ਬਲਰਾਜ ਸਿੰਘ ਸਿੱਧੂ ਦਾ ਲੇਖ ‘ਦਿਸ਼ਾਹੀਣ ਹੋਈ ਬੇਲਗਾਮ ਜਵਾਨੀ’ ਅੱਜ ਦੇ ਤਾਜ਼ਾ ਹਾਲਾਤ ਨੂੰ ਬਿਆਨ ਕਰ ਗਿਆ। ਕੁਝ ਦਿਨ ਪਹਿਲਾਂ ਪੰਜਾਬ ਵਿਚ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਨੇ ਸਾਰਿਆਂ ਨੂੰ ਡਰਾ ਦਿੱਤਾ। ਇਹ ਘਟਨਾਵਾਂ ਸਨ ਅਜਨਾਲਾ ਥਾਣੇ ’ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ-ਕੁਟਾਈ, ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਥਾਨਕ ਵਸਨੀਕਾਂ ਨਾਲ ਪੱਥਰਬਾਜ਼ੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਆਏ ਨੌਜਵਾਨ ਦਾ ਹੋਇਆ ਕਤਲ। ਟਰੈਕਟਰਾਂ ਉੱਪਰ 15 ਤੋਂ 20 ਨੌਜਵਾਨ ਉੱਚੀ ਆਵਾਜ਼ ਵਿਚ ਭੜਕੀਲੇ ਗਾਣੇ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ। ਮੋਟਰਸਾਈਕਲਾਂ ਦੇ ਖੁੱਲ੍ਹੇ ਸਾਈਲੈਂਸਰ ਆਵਾਜ਼ ਪ੍ਰਦੂਸ਼ਣ ਫੈਲਾਉਂਦੇ ਹਨ। ਪਟਾਕੇ ਵੱਜਣ ਕਾਰਨ ਰਾਹਗੀਰ ਡਰ ਜਾਂਦੇ ਹਨ। ਅਜਿਹੇ ਸ਼ਰਾਰਤੀ ਨੌਜਵਾਨਾਂ ਨੂੰ ਆਪਣੇ ਧਾਰਮਿਕ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਹੈ। ਹੁੱਲੜਬਾਜ਼ੀ ਕਰਦੇ ਅਜਿਹੇ ਨੌਜਵਾਨ ਸਾਰਿਆਂ ਲਈ ਪਰੇਸ਼ਾਨੀ ਖੜ੍ਹੀ ਕਰ ਰਹੇ ਹਨ। ਹੇਮਕੁੰਟ ਸਾਹਿਬ ਦੀ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਮੋਟਰਸਾਈਕਲਾਂ ’ਤੇ ਹੁੱਲੜਬਾਜ਼ੀ ਕਰਦੇ ਅਜਿਹੇ ਸ਼ਰਾਰਤੀ ਨੌਜਵਾਨ ਆਮ ਦੇਖੇ ਜਾ ਸਕਦੇ ਹਨ। ਹਾਲਾਂਕਿ ਹੁੱਲੜਬਾਜ਼ਾ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਵੀ ਲਿਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾ ਰਿਹਾ ਹੈ। ਫਿਰ ਦੀ ਇਹ ਲੋਕ ਨਹੀਂ ਟਲਦੇ। ਧਾਰਮਿਕ ਅਤੇ ਆਮ ਮੇਲਿਆਂ ਵਿਚਲੜਾਈ-ਝਗੜਾ, ਕਤਲ ਜਿਹੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਧਾਰਮਿਕ ਅਸਥਾਨਾਂ ਵੱਲ ਜਾਂਦੇ ਅਜਿਹੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਵਾਰ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਸਾਰੀਆਂ ਬੇਹੂਦਗੀਆਂ ਨਾ ਕੀਤੀਆਂ ਜਾਣ।