੰ ਰਾਮਗੜ੍ਹ ਤੋਂ ਬਦਲਕੇ ਨਵੇਂ ਜਿੱਤੇ ਇਲਾਕਿਆਂ ਦੇ ਬਿਲਕੁੱਲ ਹੀ ਵਿਚਕਾਰ ਪੈਂਦੇ ਸ਼੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਲਿਆ।
ਆਪਣੀ ਸਿੱਖ ਸਲਤਨਤ ਦੇ ਪ੍ਰਸਾਰ ਕਰਨ ਹਿੱਤ ਜੱਸਾ ਸਿੰਘ ਰਾਮਗੜ੍ਹੀਆ ਸਮੇਤ ਬਾਕੀ ਸਿੱਖ ਸਰਦਾਰਾਂ ਨੇ ਹੁਣ ਦਿੱਲੀ ਨੂੰ ਵੀ ਸਰ ਕਰਨ ਦਾ ਫੈਸਲਾ ਲੈ ਲਿਆ। ਸੰਨ 1783 ਈਸਵੀ ਦੇ ਮਾਰਚ ਮਹੀਨੇ ਸਿੰਘਾਂ ਨੇ ਦਿੱਲੀ ਉੱਤੇ ਹੱਲਾ ਬੋਲ ਦਿੱਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸਿੱਖਾਂ ਦੇ ਇਸ ਹਮਲੇ ਪ੍ਰਤੀ ਬਿਲਕੁੱਲ ਬੇਖ਼ਬਰ ਸੀ, ਜਿਸ ਕਰਕੇ ਸਿੱਖ ਅਸਾਨੀ ਨਾਲ ਦਿੱਲੀ ਵਿੱਚ ਵੜਨ ਵਿੱਚ ਸਫ਼ਲ ਹੋ ਗਏ। ਉਹ ਇਸ ਹਮਲੇ ਮਗਰੋਂ ਕਈ ਦਿਨ ਦਿੱਲੀ ‘ਤੇ ਕਾਬਜ਼ ਰਹੇ। ਉੱਧਰ ਜੱਸਾ ਸਿੰਘ ਰਾਮਗੜ੍ਹੀਆ ਸ਼੍ਰੀ ਦਰਬਾਰ ਸਾਹਿਬ ਦੀ ਮੁਗ਼ਲਾਂ ਵੱਲੋਂ ਕੀਤੀ ਬੇਅਦਬੀ ਦੇ ਗੁੱਸੇ ਵਿੱਚ ਮੁਗ਼ਲਾਂ ਨਾਲ ਲੜਦੇ ਹੋਏ ਬਾਕੀ ਸਿੱਖ ਸਰਦਾਰਾਂ ਤੋਂ ਵੱਖ ਹੋ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਲੜਦਿਆਂ ਹੋਇਆਂ ਪਹਿਲਾਂ ਮੁਗ਼ਲਪੁਰੀ ਨੂੰ ਖਤਮ ਕੀਤਾ ਅਤੇ ਫਿਰ ਦਿੱਲੀ ਦੇ ਲਾਲ ਕਿਲੇ ਅੰਦਰ ਦਾਖਲ ਹੋ ਗਿਆ। ਕਿਲੇ ਅੰਦਰ ਬੇਸ਼ੁਮਾਰ ਧਨ-ਦੌਲਤ ਲੁਟਕੇ ਉਸਨੇ ਕਿਲੇ ਦੇ ਤੋਪਖਾਨੇ ਵਿੱਚੋਂ ਚਾਰ ਬੰਦੂਕਾਂ ਅਤੇ ਮੁਗ਼ਲਾਂ ਦਾ ਤਾਜਪੋਸ਼ੀ ਕੀਤੇ ਜਾਣ ਵਾਲਾ ਰੰਗ-ਬਿਰੰਗੇ ਪੱਥਰਾਂ ਨਾਲ ਜੜਿਆ ਔਰੰਗਜ਼ੇਬ ਦਾ ਦਿੱਲੀ ਦਾ ਤਖ਼ਤ ਪੁੱਟਕੇ ਆਪਣੇ ਨਾਲ ਹੀ ਹਾਥੀ ਉੱਤੇ ਲੱਦਕੇ ਪੰਜਾਬ ਲੈ ਆਂਦਾ। ਉਹਨਾਂ ਨੇ ਇਸ ਤਰਾਂ ਮੁਗ਼ਲਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਦਾ ਬਦਲਾ ਲੈ ਕੇ ਇਸ ਤਖ਼ਤ ਨੂੰ ਸ਼੍ਰੀ ਦਰਬਾਰ ਸਾਹਿਬ ਲਿਆਕੇ ਰਾਮਗੜ੍ਹੀਆ ਬੁੰਗੇ ਵਿੱਚ ਸੁਸ਼ੋਭਿਤ ਕਰ ਦਿੱਤਾ ਤਾਂ ਕਿ ਇਹ ਹਮੇਸ਼ਾਂ ਹੀ ਸਿੱਖਾਂ ਸੰਗਤਾਂ ਨੂੰ ਸਿੱਖ ਯੋਧਿਆਂ ਦੀ ਜ਼ਬਰ ਅਤੇ ਜ਼ੁਲਮ ਵਿਰੁੱਧ ਦਿਖਾਈ ਸੂਰਬੀਰਤਾ ਨੂੰ ਹਮੇਸ਼ਾਂ ਲਈ ਯਾਦ ਦਿਵਾਉਂਦਾ ਰਹੇ। ਇਸ ਮਹਾਨ ਕਾਰਜ ਕਰਨ ਉਪਰੰਤ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਨੇ ਪੰਜਾਬ ਵਾਪਸ ਆਪਣੇ ਰਾਜਭਾਗ ਨੂੰ ਦੁਬਾਰਾ ਸੰਭਾਲ ਲਿਆ। ਉਹ ਗਰੀਬਾਂ ਦਾ ਮਸੀਹਾ ਅਤੇ ਸਿੱਖੀ ਦਾ ਸੱਚਾ ਪੈਰੋਕਾਰ ਸੀ। ਉੱਨ੍ਹਾਂ ਨੇ ਅਨੇਕਾਂ ਗੁਰਦੁਆਰਿਆਂ ਅਤੇ ਕਿਲਿਆਂ ਦੀ ਉਸਾਰੀ ਕਰਵਾਈ। ਉਹਨਾਂ ਨੇ ਜੋ ਰਾਮਗੜ੍ਹੀਏ ਬੁੰਗੇ ਦੀ ਉਸਾਰੀ ਕਰਵਾਈ ਸੀ, ਉਹ ਤਖ਼ਤ ਸ਼੍ਰੀ ਗੁਰੂ ਰਾਮਦਾਸ ਜੀ ਤੋਂ 14 ਫੁੱਟ ਨੀਵਾਂ ਬਣਾਇਆ ਸੀ। ਇੱਥੋਂ ਉਹਨਾਂ ਦੀ ਸਿੱਖੀ ਦੇ ਪ੍ਰਤੀ ਨਿਮਰਤਾ ਅਤੇ ਸ਼ਰਧਾ ਦਾ ਪ੍ਰਗਟਾਵਾ ਹੁੰਦਾ ਹੈ। ਬ੍ਰਿਧ ਅਵਸਥਾ ਵਿੱਚ ਹੁੰਦੇ ਹੋਏ ਵੀ ਉਹ ਸਿੱਖੀ ਦੇ ਪਾਵਨ ਕਾਰਜਾਂ ਲਈ ਸਦਾ ਹੀ ਤੱਤਪਰ ਰਹਿੰਦੇ ਸਨ। ਜੱਸਾ ਸਿੰਘ ਰਾਮਗੜ੍ਹੀਆ ਆਪਣੀ 80 ਸਾਲਾਂ ਦੀ ਲੰਮੀ ਆਯੂ ਭੋਗ ਕੇ ਸੰਨ 1803 ਈਸਵੀ ਵਿੱਚ ਆਪਣੇ ਪ੍ਰਾਣ ਤਿਆਗ ਗਏ।

Add new comment