ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫ਼ਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਂਣਾ ਮੁਸ਼ਿਕਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਚੰਗੀ ਤਰ੍ਹਾਂ ਗੱਡੀ ਅਜੇ ਮੁੱੜ ਲੀਹ ਤੇ ਨਹੀਂ ਆਈ ਹੈ। ਮਾਰਕੀਟ ਵਿੱਚ ਹਰ ਅੱਗ ਦੇ ਭਾਅ ਵਿੱਕ ਰਹੀ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਹਰੀ ਸਬਜ਼ੀਆਂ ਤੇ ਤਾਂ ਹੱਥ ਤੱਕ ਨਹੀਂ ਟਿਕਦਾ। ਟਮਾਟਰ ਦੇ ਭਾਅ 350 ਰੁਪਏ ਕਿਲੋ ਤੱਕ ਹੋ ਚੁੱਕੇ ਹਨ। ਅਦਰਕ 400 ਤੋਂ 450 ਵਿਚਕਾਰ ਵਿੱਕ ਰਿਹਾ ਹੈ। ਸ਼ਿਮਲਾ ਮਿਰਚਾਂ, ਗੋਭੀ, ਬੈਂਗਣ, ਆਲੂ, ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹਨਾਂ ਸਬਜੀਆਂ ਦੀ ਕੀਮਤ ਵੀ ਸੌ ਤੋਂ 150 ਰੁਪਏ ਦੇ ਆਸ ਪਾਸ ਹੈ। ਜੇਕਰ ਫ਼ਲਾਂ ਦੀ ਗੱਲ ਕਰੀਏ ਤਾਂ ਸੇਬ 350 ਰੁਪਏ ਕਿਲੋ ਹੈ। ਖਾਣ-ਪੀਣ ਨੂੰ ਤਾਂ ਸਾਰਿਆਂ ਦਾ ਹੀ ਦਿਲ ਕਰਦਾ ਹੈ। ਚਾਵਲ, ਆਟਾ ਤੇ ਕਰਿਆਨਾ ਸਾਰਾ ਕੁੱਝ ਮਹਿੰਗਾ ਹੋ ਚੁੱਕਿਆ ਹੈ। ਕਿਹੋ ਜਿਹਾ ਸਮਾਂ ਆ ਗਿਆ ਕਿ ਬੰਦਾ ਇੰਨੀ ਮਹਿੰਗਾਈ ਵਿੱਚ ਦਿਲ ਖੋਲ ਕੇ ਖਰਚ ਵੀ ਨਹੀਂ ਕਰ ਸਕਦਾ। ਘਰ ਵਿੱਚ ਵਰਤੋਂ ਵਾਲੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ। ਕਿਸੇ ਚੀਜ਼ ਬਿਨਾਂ ਸਰਦਾ ਨਹੀਂ ਹੈ।
ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸਰੋਂ ਦਾ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵੱਧ ਹਨ। ਅਕਸਰ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਮਹਿੰਗਾਈ ਬੇਲਗਾਮ ਹੋ ਜਾਂਦੀ ਹੈ। ਪਹਾੜੀ ਖੇਤਰਾਂ ਵਿੱਚ ਜਿਆਦਾ ਬਾਰਸ਼ ਹੋਣ ਕਾਰਨ ਸਪਲਾਈ ਵਿੱਚ ਵਿਘਨ ਪੈ ਜਾਂਦਾ ਹੈ। ਦੋ ਕੁ ਮਹੀਨੇ ਪਹਿਲਾਂ ਕਿਸਾਨਾਂ ਨੇ ਸ਼ਿਮਲਾ ਮਿਰਚਾਂ ਨੂੰ ਸੜਕ ਤੇ ਸੁੱਟਿਆ ਸੀ। ਕਿਉਂਕਿ ਉਹਨਾਂ ਨੂੰ ਸ਼ਿਮਲਾਂ ਮਿਰਚਾਂ ਦਾ ਵਾਜ਼ਿਬ ਮੁੱਲ ਨਹੀਂ ਰਿਹਾ ਸੀ। ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੀ ਸਬਜ਼ੀਆਂ ਨੂੰ ਅੱਗ ਲੱਗੀ ਹੋਈ ਹੈ। ਹਾਲਾਂਕਿ ਕੇਂਦਰ ਸਰਕਾਰ ਤਾਂ ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟ੍ਰੋਲ ਵਿੱਚ ਹੈ । ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿੱਚ ਕਮਾਉਣ ਵਾਲਾ ਇੱਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ। ਬੱਚਿਆਂ ਦੀ ਸਕੂਲ ਫੀਸ ਵੀ ਭਰਨੀ ਹੁੰਦੀ ਹੈ। ਰੱਬ ਨਾ ਕਰੇ ਜੇ ਕੋਈ ਬਿਮਾਰੀ ਆ ਜਾਵੇ ਤਾਂ ਇਲਾਜ ਵੀ ਕਰਵਾਉਣਾ ਹੈ। ਟੈਸਟ ਵੀ ਬਹੁਤ ਮਹਿੰਗੇ ਹਨ। ਡਾਕਟਰਾਂ ਦੀ ਫੀਸ ਬਹੁਤ ਜ਼ਿਆਦਾ ਹੈ। ਪ੍ਰਾਈਵੇਟ ਹਸਪਤਾਲ ਮਰੀਜ਼ ਦੀ ਚੰਗੀ ਤਰ੍ਹਾਂ ਲੁੱਟ ਖਸੁੱਟ ਕਰਦੇ ਹਨ। ਘਰ ਬਣਾਉਣ ਲਈ ਬਜਰੀ, ਰੇਤਾ, ਸੀਮਿੰਟ, ਇੱਟਾਂ ਦੀਆਂ ਕੀਮਤਾਂ ਵੀ ਅਸਮਾਨੀ ਹਨ। ਦੇਖਿਆ ਜਾਂਦਾ ਹੈ ਕਿ ਲੋਕ ਜਿਸ ਚੀਜ਼ ਦੀ ਜਰੂਰਤ ਹੈ, ਉਹੀ ਚੀਜ਼ ਖਰੀਦਦੇ ਹਨ। ਕਰੋਨਾ ਦੇ ਬਾਅਦ ਲੋਕਾਂ ਦਾ ਬਜਟ ਹਿੱਲ ਚੁੱਕਾ ਹੈ। ਹੱਥ ਖੁੱਲਾ ਕਰਕੇ ਲੋਕ ਖਰਚ ਨਹੀੰ ਕਰ ਰਹੇ ਹਨ। ਪ੍ਰਾਈਵੇਟ ਕੰਪਨੀਆਂ ਤਾਂ ਆਪਣੀ ਮਨਮਰਜ਼ੀ ਨਾਲ ਤਨਖਾਹਾਂ ਦਿੰਦੀਆਂ ਹਨ।
ਯੋਗਤਾ ਦੇ ਮੁਤਾਬਕ ਅੱਜਕੱਲ੍ਹ ਨੌਜਵਾਨਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਹੈ। ਮਜ਼ਬੂਰੀ ਵਸ ਉਹ ਥੋੜ੍ਹੇ ਪੈਸਿਆਂ ਤੇ ਹੀ ਰੁਜ਼ਗਾਰ ਕਰਨ ਲਈ ਸਿਆਰ ਹਨ। ਖੁੱਲਾ ਖ਼ਰਚ ਕਰਨ ਤੋਂ ਪਹਿਲਾਂ ਬੰਦਾ ਸੌ ਵਾਰ ਸੋਚਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਜੋ ਜਰੂਰਤਮੰਦ ਚੀਜ਼ਾਂ ਹਨ, ਉਨ੍ਹਾਂ ਨੂੰ ਸਸਤੀ ਕਰਨਾ ਚਾਹੀਦਾ ਹੈ। ਰਸੋਈ ਗੈਸ ਦੀ ਕੀਮਤ 1150 ਤੋਂ ਉੱਪਰ ਹੈ। ਸਰਕਾਰ ਦੀ ਮਹਿੰਗਾਈ ਨੂੰ ਰੋਕਣ ਲਈ ਠੇਸ ਨੀਤੀ ਘੜਨੀ ਚਾਹੀਦੀ ਹੈ। ਚੰਗੀਆਂ ਨੀਤੀਆਂ ਲਿਆ ਕੇ ਮਹਿੰਗਾਈ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨਾਲ ਸਲਾਹ ਮਸਵਰਾ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁੱਝ ਨਿਜਾਤ ਮਿਲ ਸਕੇ।