ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਦਾ ਇਜਲਾਸ ਪਿਛਲੇ ਇਜਲਾਸਾਂ ਦੇ ਮੁਕਾਬਲੇ ਸ਼ਾਂਤੀਪੂਰਨ ਰਿਹਾ। ਸਰਕਾਰ ਦੀ ਤਰਫੋਂ ਵਿਰੋਧੀਆਂ ਦੇ ਨੁਕਤਾਚੀਨੀ ਕਰਨ ’ਤੇ ਹੌਲਾ- ਗੁੱਲਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਵੀ ਕੋਈ ਵੀ ਵਿਰੋਧੀ ਪਾਰਟੀ ਦਾ ਵਿਧਾਇਕ ਸਰਕਾਰ ਦੀ ਕਾਰਗੁਜਾਰੀ ਦੀ ਆਲੋਚਨਾ ਕਰਦਾ ਸੀ ਤਾਂ ਸਰਕਾਰੀ ਪੱਖ ਇਲਜਾਮ-ਦਰ-ਇਲਜਾਮ ਲਗਾਉਣ ਲੱਗ ਜਾਂਦਾ ਸੀ। ਇੱਥੋਂ ਤੱਕ ਕਿ ਵਿਰੋਧੀ ਪਾਰਟੀ ਦੇ ਮੂਹਰੇ ਆ ਕੇ ਬੋਲਣ ਲੱਗ ਜਾਂਦੇ ਸਨ। ਇਕ ਕਿਸਮ ਨਾਲ ਬੋਲਣ ਤੋਂ ਰੋਕਦੇ ਸਨ। ਇਸ ਤੋਂ ਪਹਿਲਾਂ ਹੁਣ ਤੱਕ ਜਿੰਨੇ ਵੀ ਇਜਲਾਸ ਹੋਏ ਹਨ, ਸਾਰਿਆਂ ਵਿੱਚ ਸਰਕਾਰ ਤੇ ਵਿਰੋਧੀ ਪਾਰਟੀਆਂ ’ਚ ਇੱਟ-ਖੜੱਕਾ ਤੇ ਤਕਰਾਰਬਾਜੀ ਹੁੰਦੀ ਹੈ। ਇੱਕ-ਦੂਜੇ ਤੇ ਦੂਸ਼ਟਬਾਜੀ ਦਾ ਜੋਰ ਹੁੰਦਾ ਸੀ। ਸਰਕਾਰ ਦੇ ਮੰਤਰੀ,ਵਿਧਾਨਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਧਾਨਕਾਰਾਂ ਦਰਮਿਆਨ ਹੱਥੋਪਾਈ ਤੱਕ ਦੀ ਨੌਬਤ ਆ ਜਾਂਦੀ ਸੀ। ਇੱਕ- ਦੂਜੇ ਨੂੰ ਧਮਕੀਆਂ ਦਾ ਦੌਰ ਵੀ ਚੱਲਦਾ ਸੀ ਗੈਰ- ਜਮਹੂਰੀ ਸ਼ਬਦਾਵਲੀ ਦੀ ਵਰਤੋਂ ਵੀ ਆਮ ਹੁੰਦੀ ਸੀ। ਮੁੱਖ ਮੰਤਰੀ ਸਿਰਫ਼ ਪਹਿਲੇ ਦਿਨ ਹੀ ਸਦਨ ’ਚ ਆਏ। ਦੂਜੇ ਦਿਨ ਗੈਰ ਹਾਜ਼ਰ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਇਜਲਾਸ ’ਚ ਬੋਲਣ ਲੱਗਿਆ ਵਿਰੋਧੀਆਂ ’ਤੇ ਤਾਬੜਤੋੜ ਹਮਲੇ ਕਰਦੇ ਸਨ। ਵਿਰੋਧੀ ਧਿਰ ਨੂੰ ਡਿਫੈਸਿਵ ਬਣਾ ਦਿੰਦੇ ਸਨ। ਇਸ ਵਾਰ ਉਨ੍ਹਾਂ ਦਾ ਵਤੀਰਾ ਵਿਰੋਧੀਆਂ ਨਾਲ ਹਮਲਾਵਰ ਦੀ ਥਾਂ ਮਿਲਵਰਤਨ, ਸਲੀਕੇ ਤੇ ਸ਼ਿਸ਼ਟਾਚਾਰ ਵਾਲਾ ਰਿਹਾ। ਇਹ ਅਚੈਭੇ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਹਿਲੀ ਵਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਸਾਰੂ ਨੁਕਤਾਚੀਨੀ ਨੂੰ ‘ਜੀ ਆਇਆ’ ਕਿਹਾ। ਇਸ ਤੋਂ ਪਹਿਲਾਂ ਵਿਰੋਧੀਆਂ ਵੱਲੋਂ ਨੁਕਤਾਚੀਨੀ ਕਰਨ ਕਰਕੇ ਸਰਕਾਰੀ ਬੈਚ ਸ਼ੋਰ ਮਚਾ ਦਿੰਦੇ ਸਨ। ਇਸ ਵਾਰ ਅਜਿਹੀ ਹਰਕਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਿਰੋਧੀ ਧਿਰ ਨਾਲ ਟਕਰਾਅ ਨਹੀਂ ਚਾਹੁੰਦੀ। ਵਿਧਾਨ ਸਭਾ ‘ਚ ਵਿਰੋਧੀ ਦਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸ਼ਿਸ਼ਟਾਚਾਰ ਵਿਖਾਉਂਦਿਆਂ ਮੁੱਖ ਮੰਤਰੀ ਕੋਲ ਜਾ ਕੇ ਗੱਲਬਾਤ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਪਤਨੀ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ। ਕਾਂਗਰਸ ਪਾਰਟੀ ਦੇ ਦੋ ਵਿਧਾਇਕਾਂ ਅਰੁਣਾ ਚੌਧਰੀ ਨੇ ਆਪਣੇ ਹਲਕੇ ‘ਚ ਨਵੀਂ ਤਹਿਸੀਲ ਦੇ ਉਦਘਾਟਨੀ ਸਮਾਗਮ ਤੇ ਬਰਿੰਦਰਜੀਤ ਸਿੰਘ ਪਾਹੜਾ ਨੇ ਬਾਬਾ ਬੰਦਾ ਸਿੰਘ ਬਹਾਦਰ ਟਰਮੀਨਲ (ਬੱਸ ਅੱਡੇ) ਦੇ ਸਮਾਗਮਾਂ ‘ਚ ਮੁੱਖ ਮੰਤਰੀ ਨੂੰ ਆਉਣ ਦੀ ਬੇਨਤੀ ਕੀਤੀ। ਕਾਂਗਰਸ ਵਿਧਾਇਕ ਦੇ ਕਹਿਣ ਤੋਂ ਬਾਅਦ ਇਕ ਮੁੱਖ ਮੰਤਰੀ ਨਹੀਂ ਸਗੋਂ ਦੋ-ਦੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਟਰਮੀਨਲ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ। ਵਿਧਾਨ ਸਭਾ ‘ਚ ਪਹਿਲੇ ਦਿਨ ਦਾ ਅਜਿਹਾ ਮਾਹੌਲ ਪੰਜਾਬ ਦੇ ਲੋਕਾਂ ਲਈ ਸ਼ੁਭ ਸ਼ਗਨ ਲੱਗਦਾ ਸੀ ਕਿਉਂਕਿ ਸਰਕਾਰ ਤੇ ਵਿਰੋਧੀ ਧਿਰ ਪੰਜਾਬ ਦੇ ਵਿਕਾਸ ਲਈ ਸੰਜੀਦਾ ਵਿਖਾਈ ਦਿੰਦੇ ਨਜ਼ਰ ਆਏ। ਇਸ ਦੋ ਰੋਜਾ ਇਜਲਾਸ ‘ਚ ਕੁੱਲ 6 ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਦਿਨ ‘ਪੰਜਾਬ ਗੁਡਜ ਤੇ ਸਰਵਿਸ ਟੈਕਸ ਸੋਧ ਬਿੱਲ 2023’ ਅਤੇ ‘ਵਿੱਤੀ ਜਿੰਮੇਵਾਰੀ ਤੇ ਬਜਟ ਪ੍ਰਬੰਧਨ ਸੋਧ ਬਿੱਲ 2023’ ਦੋਵੇਂ ਸਰਬਸੰਮਤੀ ਨਾਲ ਪਾਸ ਹੋਏ ਹਨ। ਪਹਿਲੇ ਦਿਨ ਇਜਲਾਸ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਅਤੇ ਦੂਜੇ ਦਿਨ ਸਵੇਰੇ ਦਸ ਵਜੇ ਸ਼ੁਰੂ ਹੋ ਕੇ 12 ਵਜੇ ਖ਼ਤਮ ਹੋ ਗਿਆ। ਦੂਜੇ ਦਿਨ ਤਿੰਨ ਮਾਲ ਵਿਭਾਗ ਦੇ ਅਤੇ ਇਕ ਜਲ ਸਰੋਤ ਵਿਭਾਗ ਦੇ ਕੁੱਲ ਚਾਰ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ ‘ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨ) ਬਿੱਲ 2023’, ਰਜਿਸ਼ਟ੍ਰੇਸ਼ਨ (ਪੰਜਾਬ ਸੋਧਨ) ਬਿੱਲ 2023’, ਭਾਰਤੀ ਸਟੈਪ (ਪੰਜਾਬ ਸੋਧਨ) ਬਿੱਲ 2023’ਅਤੇ ‘ਪੰਜਾਬ ਕੈਨਾਲ ਐਂਡ ਡਰੋਨੇਜ ਬਿੱਲ 2023’ਸਰਬਸੰਮਤੀ ਨੀਲ ਪਾਸ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬਿੱਲਾਂ ‘ਤੇ ਵਿਚਾਰ-ਵਟਾਂਦਰਾਂ ਕਰਨ ਲਈ ਸਦਨ ਦੀਆਂ ਬੈਠਕਾਂ ’ਚ ਵਾਧਾ ਕਰਨ ਲਈ ਕਹਿਣ ਦੇ ਬਾਵਜੂਦ ਤੁੱਥ ਮੜੁੱਥ ’ਚ ਹੀ ਚਾਰੇ ਬਿੱਲ ਪਾਸ ਕਰ ਕੇ ਸਦਨ ਉਠਾ ਦਿੱਤਾ ਗਿਆ। ਛੇ ਘੰਟਿਆਂ ਦੇ ਇਜਲਾਸ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਈ ਗਈ ਹੈ। ਬਾਜਵਾ ਦੇ ਸਦਨ ਦੀ ਬੈਠਕ ਵਧਾਉਣ ਤੇ ਗੈਰ-ਕਾਨੂੰਨੀ ਮਾਈਨਿੰਗ,ਕਾਨੂੰਨ ਪ੍ਰਬੰਧ ਤੇ ਨਸ਼ਿਆਂ ਦੇ ਮੁੱਦਿਆਂ ’ਤੇ ਬਹਿਸ ਕਰਲ ਨੂੰ ਸਪੀਕਰ ਨੇ ਅਣਡਿੱਠ ਕਰ ਦਿੱਤਾ। ਕਿਸਾਨ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ 9 ਦਸੰਬਰ 2021 ਨੂੰ ਕਿਸਾਨਾਂ ਨਾਲ ਹੋਏ ਸਮਝੌਤੇ ’ਤੇ ਅਮਲ ਨਾ ਹੋਣ ਸਬੰਧੀ ਮਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੇਸ਼ ਕੀਤਾ ਗਿਆ ਜਿਸ ’ਤੇ ਸਪੀਕਰ ਸੰਧਵਾਂ ਨੇ ਕਾਨੂੰਨੀ ਨੁਕਤੇ ਦਾ ਬਹਾਨਾ ਬਣਾ ਕੇ ਰੱਦ ਕਰ ਦਿੱਤਾ ਕਿ ਬਿੱਲ ਸਦਨ ਦੇ ਟੈਬਲ ’ਤੇ ਰੱਖਿਆ ਗਿਆ ਪਰ ਪੇਸ਼ ਨਹੀਂ ਕੀਤਾ ਗਿਆ। ਹਾਲਾਂਕਿ ਪਹਿਲੇ ਦਿਨ ਸਪੀਕਰ ਨੇ ਇਸ ਨੂੰ ਅਗਲੇ ਦਿਨ ਵਿਚਾਰਨ ਦੀ ਗੱਲ ਕੀਤੀ ਸੀ। ਵਿਰੋਧੀ ਧਿਰ ਦੇ ਨੇਤਾ ਨੇ ਮਾਈਨਿੰਗ ਤੇ ਆਮ ਆਦਮੀ ਕਲੀਨਿਕਾਂ ਦੀਆਂ ਖਾਮੀਆਂ ਬਾਰੇ ਤਾਂ ਗੱਲ ਕੀਤੀ ਪਰ ਇਸ ਦੇ ਨਾਲ ਹੀ ਆਪਣੇ ਵਿਧਾਨ ਸਭਾ ਹਲਕੇ ਕਾਦੀਆਂ ’ਚ ਇਕ ਵੀ ਆਮ ਆਦਮੀ ਕਲੀਨਿਕ ਨਾ ਖੋਲ੍ਹਣ ’ਤੇ ਇਤਰਾਜ਼ ਕੀਤਾ ਜਿਸ ਦਾ ਅਸਿੱਧਾ ਅਰਥ ਹੈ ਕਿ ਉਸ ਦੇ ਹਲਕੇ ’ਚ ਆਮ ਆਦਮੀ ਕਲੀਨਿਕ ਖੋਲ੍ਹੀ ਜਾਵੇ। ਮੁੱਖ ਮੰਤਰੀ ਤੇ ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ’ਚ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੜੀ ਸੰਜੀਦਗੀ ਤੇ ਸਹਿਜਤਾ ਨਾਲ ਵਿਰੋਧੀਆਂ ਦੀ ਤਸੱਲੀ ਕਰਵਾਈ। ਮੁੱਖ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਤਕਰਾ ਕਰਨ ’ਤੇ ਆੜੇ ਹੱਥੀਂ ਲਿਆ। ਕਾਂਗਰਸ ਤੇ ਅਕਾਲੀ ਦਲ ਬਾਰੇ ਕੁੱਝ ਨਹੀਂ ਕਿਹਾ। ਸਰਕਾਰ ਦਾ ਸਦਨ ਵਿੱਚ ਵਿਰੋਧੀ ਪਾਰਟੀਆਂ ਬਾਰੇ ਵਤੀਰਾ ਨਰਮ ਰਿਹਾ ਪਰ ਕਾਂਗਰਸ ਪਾਰਟੀ ਨੇ ਸਰਕਾਰ ਦੇ ਇਜਲਾਸ ਦਾ ਸਮਾਂ ਨਾ ਵਧਾਉਣ ਤੇ ਬਿੱਲਾਂ ’ਤੇ ਬਹਿਸ ਨਾ ਕਰਨ ਦਾ ਤਿੱਖਾ ਵਿਰੋਧ ਕੀਤਾ। ਪਰ ਸਰਕਾਰ ਅਤੇ ਸਪੀਕਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਵਿਰੋਧੀ ਪਾਰਟੀਆਂ ਤੇ ਸਰਕਾਰੀ ਵਿਧਾਇਕਾਂ ਨੂੰ ਸਿਰਫ਼ ਕਾਲ ਦੇ ਸਮੇਂ ਦੌਰਾਨ ਹੀ ਆਪਣੀ ਗੱਲ ਕਹਿਣ ਦਾ ਇਤਫਾਕ ਹੋਇਆ ਜੋ ਨਾ ਦੇ ਬਰਾਬਰ ਸੀ। ਇਸ ਇਜਲਾਸ ਵਿੱਚ ਇਕ ਨਵੀਂ ਗੱਲ ਦੇਖਣ ਨੂੰ ਮਿਲੀ ਕਿ ਪਹਿਲੀ ਵਾਰ ਹੀ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕਾਂ ਜਿਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਕੂੜੇ ਦੇ ਢੇਰ, ਗੰਧਲਾ ਪਾਣੀ ਆਦਿ, ਕੁਲਜੀਤ ਸਿੰਘ ਰੰਧਾਵਾ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਨਾ ਮਿਲਣ, ਫੌਜਾਂ ਸਿੰਘ ਸਰਾਰੀ ਵੱਲੋਂ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਦੀ ਪੰਜਾਬ ’ਚ ਭਰਤੀ ਕਰਨ, ਕੁਲਵੰਤ ਸਿੰਘ ਵੱਲੋਂ ਨਾਜਾਇਜ਼ ਟੈਕਸੀਆਂ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹੜ੍ਹਾਂ ਦੇ ਨੁਕਸਾਨ, ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣੇ ਬੱਸ ਅੱਡੇ ਅਤੇ ਵਿਜੈ ਸਿੰਗਲਾ ਤੇ ਸਰਬਜੀਤ ਕੌਰ ਮਾਣੂਕੇ ਨੇ ਸਰਕਾਰ ਦੀ ਕਾਰਗੁਜਾਰੀ ’ਤੇ ਨਾਖੁਸ਼ੀ ਪ੍ਰਗਟ ਕੀਤੀ।