ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ, ਪਰ ਇਨਸਾਨ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੁਦਰਤ ਦਾ ਨਾਸ਼ ਹੀ ਕੀਤਾ ਹੈ। ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਮੁਫ਼ਤ ਵਿੱਚ ਮਿਲਦੀਆਂ ਹਨ, ਉਹ ਉਹਨਾਂ ਦੀ ਕਦਰ ਨਹੀਂ ਕਰਦਾ। ਇਸੇ ਕਾਰਨ ਅੱਜ ਪਾਣੀ ਤੇ ਹਵਾ ਦੋਵੇਂ ਹੀ ਦੂਸ਼ਿਤ ਹੋ ਰਹੇ ਹਨ। ਅੱਜ ਅਸੀਂ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਵਾਪਰਦਿਆਂ ਦੇਖ ਕੇ ਖੁਸ਼ ਹੋ ਰਹੇ ਹਾਂ, ਜਦਕਿ ਇਥੋਂ ਹੀ ਸ਼ੁਰੂ ਹੁੰਦਾ ਹੈ ਸਾਡੇ ਕੁਦਰਤੀ ਸੋਮਿਆਂ ਦਾ ਉਜਾੜਾ। ਅੱਜ ਦੇ ਮਨੁੱਖ ਨੇ ਹਵਾ-ਪਾਣੀ, ਧਰਤੀ ਸਭ ਨੂੰ ਗੰਧਲਾ ਕਰ ਲਿਆ ਹੈ।ਮਾਇਆ ਦੀ ਦੌੜ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ। ਅੰਨ੍ਹੇਵਾਹ ਵਧਦਾ ਪ੍ਰਦੂਸ਼ਣ ਆਪਾ-ਮਾਰੂ ਸਿੱਧ ਹੋਵੇਗਾ। ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਨਾ ਮੰਨਿਆ ਤਾਂ ਵੱਡੀ ਭੁੱਲ ਹੋਵੇਗੀ। ਗੁਰੂ ਨਾਨਕ ਦੇਵ ਜੀ ਨੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਦਾ ਮਹਾਂਵਾਕ ਉਚਾਰ ਕੇ ਇਹਨਾਂ ਕੁਦਰਤੀ ਸੋਮਿਆਂ ਦੀ ਕੀਮਤ ਤੋਂ ਜਾਣੂ ਕਰਵਾਇਆ ਹੈ।
ਕੁਦਰਤੀ ਸੋਮਿਆ ਦੇ ਉਜਾੜੇ ਦੀ ਗੱਲ ਕਿਸ ਪੱਖ ਤੋਂ ਸ਼ੁਰੂ ਕਰਾਂ? ਅੱਜ ਦਾ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸੋਮਿਆ ਨਾਲ ਖਿਲਵਾੜ ਕਰ ਰਿਹਾ ਹੈ। ਇਹ ਖਿਲਵਾੜ ਕੋਈ ਇੱਕ ਦੋ ਸਾਲ ਤੋਂ ਸ਼ੁਰੂ ਨਹੀਂ ਹੋਇਆ, ਆਜਾਦੀ ਤੋਂ ਬਾਅਦ ਡਿਵੈਲਪਮੈਂਟ ਦੇ ਨਾਮ 'ਤੇ ਰੁੱਖਾਂ ਦੀ ਕਟਾਈ, ਸਨਅਤੀਕਰਨ ਨਾਲ ਪਾਣੀ ਦਾ ਦੂਸ਼ਿਤ ਹੋਣਾ, ਜ਼ਹਿਰੀਲੀ ਹੋਈ ਹਵਾ, ਕੁਲ ਮਿਲਾ ਕੇ ਸਾਡਾ ਸਾਰਾ ਚੌਗਿਰਦਾ ਦੂਸ਼ਿਤ ਹੋ ਰਿਹਾ ਹੈ।
ਅਸੀਂ ਆਪਣੇ ਬਜੁਰਗਾਂ ਤੋਂ ਹਮੇਸ਼ਾਂ ਹੀ ਸੁਣਦੇ ਆਏ ਹਾਂ ਕਿ ਸ਼ਹਿਰ ਸੁੱਖ ਸਹੂਲਤਾਂ ਤਾਂ ਅਨੇਕਾਂ ਨੇ, ਪਰ ਬਿਮਾਰੀਆਂ ਦਾ ਘਰ ਹੈ। ਸਮੇਂ ਨੇ ਐਸੀ ਕਰਵਟ ਲਈ ਹੁਣ ਸ਼ਹਿਰੀ ਇਲਾਕਿਆਂ ਨਾਲੋਂ ਵੱਧ ਪਿੰਡਾਂ ਨੂੰ ਵੀ ਨਵੀਨੀਕਰਨ ਦੀ ਕਾਲੀ ਹਨ੍ਹੇਰੀ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਜਿਸ ਨੇ ਸ਼ਹਿਰੀ ਇਲਾਕਿਆਂ ਵਾਂਗ ਪਾਣੀ, ਹਵਾ ਤੇ ਵਾਤਵਰਨ ਨੂੰ ਦੂਸ਼ਿਤ ਕੀਤਾ ਹੈ ਤੇ ਜਿਸ ਨਾਲ ਪਿੰਡਾਂ ਵਿੱਚ ਵੀ ਅੱਜ ਹਰ ਦੂਸਰਾ ਵਿਅਕਤੀ ਬਿਮਾਰ ਹੈ। ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਮੇਂ ਦੀਆਂ ਸਰਕਾਰਾਂ ਦੇ ਨਾਲ ਅਸੀ ਵੀ ਸਭ ਇਸ ਦੇ ਜ਼ਿੰਮੇਵਾਰ ਹਾਂ।
ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਨੁੱਖ ਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਆਲਾ ਦੁਆਲਾ ਸਵੱਛ ਕਰਨ ਦੇ ਉਦੇਸ਼ ਨਾਲ ਅਨੇਕਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ।
ਸਰਕਾਰਾਂ ਵਲੋਂ ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨੋਂ ਦਿਨ ਘੱਟਣ ਨੂੰ ਲੈਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਤੇ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ ਤੇ ਕਈ ਸ਼ੁਰੂ ਕੀਤੀਆਂ ਜਾਣਗੀਆਂ, ਪਰ ਸਰਕਾਰਾਂ ਉਹਨਾਂ ਕਾਰਨਾਂ ਨੂੰ ਲੱਭਣ ਦਾ ਜਾਂ ਤਾਂ ਯਤਨ ਨਹੀ ਕਰ ਰਹੀਆਂ ਜਾਂ ਫਿਰ ਉਹਨਾਂ ਦਾ ਹੱਲ ਨਹੀਂ ਕਰਨਾ ਚਾਹੁੰਦੀਆਂ, ਜਿਸ ਨਾਲ ਧਰਤੀ ਹੇਠਾਂ ਪਾਣੀ ਦਾ ਪੱਧਰ ਉੱਚਾ ਹੋ ਸਕੇ।
ਵਰਨਣਯੋਗ ਹੈ ਕਿ ਇੱਕ ਪਾਸੇ ਧਰਤੀ ਹੇਠਾਂ ਪਾਣੀ ਦੀ ਮਾਤਰਾ ਘੱਟਦੀ ਜਾ ਰਹੀ ਹੈ, ਦੂਸਰੇ ਪਾਸੇ ਧਰਤੀ ਹੇਠਾਂ ਹੀ ਪਾਣੀ ਦੂਸ਼ਿਤ ਹੋ ਰਿਹਾ ਹੈ। ਉਸ ਲਈ ਸਰਕਾਰਾਂ ਦੇ ਨਾਲ ਨਾਲ ਆਮ ਲੋਕ ਵੀ ਜ਼ਿੰਮੇਵਾਰ ਹਨ।
ਅੱਜ ਨਵੀਨੀਕਰਨ ਦੀ ਦੌੜ ਤੇ ਅਪਣੀਆਂ ਸਹੂਲਤਾਂ ਲਈ ਪਿੰਡਾਂ ਵਿੱਚ ਹਰ ਘਰ ਵਿੱਚ ਪਖਾਨੇ ਬਣਾਏ ਜਾ ਰਹੇ ਹਨ। ਇਹਨਾਂ ਪਾਖਨਿਆਂ ਦਾ ਗੰਦਾ ਪਾਣੀ ਧਰਤੀ ਵਿੱਚ ਟੈਂਕ ਬਣਾ ਕੇ ਉਹਨਾਂ ਵਿੱਚ ਪਾਇਆ ਜਾ ਰਿਹਾ ਹੈ। ਜਿਸ ਨਾਲ ਧਰਤੀ ਹੇਠ ਪਾਣੀ ਹੌਲੀ ਹੌਲੀ ਦੂਸ਼ਿਤ ਹੋ ਰਿਹਾ ਹੈ, ਕਿਉਂਕਿ ਪਿੰਡਾਂ ਵਿੱਚ ਧਰਤੀ ਹੇਠਾਂ ਬਣੇ ਟੈਂਕ ਦੇ ਆਸ ਪਾਸ ਹੀ ਪਾਣੀ ਲਈ ਬੋਰ ਕੀਤਾ ਹੋਣ ਕਾਰਨ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਰਿਹਾ ਹੈ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਿਉਂਕਿ ਸ਼ਹਿਰੀ ਇਲਾਕਿਆਂ ਵਾਂਗ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਸੀਵਰੇਜ ਸਿਸਟਮ ਨਹੀਂ ਹੁੰਦਾ।
ਅਸੀਂ ਸਾਰੇ ਐਸੀ ਦੌੜ ਦਾ ਹਿੱਸਾ ਖੁਦ ਬਣ ਰਹੇ ਹਾਂ, ਜੋ ਕੁਦਰਤੀ ਸੋਮਿਆਂ ਨੂੰ ਖਤਮ ਕਰਕੇ ਕੰਕਰੀਟ ਦਾ ਜੰਗਲ ਬਣਾ ਰਹੇ ਹਾਂ। ਇਹ ਸ਼ੁਰੂਆਤ ਅਸੀਂ ਆਪਣੇ ਘਰਾਂ ਤੋਂ ਕੀਤੀ ਹੈ। ਖੇਤੀਬਾੜੀ ਵਾਲੀ ਉਪਜਾਊ ਜ਼ਮੀਨ, ਜੋ ਅੰਨ ਪੈਦਾ ਕਰਦੀ ਹੈ, ਨਾਲ ਹੀ ਧਰਤੀ ਹੇਠਾਂ ਪਾਣੀ ਦੇ ਪੱਧਰ ਨੂੰ ਵੀ ਉੱਚਾ ਚੁੱਕਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ, ਅਸੀਂ ਨਵੀਨੀਕਰਨ ਦੀ ਦੌੜ ਵਿੱਚ ਉਸਨੂੰ ਹੀ ਖਤਮ ਕਰ ਰਹੇ ਹਾਂ। ਫਿਰ ਵਾਰੀ ਆਉਂਦੀ ਹੈ ਨਦੀਆਂ-ਨਾਲਿਆਂ ਤੇ ਦਰਿਆ ਵਿਚੋਂ ਨਿਕਲਣ ਵਾਲੀਆਂ ਨਹਿਰਾਂ, ਸੂਏ, ਕੱਸੀਆਂ, ਖਾਲ ਜਿਨ੍ਹਾਂ ਨੂੰ ਸਰਕਾਰਾਂ ਨੇ ਪੱਕੇ ਕਰਨਾ ਸ਼ੁਰੂ ਕਰ ਦਿੱਤਾ, ਜੋ ਧਰਤੀ ਹੇਠ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਸੀ। ਸਾਡੇ ਬਜ਼ੁਰਗ ਕਹਿੰਦੇ ਸੀ ਥੋੜ੍ਹਾ ਜਿਹਾ ਟੋਇਆ ਪੁੱਟਦੇ ਪਾਣੀ ਨਿਕਲ ਆਉਂਦਾ ਸੀ, ਜਿੱਥੇ ਹੁਣ ਦੋ-ਤਿੰਨ ਸੌ ਫੁੱਟ 'ਤੇ ਪਾਣੀ ਆਉਂਦਾ ਹੈ।
ਸਰਕਾਰਾਂ ਵਲੋਂ ਧਰਤੀ ਹੇਠਾਂ ਪਾਣੀ ਦੇ ਪੱਧਰ ਘੱਟਣ ਦਾ ਮੁੱਖ ਕਾਰਨ ਝੋਨੇ ਦੀ ਫ਼ਸਲ ਨੂੰ ਮੰਨਿਆ ਜਾ ਰਿਹਾ ਹੈ। ਅਗਰ ਇਹੀ ਕਾਰਨ ਹੈ ਤਾਂ ਮੌਕੇ ਦੀਆਂ ਸਰਕਾਰਾਂ ਇਸ ਨੂੰ ਅਫੀਮ ਦੀ ਖੇਤੀ ਵਾਂਗ ਰੋਕ ਕਿਉਂ ਨਹੀਂ ਲਗਾ ਦਿੰਦੀਆਂ। ਪੰਜਾਬ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਅੱਜ 20 ਰੁਪਏ ਲੀਟਰ ਪਾਣੀ ਦੀ ਬੋਤਲ ਮਿਲ ਰਹੀ ਹੈ ਤੇ ਆਉਣ ਵਾਲੇ 25 ਤੋਂ 30 ਸਾਲ ਬਾਅਦ ਪੈਟਰੋਲ ਤੇ ਡੀਜ਼ਲ ਵਾਂਗ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਵੱਧਦੀ ਕੀਮਤ ਨੂੰ ਘੱਟ ਕਰਨ ਲਈ ਧਰਨੇ ਲਗਾਉਣ ਲਈ ਮਜਬੂਰ ਹੋਣਗੇ ਤੇ ਇਹੀ ਸਾਡੇ ਰਾਜਨੀਤਿਕ ਨੇਤਾ ਪਾਣੀ ਦੀਆਂ ਵੱਧਦੀ ਕੀਮਤਾਂ ਤੇ ਰਾਜਨੀਤਿਕ ਰੋਟੀਆਂ ਸੇਕਣਗੇ ਤੇ ਲੋਕ ਵੀ ਜਿੰਦਾਬਾਦ ਕਰਦੇ ਹੋਏ ਸਾਹੋ ਸਾਹੀ ਹੋਣਗੇ। ਜਦ ਤੱਕ ਇਹ ਸਮਾਂ ਆਵੇਗਾ ਤਦ ਹੋਰ ਮੁੱਦੇ ਇਸ ਮੁੱਦੇ ਦੇ ਮੁਕਾਬਲੇ ਛੋਟੇ ਹੋ ਜਾਣਗੇ ਤੇ ਸਰਕਾਰਾਂ ਦੇ ਡਿੱਗਣ ਤੇ ਬਣਨ ਦਾ ਕਾਰਨ ਵੀ ਇਹ ਹੀ ਮੁੱਦੇ ਹੋਣਗੇ। ਇਸ ਲਈ ਹੁਣ ਮੌਕਾ ਹੈ, ਆਪਣੇ ਵਲੋਂ ਕੀਤੀ ਜਾ ਰਹੀ ਭੁੱਲ ਨੂੰ ਆਪ ਹੀ ਸੁਧਾਰ ਲਿਆ ਜਾਵੇ ਨਹੀਂ ਤਾਂ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੰਦਾਬਾਦ ਮੁਰਦਾਬਾਦ ਕਰਨ ਦਾ ਅਸੀਂ ਖੁਦ ਮੌਕਾ ਦੇਵਾਗੇਂ।
ਸਰਬਜੀਤ ਲੁਧਿਆਣਵੀ
9814412483