ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ, ਦੋ ਬੱਚਿਆਂ ਦੀ ਮੌਤ, ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ 

ਨਵੀਂ ਦਿੱਲੀ, 31 ਮਾਰਚ 2025 : ਰਾਜਧਾਨੀ ਦਿੱਲੀ ਵਿੱਚ ਬੀਤੀ ਰਾਤ ਅੱਗ ਲੱਗਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਦਿੱਲੀ ਦੇ ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਘਰੇਲੂ ਗੈਸ ਸਿਲੰਡਰ 'ਚ ਲੀਕ ਹੋਣ ਕਾਰਨ ਲੱਗੀ। ਅੱਗ ਲੱਗਣ ਕਾਰਨ ਪਰਿਵਾਰ ਦੇ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਕਾਨ ਮਾਲਕ ਵੀ ਬੁਰੀ ਤਰ੍ਹਾਂ ਸੜ ਗਿਆ। ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਸਾਕਸ਼ੀ (14) ਅਤੇ ਆਕਾਸ਼ (7) ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਸੰਦੀਪ ਪਾਠਕ ਵਜੋਂ ਹੋਈ ਹੈ। ਜਾਂਚ 'ਚ ਪਤਾ ਲੱਗਾ ਕਿ ਲਾਲ ਬਹਾਦੁਰ ਆਪਣੀ ਪਤਨੀ ਸਵਿਤਾ ਅਤੇ ਤਿੰਨ ਬੱਚਿਆਂ ਸਾਕਸ਼ੀ, ਮੀਨਾਕਸ਼ੀ ਅਤੇ ਆਕਾਸ਼ ਨਾਲ ਘਰ 'ਚ ਰਹਿੰਦਾ ਸੀ। ਲਾਲ ਬਹਾਦਰ ਅਸ਼ੋਕ ਪਾਰਕ ਇਲਾਕੇ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਸਵਿਤਾ ਐਤਵਾਰ ਰਾਤ ਘਰ 'ਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਕਮਰੇ ਵਿੱਚ ਫੈਲ ਗਈ। ਅੱਗ ਲੱਗਦੇ ਹੀ ਸਵਿਤਾ ਅਤੇ ਮੀਨਾਕਸ਼ੀ ਆਪਣੀ ਜਾਨ ਬਚਾਉਣ ਲਈ ਘਰ ਤੋਂ ਬਾਹਰ ਭੱਜੀਆਂ ਪਰ ਸਾਕਸ਼ੀ ਅਤੇ ਆਕਾਸ਼ ਕਮਰੇ ਵਿੱਚ ਹੀ ਫਸ ਗਏ। ਰੌਲਾ ਪੈਣ ਕਾਰਨ ਮਕਾਨ ਮਾਲਕ ਸੰਦੀਪ ਪਾਠਕ ਉਥੇ ਪਹੁੰਚ ਗਿਆ ਅਤੇ ਅੱਗ ਵਿੱਚ ਫਸੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ। ਪੁਲਿਸ ਨੇ ਸੰਦੀਪ ਪਾਠਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ 
ਰਾਜਧਾਨੀ ਦਿੱਲੀ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਦਿੱਲੀ ਦੇ ਨਰੈਣਾ ਇਲਾਕੇ ਵਿੱਚ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਸਿਆਜ਼ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਹਾਲਾਂਕਿ ਪੁਲਿਸ ਅਜੇ ਤੱਕ ਕਿਸੇ ਵੀ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।