
ਜਬਲਪੁਰ, 24 ਫਰਵਰੀ 2025 : ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ 'ਚ ਸੋਮਵਾਰ ਸਵੇਰੇ ਪ੍ਰਯਾਗਰਾਜ ਤੋਂ ਆ ਰਹੀ ਤੇਜ਼ ਰਫਤਾਰ ਜੀਪ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਹੋੜਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ। ਜਬਲਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਸਕਸੈਨਾ ਨੇ ਦੱਸਿਆ ਕਿ ਇਹ ਘਟਨਾ ਖਿਟੌਲਾ ਥਾਣਾ ਖੇਤਰ ਦੇ ਪਹਾੜੇਵਾ ਪਿੰਡ ਨੇੜੇ ਉਸ ਸਮੇਂ ਵਾਪਰੀ ਜਦੋਂ ਕਰਨਾਟਕ ਰਜਿਸਟ੍ਰੇਸ਼ਨ ਨੰਬਰ ਵਾਲੀ ਜੀਪ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵਾਪਸ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਜੀਪ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਜਿਸ ਤੋਂ ਬਾਅਦ ਜੀਪ ਪਹਿਲਾਂ ਇੱਕ ਦਰੱਖਤ ਨਾਲ ਜਾ ਟਕਰਾਈ ਅਤੇ ਫਿਰ ਹਾਈਵੇਅ ਦੇ ਦੂਜੇ ਪਾਸੇ ਜਾ ਕੇ ਉਲਟ ਦਿਸ਼ਾ ਤੋਂ ਆ ਰਹੀ ਬੱਸ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 6 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਹੋੜਾ ਕਸਬੇ ਦੇ ਮੈਡੀਕਲ ਸੈਂਟਰ 'ਚ ਮੁੱਢਲੇ ਇਲਾਜ ਤੋਂ ਬਾਅਦ ਜਬਲਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਪ੍ਰਯਾਗਰਾਜ ਤੋਂ ਵਾਪਸ ਜਬਲਪੁਰ ਦੇ ਰਸਤੇ ਕਰਨਾਟਕ ਵੱਲ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਬੱਸ ਕੁਝ ਦੇਰ ਰੁਕੀ, ਜਿਸ ਤੋਂ ਬਾਅਦ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਬੱਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।