ਕੁਰਬਾਨੀਆਂ ਭਰਿਆ ਐ ਮਜ਼ਦੂਰ ਦਿਵਸ ਦਾ ਇਤਿਹਾਸ

18ਵੀਂ ਸਦੀ ’ਚ ਅਗਾਂਹ-ਵਧੂ ਦੇਸ਼ਾਂ ਦੇ ਪੂੰਜੀਪਤੀ ਇੱਕ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖ ਰਹੇ ਸਨ। ਇਹ ਉਹ ਸਮਾਂ ਸੀ, ਜਦੋਂ ਉਦਯੋਗਿਕ ਕ੍ਰਾਂਤੀ ਦੇ ਨਾਂਅ ’ਤੇ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਉਸ ਸਮੇਂ ਮਜ਼ਦੂਰ ਇਨ੍ਹਾਂ ਪੂੰਜੀਪਤੀਆਂ ਦੇ ਰਹਿਮੋ-ਕਰਮ ’ਤੇ ਪਲਦੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਕੋਈ ਸਮਾਂ ਤੈਅ ਨਹੀਂ ਸੀ। ਉਦਯੋਗਾਂ ਦੇ ਮਾਲਕ ਇਨ੍ਹਾਂ ਤੋਂ ਮਨਮਰਜ਼ੀ ਨਾਲ ਕੰਮ ਲੈਂਦੇ ਸਨ। ਉਦਯੋਗ ਵਧੇ-ਫੁੱਲੇ ਤਾਂ ਮਜ਼ਦੂਰਾਂ ’ਚ ਵੀ ਜਾਗ੍ਰਿਤੀ ਆਉਣੀ ਸ਼ੁਰੂ ਹੋਈ। ਇਸ ਸਮੇਂ ਇੱਕ ਆਵਾਜ਼ ਉੱਠੀ ਕਿ ਕੰਮ ਕਰਨ ਦਾ ਸਮਾਂ ਅੱਠ ਘੰਟੇ ਪ੍ਰਤੀ ਦਿਨ ਹੋਣਾ ਚਾਹੀਦਾ ਹੈ। ਇਸ ਸਬੰਧੀ ਮਜ਼ਦੂਰ ਸੰਗਠਿਤ ਹੋਣੇ ਸ਼ੁਰੂ ਹੋ ਗਏ ਅਤੇ 1860 ਵਿੱਚ ਅੱਠ ਘੰਟੇ ਕੰਮ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ, ਜਿਸ ਨੇ ਇੱਕ ਦਿਨ ਵੱਡੀ ਲੜਾਈ ਦਾ ਸਥਾਨ ਲਿਆ ਅਤੇ ਵੱਡੀਆ ਕੁਰਬਾਨੀਆਂ ਦੇ ਕੇ ਆਪਣੀਆਂ ਜਾਨਾਂ ਵਾਰ ਕੇ ਮਜ਼ਦੂਰਾਂ ਨੇ ਇਹ ਲੜਾਈ ਜਿੱਤੀ ਤੇ ਇਸੇ ਦਿਨ ਤੋਂ ਹੀ ਮਈ ਦਿਵਸ (ਮਜ਼ਦੂਰ ਦਿਵਸ) ਦੀ ਸ਼ੁਰੂਆਤ ਹੋਈ।
ਮਈ ਦਿਵਸ ਦੀ ਗਾਥਾ ਅਤੀ ਦਰਦਨਾਕ ਹੈ। 1884 ਵਿੱਚ ਫੈਡਰੈਸ਼ਨ ਆਫ਼ ਆਰਗੇਨਾਈਜ਼ ਟਰੇਡਜ਼ ਐਂਡ ਲੇਬਰ ਯੂਨੀਅਨਜ਼ ਆਫ਼ ਯੂਨਾਈਟਿਡ ਸਟੇਟਸ ਐਂਡ ਕੈਨੈਡਾ ਹੋਂਦ ਵਿੱਚ ਆਈਆਂ, ਜਿਸ ਨੇ 1886 ਵਿੱਚ ਆਪਣਾ ਨਾਂਅ ਬਦਲ ਕੇ ਐਮਰੀਕਨ ਫੈਡਰੇਸ਼ਨ ਆਫ਼ ਲੇਬਰ ਰੱਖ ਲਿਆ। ਇਨ੍ਹਾਂ ਜਥੇਬੰਦੀਆਂ ਨੇ ਇੱਕ ਮਈ 1886 ਵਿੱਚ ਇੱਕ ਮਤਾ ਪਾਸ ਕਰਕੇ ਇਹ ਪੂੰਜੀਪਤੀਆਂ ਨੇ ਮਜ਼ਦੂਰਾਂ ਤੋਂ ਜ਼ਬਰੀ ਅੱਠ ਘੰਟੇ ਦੀ ਥਾਂ 10-12 ਤੇ 14-14 ਘੰਟੇ ਕੰਮ ਲੈਣਾ ਸ਼ੁਰੂ ਕਰ ਦਿੱਤਾ। ਇਸੇ ਸਥਿਤੀ ਨੇ ਇਹ ਮਹਾਨ ਸੰਘਰਸ਼ ਨੂੰ ਜਨਮ ਦਿੱਤਾ। ਹੋਂਦ ਵਿੱਚ ਆਈ ਤੇ ਇਸ ਨੇ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਅਤੇ ਇਸ ਸੰਘਰਸ਼ ਦਾ ਧੁਰਾ ਸ਼ਿਕਾਗੋ ਦੁਆਲੇ ਹੀ ਘੁੰਮਦਾ ਸੀ। 1877 ਵਿੱਚ ਇੱਕ ਸੜਕ ’ਤੇ ਰੋਲ ਰੋਕੋ ਹੜਤਾਲ ਮੌਕੇ ਅਮਰੀਕਾ ਦੀ ਪੁਲਿਸ ਅਤੇ ਫੌਜੀ ਮਜ਼ਦੂਰ ਵਰਕਰਾਂ ’ਤੇ ਤਸ਼ੱਦਦ ਕਰਨ ਲੱਗੇ। ਸਰਮਾਏਦਾਰਾਂ ਨੇ ਸਰਕਾਰ ਨਾਲ ਮਿਲ ਕੇ ਅੱਠ ਘੰਟੇ ਦੀ ਮੁਹਿੰਮ ਨੂੰ ਕੁਚਲਣ ਦਾ ਮਨ ਬਣਾ ਲਿਆ। ਪੁਲਿਸ ਅਤੇ ਨੈਸ਼ਨਲ ਗਾਰਡਜ਼ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਅਤੇ ਇਸ ਨੂੰ ਨਵੇਂ ਅਤੇ ਆਧੁਨਿਕ ਹਥਿਆਰਾਂ ਨਾਲ ਲੈੱਸ ਕੀਤਾ ਗਿਆ, ਜਿਸ ਲਈ ਉੱਥੋਂ ਦੇ ਉਦਯੋਗਪਤੀਆਂ ਨੇ ਖੁੱਲ੍ਹ ਕੇ ਧਨ ਦਿੱਤਾ। ਇੱਕ ਸ਼ਿਕਾਗੋ ਦੇ ਕਮਰਸ਼ੀਅਲ ਕਲੱਬ ਨੇ 2000 ਡਾਲਰ ਦੀ ਇੱਕ ਅਤੀ
ਆਧੁਨਿਕ ਮਸ਼ੀਨਗੰਨ ਖਰੀਦੀ ਤਾਂ ਜੋ ਇਸ ਨੂੰ ਅੰਦੋਲਨਕਾਰੀਆਂ ਖਿਲਾਫ਼ ਵਰਤਿਆ ਜਾ ਸਕੇ। ਭਾਵੇਂ ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਵੇਖਦਿਆਂ ਕਈ ਵਪਾਰੀ ਤੇ ਪੂੰਜੀਪਤੀ ਮਜ਼ਦੂਰਾਂ ਦੀ ਅੱਠ ਘੰਟੇ ਦੀ ਮੁਹਿੰਮ ਦੇ ਹੱਕ ਵਿੱਚ ਹੁੰਦੇ ਵਿਖਾਈ ਦੇ ਰਹੇ ਸਨ, ਪਰ 3 ਮਈ 1886 ਵਾਲੇ ਦਿਨ ਪੁਲਿਸ ਨੇ ਮੈਕਕਰੋਮਿਕ ਹਾਰਵੈਸਟਿਰ ਮਸ਼ੀਨ ਕੰਪਨੀ ਦੇ ਹੜਤਾਲੀ ਮਜ਼ਦੂਰਾਂ ਦੀ ਭੀੜ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਹੜਤਾਲੀ ਦੀ ਮੌਤ ਹੋ ਗਈ 11 ਗੰਭੀਰ ਜ਼ਖ਼ਮੀ ਹੋ ਗਏ ਅਤੇ ਮਾਮੂਲੀ ਜ਼ਖ਼ਮੀ ਹੋਣ ਵਾਲਿਆਂ ਦੀ ਭਾਰੀ ਗਿਣਤੀ ਸੀ। ਇਸ ਅੱਤਿਆਚਾਰ ਵਿਰੁੱਧ ਲੜਨ ਲਈ ਅੰਦੋਲਨਕਾਰੀਆਂ ਨੇ ‘ਮਾਰਕੀਟ ਸੁਕਿਅਰ’ ਚੌਕ ’ਚ ਮੁਜ਼ਾਹਰਾ ਰੱਖ ਲਿਆ।
ਇਸ ’ਤੇ ਮਾਰਕੀਟ ਚੋਂਕ  ’ਚ ਇਸ ਗੋਲੀ ਕਾਂਡ ਵਿਰੁੱਧ ਰੈਲੀ ਬੜੀ ਸ਼ਾਂਤੀਮਈ ਢੰਗ ਨਾਲ ਖਤਮ ਹੋਣ ਲੱਗੀ ਸੀ। ਰੈਲੀ ’ਚ ਕਰੀਬ 200 ਅੰਦੋਲਨਕਾਰੀਆਂ ’ਤੇ ਪੁਲਿਸ ਦੇ 180 ਜਵਾਨਾਂ ਦੇ ਦਸਤੇ ਚੌਕ ’ਤੇ ਆਏ ਅਤੇ ਅੰਦੋਲਨਕਾਰੀਆਂ ਨੂੰ ਮੀਟਿੰਗ ਖਤਮ ਕਰਨ ਲਈ ਕਿਹਾ। ਇਸੇ ਦੌਰਾਨ ਪੁਲਿਸ ਦੇ ਦਸਤੇ ’ਤੇ ਕਿਸੇ ਨੇ ਬੰਬ ਸੁੱਟ ਦਿੱਤਾ, ਜਿਸ ’ਚ 7 ਪੁਲਿਸੀਏ ਮਾਰੇ ਗਏ ਅਤੇ 70 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਆਮ ਲੋਕਾਂ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਗੋਲੀਬਾਗੀ ਨਾਲ ਕਿੰਨੇ ਆਮ ਨਾਗਰਿਕ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ ਇਸ ਬਾਰੇ ਅਜੇ ਭੇਦ ਹੀ ਬਣਿਆ ਹੋਇਆ ਹੈ। ਪੁਲਿਸ ’ਤੇ ਬੰਬ ਕਿਸ ਨੇ ਸੁੱਟਿਆ, ਇਸ ਬਾਰੇ ਵੀ ਅਜੇ ਪਤਾ ਨਹੀਂ ਲੱਗ ਸਕਿਆ। ਇਸ ਨਾਲ ਅੰਦੋਲਨਕਾਰੀਆਂ ’ਤੇ ਪੁਲਿਸ ਦਮਨ ਸ਼ੁਰੂ ਹੋ ਗਿਆ। ਪੁਲਿਸ ਨੇ ਅੰਦੋਲਨਕਾਰੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਘਰਾਂ ’ਤੇ ਛਾਪੇ ਮਾਰੇ ਜਾਣ ਲੱਗੇ।
ਪੁਲਿਸ ਨੇ 8 ਸਰਗਰਮ ਅੰਦੋਲਨਕਾਰੀਆਂ ’ਤੇ ਇਸ ਬੰਬ ਦਾ ਦੋਸ਼ ਮੜ੍ਹ ਦਿੱਤਾ। ਭਾਵੇਂ ਉਨ੍ਹਾਂ ਵਿੱਚੋਂ ਕਈ ਉਸ ਦਿਨ ਮਾਰਕੀਟ ਚੌਂਕ ਵਿੱਚ ਹਾਜ਼ਰ ਵੀ ਨਹੀਂ ਸਨ। ਇਹ ਅੱਠ ਜਣੇ ਸਨ ਪਾਰਸਨ, ਸਪਾਇਸ, ਫੀਲਡਨ, ਸਬਾਬ, ਫਿਸ਼ਰ, ਲੀਂਗ, ਏਂਜਲ ਅਤੇ ਨੀਬੀ। ਇਨ੍ਹਾਂ ਵਿੱਚੋਂ ਐਲਬਰਟ ਪਾਰਸਨ, ਅਗਸਤ ਸਧਾਇਆ, ਅਡੋਲਫ਼ ਫਿਸਰ ਤੇ ਜੌਰਜ਼ ਏਂਜਲ ਨੂੰ 11 ਨਵੰਬਰ 1887 ਨੂੰ ਫਾਂਸੀ ’ਤੇ ਲਟਕਾ ਦਿੱਤਾ ਤੇ ਲਿਗ ਨੇ ਜੇਲ੍ਹ ਵਿੱਚ ਖ਼ਦਕੁਸ਼ੀ ਕਰ ਲਈ। ਜਦੋਂ ਇਨ੍ਹਾਂ ਸ਼ਹੀਦਾਂ ਦੀਆਂ ਅੰਤਮ ਰਸਮਾਂ ਲਈ ਇਨ੍ਹਾਂ ਦੀਆਂ ਲਾਸ਼ਾਂ ਦਾ ਜਲੂਸ ਕੱਢਿਆ ਗਿਆ ਤਾਂ ਸ਼ਿਕਾਗੋ ’ਚ ਇਕੱਠ ਹੋਇਆ, ਜਿਸ ਵਿੱਚੋਂ ਵਿੱਚ ਪੰਜ ਲੱਖ ਦੇ ਕਰੀਬ ਲੋਕ ਸ਼ਾਮਲ ਹੋਏ । 26 ਜੂਨ 1893 ’ਚ ਗਵਰਨ ਜੌਹਨ ਪੀਟਰ ਐਲਗੋਟਿਡ ਨੇ ਆਮ ਮੁਆਫ਼ੀ ਮੰਗਦੇ ਹੋਏ ਕਿਹਾ, ‘ਪਤਾ ਨਹੀਂ ਇਹ ਕਾਰਾ ਕਿਸ ਦਾ ਸੀ, ਪਰ ਉਸ ਦਿਨ ਕਈ ਬੇਕਸੂਰ ਤੇ ਨਿਰਦੋਸ਼ ਵਿਅਕਤੀ ਮਾਰੇ ਗਏ।’ ਇਸੇ ਸ਼ਿਕਾਰੀ ਦੇ ਸ਼ਹੀਦਾਂ ਦੀ ਕੁਰਬਾਨੀ ਕਾਰਨ ਮਈ ਦਿਵਸ ਜਾਂ ਮਜ਼ਦੂਰ ਦਿਵਸ ਦੀ ਸ਼ਰੂਆਤ ਹੋਈ ਤੇ ਕੰਮ ਕਰਨ ਲਈ ਅੱਠ ਘਟੇ ਦਾ ਸਮਾਂ ਵੀ ਤੈਅ ਹੋਇਆ। 
ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਬਾਅਦ ਇਸ ਇੱਕ ਮਈ ਨੂੰ ਮਜ਼ਦੂਰ ਦਿਵਸ ਕਿਹਾ ਜਾਣ ਲੱਗਿਆ, ਕਿਉਂਕਿ ਅਮਰੀਕਾ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਇੱਕ ਮਈ 1886 ਵਿੱਚ ਅੱਠ ਘੰਟੇ ਕੰਮ ਲਈ ਹੜਤਾਲ ਦੀ ਸ਼ੁਰੂਆਤ ਕੀਤੀ ਸੀ। 
ਭਾਰਤ ਵਿੱਚ ਮਈ ਦਿਵਸ ਮਨਾਉਣ ਦੀ ਆਪਣੀ ਕਹਾਣੀ ਹੈ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਲੇਬਰ ਡੇ ਜਾਂ ਮਜ਼ਦੂਰ ਦਿਵਸ ਚੇਨੱਈ (ਮਦਰਾਸ) ਵਿੱਚ ਇੱਕ ਮਈ 1923 ਨੂੰ ਮਨਾਇਆ ਗਿਆ। ਇਸ ਦੀ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ਼ ਹਿੰਦੁਸਤਾਨ ਨੇ ਕੀਤੀ। ਇਸ ਪਾਰਟੀ ਦੇ ਨੇਤਾ ਕਾਮਰੇਡ ਸਿੰਘਾ ਰਾਵੇਲਾਰ ਨੇ ਇਸ ਸਬੰਧੀ ਦੋ ਮੀਟਿੰਗਾਂ ਇੱਕ ਤ੍ਰਿਪਲੀਕੇਨ ਬੀਚ ਤੇ ਦੂਜੀ ਮਦਰਾਸ ਹਾਈਕੋਰਟ ਦੇ ਸਾਹਮਣੇ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਸਿੰਘਾਗਵੇਲਾਹ ਨੇ ਇੱਕ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਵਿੱਚ ਮਈ ਦਿਵਸ ਜਾਂ ਮਜ਼ਦੂਰ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਹ ਪਹਿਲਾ ਸਮਾਂ ਸੀ, ਜਦੋਂ ਭਾਰਤ ਵਿੱਚ ਲਾਲ ਝੰਡੇ ਦੀ ਵਰਤੋਂ ਸ਼ੁਰੂ ਹੋਈ। ਮਈ ਦਿਵਸ ਜਾਂ ਮਜ਼ਦੂਰ ਦਿਵਸ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਕਾਮੇ ਆਪਣੀਆਂ ਹੱਕੀ ਮੰਗਾਂ ਲਈ ਅਤੇ ਆਰਥਿਕ ਸੁਧਾਰਾਂ ਲਈ ਮੀਟਿੰਗਾਂ ਆਦਿ ਕਰਦੇ ਹਨ। ਕਈ ਦੇਸ਼ਾਂ ਵਿੱਚ ਸਮੇਤ ਭਾਰਤ ਇਸ ਦਿਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਨਾਏ ਜਾਂਦੇ ਪ੍ਰੋਗਰਾਮਾਂ ਵਿੱਚ ਕਈ ਉੱਚ ਅਹੁਦਿਆਂ ’ਤੇ ਬਿਰਾਜਮਾਨ ਆਗੂ ਸ਼ਾਮਲ ਹੁੰਦੇ ਹਨ ਤੇ ਇਸ ਦਿਨ ਮਜ਼ਦੂਰਾਂ ਦੀ ਭਲਾਈ ਖਾਤਰ ਕਈ ਐਲਾਨ ਕੀਤੇ ਜਾਂਦੇ ਹਨ। ਇਸੇ ਦਿਨ ਮਹਾਂਰਾਸ਼ਟਰ ਅਤੇ ਗੁਜਰਾਤ ਹੋਂਦ ਵਿੱਚ ਆਏ ਸਨ। ਇੱਕ ਮਈ 1960 ਵਿੱਚ ਬੰਬੇ ਸਟੇਟ ਭਾਸ਼ਾ ਦੇ ਆਧਾਰ ’ਤੇ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ। ਇਸ ਲਈ ਮਈ ਦਿਵਸ ਗੁਜਰਾਤ ਤੇ ਮਹਾਂਰਾਸ਼ਟਰ ਵਿੱਚ ਇਹ ਦਿਨ ‘ਗੁਜਰਾਤ ਦਿਵਸ’ ਤੇ ‘ਮਹਾਰਾਸ਼ਟਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਮਈ ਦਿਵਸ ਦੀ ਅੱਜ ਇੱਕ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸ ਦਿਨ ਕਾਮਿਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਕਈ ਸਕੀਮਾਂ ਵੀ ਸ਼ੁਰੂ ਕੀਤੀਆਂ ਜਾਂਦੀਆਂ ਹਨ। ਕਈ ਦੇਸ਼ਾਂ ਵਿੱਚ ਪ੍ਰਥਾ ਹੈ ਕਿ ਮਈ ਦਿਵਸ ਮੌਕੇ ਉੱਥੋਂ ਦੀਆਂ ਮਜ਼ਦੂਰ ਜਥੇਬੰਦੀਆਂ ਹਰ ਸਾਲ ਕਾਮਿਆਂ ਲਈ ਇੱਕ ਵਿਸ਼ੇਸ਼ ਭਲਾਈ ਦੇ ਕੰਮ ਦਾ ਐਲਾਨ ਕਰਦੀਆਂ ਹਨ, ਜਿਸ ਨੂੰ ਸਹੀ ਅਰਥਾਂ ਵਿੱਚ ਲਾਗੂ ਵੀ ਕੀਤਾ ਜਾਂਦਾ ਹੈ। ਅੰਤ ਵਿੱਚ ਇਹੀ ਕਿਹਾ ਜਾਵੇਗਾ ਕਿ ਇਹ ਦਿਵਸ ਮਜ਼ਦੂਰਾਂ, ਕਾਮਿਆਂ ਤੇ ਮਿਹਨਤਕਸ਼ ਲੋਕਾਂ ਲਈ ਕਿਸੇ ਮੇਲੇ, ਤਿਉਹਾਰ ਨਾਲੋ' ਘੱਟ ਨਹੀਂ ਹੈ। ਇਸ ਦਿਨ ਨੂੰ ਮਜ਼ਦੂਰ ਮਾਰਚ ਪਾਸ ਕਰਕੇ, ਝੰਡੇ ਨੂੰ ਸਲਾਮੀ ਦੇ ਕੇ, ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ। ਜਿਵੇਂ ਮਈ ਦਿਵਸ ਹਰ ਸਾਲ ਮਨਾਇਆ ਜਾਂਦਾ ਰਹੇਗਾ, ਇਸੇ ਤਰ੍ਹਾਂ ਹਰ ਸ਼ਿਕਾਗੋ ਦੇ ਨਾਇਕਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਜਿਨ੍ਹਾਂ ਨੇ ਮਜ਼ਦੂਰਾਂ ਦੀ ਬੇਹਤਰੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।


ਰਾਮ ਗੋਪਾਲ ਰਾਏਕੋਟੀ

Add new comment