ਬੇਰੁਜ਼ਗਾਰੀ ਦੀ ਸਮੱਸਿਆ ਦਿਨ-ਬ-ਦਿਨ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਅੱਜ ਪੂੰਜੀਪਤੀ ਦੇਸ਼ ਵੀ ਬੇਰੁਜ਼ਗਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਮੁਤਾਬਕ 2020 ਤਕ 18 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋਏ ਹਨ। ਨਾਮੀ ਕੰਪਨੀਆਂ ’ਚੋਂ ਹਰ ਰੋਜ਼ ਛਾਂਟੀ ਹੋ ਰਹੀ ਹੈ। ਕੋਵਿਡ ਕਾਰਨ ਵੀ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ। ਮੰਦੀ ਕਾਰਨ ਕਰੋੜਾਂ ਲੋਕ ਵਿਹਲੇ ਹੋ ਗਏ ਹਨ। ਅੱਜ ਲੱਖਾਂ ਨੌਜਵਾਨ ਰੁਜ਼ਗਾਰ ਲਈ ਧੱਕੇ ਖਾਂਦੇ ਫਿਰਦੇ ਹਨ। ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਚਾਹੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਫਿਰ ਵੀ ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਨਾ ਚਾਹੁੰਦੇ ਹੋਏ ਵੀ ਜ਼ਿਆਦਾਤਰ ਲੋਕ ਬਹੁਤ ਘੱਟ ਤਨਖ਼ਾਹ ਵਾਲੇ ਕਿੱਤੇ ਚੁਣਨ ਲਈ ਮਜਬੂਰ ਹਨ। ਵਿੱਦਿਅਕ ਯੋਗਤਾ ਮੁਤਾਬਕ ਲੋਕਾਂ ਨੂੰ ਆਪਣੀ ਮਨਪਸੰਦ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਇੰਨੀ ਮਹਿੰਗਾਈ ਵਿਚ ਜ਼ਿੰਦਗੀ ਬਸਰ ਕਰਨੀ ਔਖੀ ਹੋ ਚੁੱਕੀ ਹੈ। ਰੁਜ਼ਗਾਰ ਖ਼ਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਚਿੰਤਾਜਨਕ ਹਨ। ਲੱਗਦਾ ਤਾਂ ਇੰਜ ਹੈ ਕਿ ਕਿਤੇ ਪੰਜਾਬ ਖ਼ਾਲੀ ਹੀ ਨਾ ਹੋ ਜਾਵੇ। ਜਿਹੜੇ ਕਾਲਜਾਂ ਵਿਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਸਨ, ਅੱਜ ਉਹ ਬੰਦ ਹੋਣ ਦੇ ਕੰਢੇ ’ਤੇ ਪੁੱਜ ਗਏ ਹਨ। ਕਈ ਕਾਲਜਾਂ ਨੂੰ ਤਾਂ ਜਿੰਦਰੇ ਤਕ ਲੱਗ ਚੁੱਕੇ ਹਨ। ਬੇਰੁਜ਼ਗਾਰੀ ਦੇ ਵਧਣ ਦਾ ਮੁੱਖ ਕਾਰਨ ਆਬਾਦੀ ਦਾ ਵਧਣਾ ਵੀ ਹੈ। ਅੱਜ ਨਵੀਂ ਤਕਨੀਕ ਦਾ ਯੁੱਗ ਹੈ। ਦਿਨ-ਬ-ਦਿਨ
ਕੰਮਾਂਕਾਰਾਂ ਦਾ ਮਸ਼ੀਨੀਕਰਨ ਹੋ ਰਿਹਾ ਹੈ। ਮਸ਼ੀਨੀਕਰਨ ਨੇ ਵੀ ਬੇਰੁਜ਼ਗਾਰੀ ਵਧਾਈ ਹੈ। ਬਹਤ ਸਾਚੇ ਲੋਕ ਰੁਜ਼ਗਾਰ ਦੀ ਤਲਾਸ਼ ਲਈ ਸ਼ਹਿਰਾਂ ਵੱਲ ਆਉਂਦੇ ਹਨ। ਹਰ ਕਿਸੇ ਨੂੰ ਮਨਪਸੰਦ ਰੁਜ਼ਗਾਰ ਮਿਲਣਾ ਸੰਭਵ ਨਹੀਂ ਹੈ। ਕਈ ਅਦਾਰਿਆਂ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ। ਟੋਲ ਪਲਾਜ਼ਿਆਂ ’ਤੇ ਫਾਸਟ ਟੈਗ ਦੀ ਸੁਵਿਧਾ ਦੇ ਦਿੱਤੀ ਗਈ ਹੈ। ਬਿਨਾਂ ਸ਼ੱਕ ਇਸ ਨਾਲ ਵੀ ਨੌਕਰੀਆਂ ਘਟ ਰਹੀਆਂ ਹਨ। ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਆਬਾਦੀ ’ਤੇ ਕਾਬੂ ਪਾਉਣ ਬਾਬਤ ਕਨੂੰਨ ਲਿਆਉਣਾ ਬਹੁਤ ਜ਼ਰੂਰੀ ਹੈ। ਆਬਾਦੀ ਪੱਖੋਂ ਸਾਡਾ ਮੁਲਕ ਵਿਸ਼ਵ ਦਾ ਨੰਬਰ ਵਨ ਦੇਸ਼ ਬਣ ਗਿਆ ਹੈ। ‘ਛੋਟਾ ਪਰਿਵਾਰ, ਸੁਖੀ ਪਰਿਵਾਰ’ ਦਾ ਨਾਅਰਾ ਘਰ-ਘਰ ਪਹੁੰਚਾਇਆ ਜਾਵੇ। ਖੇਤੀਬਾੜੀ ਤੇ ਲਘੂ ਉਦਯੋਗਾਂ ਨੂੰ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਘੱਟ ਵਿਆਜ ਦਰ ’ਤੇ ਕਰਜ਼ੇ ਦਿੱਤੇ ਜਾ ਸਕਣ। ਸਵੈ-ਰੁਜ਼ਗਾਰ ਨੂੰ ਵੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨ ਨਿਰਾਸ਼ ਹੋ ਕੇ ਕੁਰਾਹੇ ਪੈ ਜਾਂਦੇ ਹਨ ਅਤੇ ਕਈ ਬੁਰਾਈਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਨਸ਼ੇ ਵੀ ਕਰਨ ਲੱਗਦੇ ਹਨ। ਜੇ ਸਾਡੇ ਮੁਲਕ ’ਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇ ਤਾਂ ਬੇਰੁਜ਼ਗਾਰੀ ਨੂੰ ਕਾਫ਼ੀ ਹੱਦ ਤਕ ਠੱਲ੍ਹ ਪੈ ਜਾਵੇਗੀ। ਸਰਕਾਰਾਂ ਵੱਲੋਂ ਦੇਸ਼ ਵਿਚ ਬਹੁਕੌਮੀ ਕੰਪਨੀਆਂ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ।