ਵਿਦੇਸ਼ ਦੀ ਚਾਹਤ ਕਾਰਨ ਖ਼ਾਲੀ ਹੋ ਰਿਹਾ ਪੰਜਾਬ


ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀਂ ਹੈ। ਭਾਰਤੀ ਲੋਕਾ ਦਾ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ 2022 ਵਿਚ ਕਰੀਬ 1.89 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੋਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਕਹੇ ਹਨ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੋਜਵਾਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਮਾਂ ਬਾਪ ਕਰਜਾਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਵਿੱਚ ਭੇਜ ਰਹੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ। ਵਿਦੇਸ਼ੀ ਪੜਾਈ ਕਰਕੇ ਫਿਰ ਉਹ ਵਾਪਸ ਪੰਜਾਬ ਆ ਕੇ ਆਪਣੀ ਧਰਤੀ ਤੇ ਹੀ ਨੌਕਰੀ ਕਰਦੇ ਸਨ। ਪਰ ਅੱਜ ਜੇ ਕੋਈ ਬੱਚਾ ਵਿਦੇਸ਼ ਚਲਾ ਗਿਆ , ਉਹ ਵਾਪਸ ਮੁੜ ਕੇ ਪੰਜਾਬ ਨਹੀਂ ਆਉਂਦਾ। ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਜੋ ਖੇਤੀ ਯੋਗ ਜ਼ਮੀਨ ਦਾ ਰੇਟ 35 ਤੋਂ 40 ਲੱਖ ਸੀ, ਉਸ ਦੀ ਕੀਮਤ ਵਿਚ ਕਾਫ਼ੀ ਗਿਰਾਵਟ ਆਈ ਹੈ। ਵੀਹ ਲੱਖ ਵਿੱਚ ਵੀ ਲੋਕ ਪ੍ਰਤੀ ਏਕੜ ਜ਼ਮੀਨ ਵੇਚਣ ਲਈ ਤਿਆਰ ਹਨ। 
ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ। ਜਦੋਂ ਕਰੋਨਾ ਮਹਾਂਮਾਰੀ ਨੇ ਭਾਰਤ ਵਿਚ ਦਸਤਕ ਦਿੱਤੀ ਤਾਂ, ਤਾਲਾਬੰਦੀ ਕਰ ਦਿੱਤੀ ਗਈ। ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਹਜੇ ਤੱਕ ਲੀਹ ਤੇ ਚੰਗੀ ਤਰ੍ਹਾਂ ਗੱਡੀ ਨਹੀਂ ਆਈ ਹੈ। ਸੀਮਤ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਫਿਰ ਮਾਂ-ਬਾਪ ਕੋਲ ਕੋਈ ਵੀ ਚਾਰਾਂ ਨਹੀਂ ਰਹਿੰਦਾ ਥੱਕੇ ਹਾਰੇ ਮਾਂ ਬਾਪ ਫਿਰ ਔਲਾਦ ਨੂੰ (ਆਇਲੈਟਸ) ਦੀ ਤਿਆਰੀ ਕਰਵਾਉਂਦੇ ਹਨ। ਫਿਰ ਜਦੋਂ ਵਧੀਆ ਬੈਂਡ ਆ ਜਾਂਦੇ ਹਨ, ਤਾਂ ਫਿਰ ਬਾਪ ਪੈਸੇ ਦਾ ਹੀਲਾ-ਵਸੀਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਰਿਸ਼ਤੇਦਾਰਾਂ ਸਕੇ ਸਬੰਧੀਆਂ ਤੋਂ ਆਸ ਰੱਖਦਾ ਹੈ। ਫਿਰ ਜਦੋਂ ਉਹ ਵੀ ਹੱਥ ਖੜੇ ਕਰ ਦਿੰਦੇ ਹਨ, ਤਾਂ ਆਪਣੀ ਜ਼ਮੀਨ ਨੂੰ ਗਹਿਣੇ ਰੱਖ ਦਿੰਦਾ ਹੈ। ਫ਼ਿਰ ਪਿੱਛੋਂ ਉਹ ਮਾਂ ਬਾਪ ਬੈਕ ਦੀਆਂ ਕਿਸ਼ਤਾਂ ਭਰਦੇ ਹਨ। ਸਮੇਂ ਸਿਰ ਕਰਜ਼ਾ ਨਾ ਉਤਾਰਨ ਕਰਕੇ ਉਹੀ ਪਿਓ ਖ਼ੁਦਕੁਸ਼ੀ ਕਰ ਲੈਂਦਾ ਹੈ। ਅੱਜ ਕੱਲ ਜੋ ਵਿਦੇਸ਼ ਚਲਾ ਜਾਂਦਾ ਰੈ, ਉਹ ਵਤਨ ਵਾਪਸੀ ਨਹੀਂ ਕਰਦਾ। ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ। ਪਿੱਛੋਂ ਮਾਵਾਂ ਦੀਆਂ ਅੱਖਾਂ ਆਪਣੇ ਲਾਲ ਨੂੰ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਸੀਂ ਸੁਣਦੇ ਵੀ ਹਨ ਕਿ  ਮਾਤਾ ਪਿਤਾ ਪਿੱਛੋਂ ਇਸ ਸੰਸਾਰ ਤੋਂ ਰੁਖ਼ਸਤ ਕਰ ਗਏ। ਪੁੱਤ ਵਿਦੇਸ਼ ਤੋਂ ਫਿਰ ਵੀ ਨਹੀਂ ਆਉਂਦਾ। ਭਾਈਚਾਰਕ ਸਾਂਝ ਹੀ ਮਾਂ ਬਾਪ ਦੀ ਅੰਤਿਮ ਰਸਮਾਂ ਨਿਭਾਉਂਦੀਆਂ ਹਨ। 
ਹੁਣ ਤਾਂ ਵੱਡੇ ਵੱਡੇ ਬਿਜਨਸਮੈਨ ਜਿਨ੍ਹਾਂ ਦੇ ਚੰਗੇ ਆਮਦਨ ਦੇ ਵਸੀਲੇ ਹਨ, ਉਹ ਵੀ ਪੰਜਾਬ ਦੀ ਧਰਤੀ ਨੂੰ ਛੱਡਣ ਲਈ ਕਾਹਲੇ ਹਨ। ਪਿਛੇ ਜਿਹੇ ਪੰਜਾਬ ਵਿੱਚ ਅਜਿਹੀ ਵਾਰਦਾਤਾਂ ਹੋਈਆਂ, ਜਿਸ ਕਾਰਨ ਲੋਕਾਂ ਦੇ ਮਨ ਵਿੱਚ ਡਰ ਦਾ ਮਾਹੌਲ ਹੈ। ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਅਪਰਾਧਿਕ ਘਟਨਾਵਾਂ ਬਹੁਤ ਵੱਧ ਗਈਆਂ ਹਨ। ਹੁਣ ਲੋਕ ਜਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਵਿਦੇਸ਼ਾਂ ਵਿਚ ਵੱਸਣ ਜਾ ਰਹੇ ਹਨ। ਸੂਬੇ ਅੰਦਰ ਅਪਰਾਧੀਆਂ, ਲੁਟੇਰਿਆਂ ਖਾਸ ਤੌਰ ਤੇ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣਾ ਵਰਗੀਆਂ ਵਾਰਦਾਤਾਂ ਦਾ ਵੱਧਣਾ ਕਾਨੂੰਨ ਵਿਵਸਥਾ ਲਈ ਠੀਕ ਨਹੀਂ ਹੈ। ਮਜ਼ਬੂਰੀਵੱਸ ਲੋਕ ਆਪਣੇ ਬੱਚਿਆਂ ਨੂੰ ਬਾਰਵੀ ਤੋਂ ਬਾਅਦ ਵਿਦੇਸ਼ ਭੇਜ ਰਹੇ ਹਨ। ਵਿਦੇਸ਼ ਜਾਣ ਦਾ ਮੁੱਖ ਕਾਰਨ ਨਸ਼ਿਆਂ ਤੇ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਇੰਨੀ ਵੱਧ ਚੁੱਕੀ ਹੈ ਕਿ ਪੜੇ-ਲਿਖੇ ਨੌਜਵਾਨਾ ਹੱਥਾਂ ਵਿੱਚ ਡਿਗਰੀਆਂ ਫੜੇ ਧੱਕੇ ਖ਼ਾ ਰਹੇ ਹਨ। ਹਾਲ ਹੀ ਵਿੱਚ ਤਾਜ਼ਾ ਸਰਵੇ ਮੁਤਾਬਕ 70 ਲੱਖ ਤੋਂ ਵਧੇਰੇ ਲੋਕਾਂ ਕੋਲ ਪਾਸਪੋਰਟ ਹੈ। ਨਸ਼ਾ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ। ਨਸ਼ੇ ਦੇ ਡਰੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਇਹ ਵੀ ਪ੍ਰਵਾਸ ਦਾ ਬਹੁਤ ਵੱਡਾ ਕਾਰਨ ਹੈ।
ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਮੋਗਾ ਜਿਲੇ ਵਿੱਚ ਇੱਕ ਏਜੰਟ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ। ਤੇ ਆਪ ਫਰਾਰ ਹੋ ਗਿਆ। ਏਜੰਟਾਂ ਦੀਆਂ ਸਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਕੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆਪਣਾ ਘਰ ਤਬਾਹ ਕਰ ਲੈਂਦੇ ਹਨ। ਆਮ ਸੁਨਣ ਵਿੱਚ ਵੀ ਆਉਂਦਾ ਹੈ ਕਿ ਜਿਹੜੇ ਦੇਸ਼ 'ਚ ਵਿਦਿਆਰਥੀ ਜਾਣਾ ਚਾਹੁੰਦੇ ਹਨ, ਇਹ ਏਜ਼ੰਟ ਝੂਠ ਬੋਲ ਕੇ ਉਸ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜ ਦਿੰਦੇ ਹਨ। ਤੇ ਕਹਿੰਦੇ ਹਨ ਕਿ ਉੱਥੇ ਜਦੋਂ ਤੂੰ ਪੁੱਜੇਗਾ, ਤੈਨੂੰ ਫਲਾਣਾ ਬੰਦਾ ਅੱਗੇ ਭੇਜੇਗਾ। ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਾਂ ਫ਼ਿਰ ਉਥੇ ਖੱਜਲ-ਖੁਆਰ ਹੋ ਕੇ ਫਿਰ ਇਹੀ ਬੱਚੇ ਆਪਣੇ ਘਰ ਨੂੰ ਖ਼ਾਲੀ ਹੱਥ ਵਾਪਸ ਆਉਂਦੇ ਹਨ। ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਲਾਲਚ ’ਚ ਕਈ ਪਰਿਵਾਰ ਲੱਖਾਂ- ਲੱਖਾਂ ਰੁਪਏ ਏਜੰਟਾਂ ਕੋਲ ਫ਼ਸਾ ਲੈਂਦੇ ਹਨ। ਇੱਥੋ ਤੱਕ ਕਿ ਆਪਣੀ ਜ਼ਮੀਨ ਵੀ ਗਹਿਣੇ ਰੱਖ ਦਿੰਦੇ ਹਨ। ਵਿਦੇਸ਼ ਜਾਣ ਦੇ ਲਾਲਚ ਵਿੱਚ ਇਹ ਏਜੰਟ ਭੋਲੇ- ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਲੈਂਦੇ ਹਨ।
ਸਾਡੇ ਹੀ ਇੱਕ ਕਰੀਬੀ ਕੋਲੋਂ ਪਿਛਲੇ 2 ਸਾਲ ਪਹਿਲਾਂ ਏਜੰਟ ਨੇ 15 ਲੱਖ ਰੁਪਿਆ ਮੰਗਿਆ। ਏਜੰਟ ਨੂੰ ਪਾਸਪੋਰਟ ਦੇ ਦਿੱਤਾ। ਪਰਿਵਾਰ ਨੇ ਏਜੰਟ ਨੂੰ ਛੇ ਕੁ ਲੱਖ ਰੁਪਏ ਦਿੱਤਾ। ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਤਿਆਰੀ ਖਿੱਚ ਲਓ। ਹਰ ਰੋਜ਼ ਕੋਈ ਨਾ ਕੋਈ ਲਾਰਾ ਲਗਾਉਂਦੇ ਹੋਏ ਏਜੰਟ ਨੇ ਇੱਕ ਸਾਲ ਕੱਢ ਦਿੱਤਾ। ਬਾਅਦ ਵਿੱਚ ਉਹੀ ਏਜੰਟ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਬੜੀ ਮੁਸ਼ਕਤ ਨਾਲ ਪਾਸਪੋਰਟ ਉਸ ਏਜੰਟ ਦੇ ਕਬਜੇ ਤੋਂ ਮਿਲਿਆ। ਛੇ ਲੱਖ ਰੁਪਇਆ ਵੀ ਖੂਹ ਖਾਤੇ ਗਿਆ। ਤੇ ਜੋ ਖੱਜਲ-ਖੁਆਰੀ ਹੋਈ, ਉਹ ਅੱਡ ਤੋਂ ਹੋਈ।
ਅੱਜ ਕੱਲ ਪਰਿਵਾਰਕ ਮੈਂਬਰ ਆਪਣੇ ਪੁੱਤਰ ਲਈ ਆਈਲੈਟਸ ਕੁੜੀ ਲੱਭਦੇ ਹਨ। ਫਿਰ ਉਸ ਕੁੜੀ ਤੇ 25 ਤੋਂ 30 ਲੱਖ ਰੁਪਿਆ ਖਰਚ ਕੇ ਉਸ ਨੂੰ ਵਿਦੇਸ਼ ਵਿੱਚ ਭੇਜ ਦਿੰਦੇ ਰਨ। ਉਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀ ਨੂੰਹ ਉਥੇ ਜਾ ਕੇ ਉਨ੍ਹਾਂ ਦੇ ਮੁੰਡੇ ਨੂੰ ਸੱਦ ਲਵੇਗੀ। ਪਰ ਅੱਜ ਕੱਲ੍ਹ ਇਹ ਘਟਨਾਵਾਂ ਆਮ ਵਾਪਰ ਰਹੀਆਂ ਹਨ। ਕੁੜੀ ਉਥੇ ਜਾ ਕੇ ਕਿਸੇ ਹੋਰ ਨੌਜਵਾਨ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਨ੍ਹਾਂ ਨੇ ਪੈਸਾ ਲਗਾ ਕੇ ਭੇਜਿਆ, ਉਹ ਨੂੰ ਟਾਲ ਮਟੋਲ ਕਰਦੀ ਰਰਿੰਦੀ ਹੈ। ਫਿਰ ਪਿੱਛੋਂ ਪੰਜਾਬ ਵਿੱਚ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ ਹੈ। ਅਜਿਹੀਆਂ ਘਟਨਾਵਾਂ ਵੀ ਆਮ ਵਾਪਰ ਰਹੀਆਂ ਹਨ। ਪਿੱਛੇ ਜਿਹੇ ਸਾਰਿਆਂ ਨੇ ਹੀ ਖ਼ਬਰ ਪੜ੍ਹੀ ਸੀ ਕਿ ਅਮਰੀਕਾ ਵਿੱਚ ਲਾਵਾਰਸ ਛੱਡੇ ਟਰਾਲੇ ਵਿਚ 50 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਮੈਕਸੀਕੋ ਤੋਂ ਨਜਾਇਜ਼ ਤੌਰ ਤੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਦੀ ਮੌਤ ਦੀ ਖ਼ਬਰ ਸੀ। ਜ਼ਿਆਦਾ ਗਰਮੀ ਹੋਣ ਕਰਕੇ ਇਨ੍ਹਾਂ ਪ੍ਰਵਾਸੀਆਂ ਦੀ ਮੌਤ ਹੋਈ ਸੀ। ਤੇ ਕਈ ਦਰਜਨ ਪ੍ਰਵਾਸੀ ਜੇਰੇ ਇਲਾਜ ਹੋਏ। ਉੱਥੋਂ ਦੇ ਕਿਸੇ ਅਧਿਕਾਰੀ ਨੇ ਦੱਸਿਆ ਕਿ ਮਰੀਜ਼ਾਂ ਦਾਂ ਸ਼ਰੀਰ ਗਰਮੀ ਨਾਲ ਬਹੁਤ ਤਪ ਰਿਹਾ ਸੀ ਤੇ ਇਹ ਪ੍ਰਵਾਸੀ ਥਕਾਵਟ ਨਾਲ ਜੂਝ ਰਹੇ ਸਨ। ਇਰ ਕੋਈ ਪਹਿਲੀ ਘਟਨਾ ਨਹੀਂ ਸੀ। ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਕਈ ਵਾਰ ਪ੍ਰਵਾਸੀਆਂ ਨੇ ਆਪਣੀ ਜਾਨ ਗੁਆ ਦਿੱਤੀ ਹੈ।
ਨੌਜਵਾਨਾਂ ਦਾ ਵਿਦੇਸ਼ਾਂ ਜਾਣ ਦਾ ਵੱਡਾ ਕਾਰਨ ਬੇਰੁਜਗਾਰੀ ਵੀ ਹੈ। ਹੱਥਾਂ ਵਿੱਚ ਫੜੀਆਂ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ ਧੱਕੇ ਖਾਂਦੇ ਹਨ। ਜਿੱਥੇ ਵੀ ਕੋਈ ਚਪੜਾਸੀ ਦੀ ਅਸਾਮੀ ਨਿਕਲਦੀ ਹੈ ਉੱਥੇ ਪੋਸਟ ਗ੍ਰੈਜੂਏਟ, ਐੱਮ ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ। ਹਾਲ ਹੀ ਵਿੱਚ ਅਖਬਾਰ ਵਿੱਚ ਨਸ਼ਰ ਹੋਈ ਰਿਪੋਰਟ ਦੇ ਮੁਤਾਬਕ ਪਟਵਾਰੀ ਦੀਆਂ ਅਸਾਮੀਆਂ ਲਈ ਲੱਖਾਂ ਉਮੀਦਵਾਰਾਂ ਨੇ ਅਰਜ਼ੀਆਂ ਭਰੀਆਂ। ਇਹ ਬਹੁਤ ਹੀ ਸੋਚਣ ਦਾ ਸਮਾਂ ਹੈ। ਜਿਹੜਾ ਬੰਦਾ ਮਿਹਨਤ ਕਰਦਾ ਹੈ, ਚਾਹੇ ਉਸ ਕੋਲ ਇੱਥੇ ਪੰਜਾਬ ਵਿੱਚ ਹੀਲੇ ਵਸੀਲੇ ਘੱਟ ਹਨ, ਫਿਰ ਵੀ ਉਹ ਵਧੀਆ ਦੀ ਰੋਟੀ ਕਮਾ ਰਿਹਾ ਹੈ। ਇਥੋਂ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਹੋਰ ਸੂਬਿਆਂ ਦੇ ਨੌਜਵਾਨ ਪਰਵਾਸੀ ਇੱਥੇ ਆ ਕੇ ਪੜ੍ਹਾਈ ਕਰਨਗੇ ਤੇ ਸਾਡੇ ਉੱਪਰ ਰੋਬ ਪਾਉਣਗੇ। ਉਹਨਾਂ ਦੇ ਹੱਥਾਂ ਵਿੱਚ ਪੂਰੀ ਮਾਲਕੀ ਆ ਜਾਵੇਗੀ। ਅਸੀਂ ਉਨ੍ਹਾਂ ਦੇ ਗੁਲਾਮ ਬਣ ਕੇ ਰਹਿ ਜਾਣਗੇ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ’ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ, ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਕ ਰੁਜਗਾਰ ਮਿਲ ਸਕੇ। ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।

Add new comment