ਬਰਨਾਲਾ, 14 ਮਾਰਚ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਅੰਮ੍ਰਿਤਸਰ ਵਿਖੇ ਹੋ ਰਹੇ ਜੀ-20 ਸੰਮੇਲਨ ਨੂੰ ਕਾਰਪੋਰੇਟ ਡਾਕੂਆਂ ਦਾ ਮੁਜਰਾ ਕਰਾਰ ਦਿੰਦਿਆਂ ਕਿਹਾ ਕਿ ਮਨਮੋਹਕ ਅਤੇ ਗੁੰਝਲਦਾਰ ਸ਼ਾਬਦਿਕ ਬਣਤਰ ਦੇ ਉਹਲੇ ਕਾਰਪੋਰੇਟ ਲੁਟੇਰੇ ਦੁਨੀਆਂ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਵਿਉਂਤਾਂ ਬਣਾ ਰਹੇ ਹਨ। ਇਸ ਦਾ ਸਬੂਤ ਇਸ ਤੋਂ ਹੀ ਮਿਲ ਜਾਂਦਾ ਹੈ ਕਿ ਇਸ ਗੱਲਬਾਤ ਵਿੱਚ ਵਰਲਡ ਟਰੇਡ ਆਰਗੇਨਾਈਜੇਸਨ ( WTO) ਦੇ ਡਾਇਰੈਕਟਰ ਜਨਰਲ, ਸੰਸਾਰ ਬੈਂਕ ਦੇ ਪ੍ਰਧਾਨ, ਆਈ ਐਮ ਐੱਫ ਦੇ ਮੈਨੇਜਿੰਗ ਡਾਇਰੈਕਟਰ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜਿੰਨ੍ਹਾ ਕਾਰਪੋਰੇਟਾਂ ਤੋਂ ਜ਼ਮੀਨਾਂ ਬਚਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਬੈਠਾ ਰਿਹਾ ਸੀ ਉਹੀ ਕਾਰਪੋਰੇਟ ਉਹਨਾਂ ਹੀ ਜਮੀਨਾਂ ਨੂੰ ਹੜੱਪਣ ਦੀਆਂ ਵਿਉਂਤਾਂ ਅੰਮ੍ਰਿਤਸਰ ਵਿੱਚ ਬੈਠ ਕੇ ਘੜਨਗੇ। ਜਦੋਂ ਵੀ ਇਸ ਤਰਾਂ ਦੀਆਂ ਮੀਟਿੰਗਾਂ ਸੰਸਾਰ ਦੇ ਕਿਸੇ ਵੀ ਦੇਸ਼ ਅੰਦਰ ਹੁੰਦੀਆਂ ਹਨ ਤਾਂ ਜਾਗਰੂਕ ਲੋਕ ਸਾਮਰਾਜੀਆਂ ਦੇ ਲੁਟੇਰੇ ਏਜੰਡਿਆਂ ਖਿਲਾਫ ਜ਼ੋਰਦਾਰ ਰੋਸ ਪ੍ਰਗਟ ਕਰਦੇ ਹਨ। ਇਸ ਪੱਖੋਂ ਸਾਡੇ ਦੇਸ਼ ਅੰਦਰ ਕੋਈ ਠੋਸ ਵਿਰੋਧ ਆਵਾਜ਼ ਸੁਣਾਈ ਨਹੀਂ ਦਿੱਤੀ ਤੇ ਪੰਜਾਬ ਦੀ ਧਰਤੀ 'ਤੇ ਵੀ ਇਹਨਾਂ ਸਾਜ਼ਿਸ਼ਾਂ ਖ਼ਿਲਾਫ਼ ਕੋਈ ਵਿਸ਼ੇਸ਼ ਰੋਸ ਜ਼ਾਹਰ ਹੁੰਦਾ ਨਹੀਂ ਦਿੱਖ ਰਿਹਾ। ਪੰਜਾਬੀਆਂ ਦੇ ਸੋਚਣ ਦਾ ਵੇਲਾ ਹੈ ਕਿ ਖੇਤੀ ਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਅਜਿਹੀਆਂ ਮੀਟਿੰਗਾਂ ਵਿੱਚੋਂ ਹੀ ਨਿਕਲਦੀਆਂ ਹਨ ਪਰ ਅਸੀਂ ਉਦੋਂ ਜਾਗਦੇ ਹਾਂ ਜਦੋਂ ਉਹ ਕਾਨੂੰਨ ਬਣਾ ਕੇ ਆਪਣੇ ਉੱਪਰ ਲੱਦ ਦਿੰਦੇ ਹਨ। ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਖੇਤੀ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਵਰਲਡ ਟਰੇਡ ਆਰਗੇਨਾਈਜੇਸਨ(WTO) ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਹੀ ਬਣੇ ਸਨ। ਹੁਣ ਕਾਰਪੋਰੇਟ ਘਰਾਣਿਆਂ ਦੀ ਹਾਬੜੀ ਭੁੱਖ ਕਾਰਨ ਦੁਨੀਆਂ ਦੇ ਸਰਮਾਏ ਦਾ ਵੱਡਾ ਹਿੱਸਾ ਇਹਨਾਂ ਦੇ ਕਬਜ਼ੇ ਹੇਠ ਆ ਗਿਆ ਹੈ ਅਤੇ ਆਮ ਲੋਕਾਂ ਦਾ ਜਿਊਣਾ ਵੀ ਦੁੱਭਰ ਹੋਇਆ ਪਿਆ ਹੈ। ਲੋਕਾਂ ਦੀ ਖਰੀਦ ਸ਼ਕਤੀ ਨੂੰ ਬੁਰੀ ਤਰ੍ਹਾਂ ਖੋਰਾ ਲੱਗਣ ਕਾਰਨ ਕਾਰਖਾਨਿਆਂ ਦਾ ਮਾਲ ਵਿਕ ਨਹੀਂ ਰਿਹਾ। ਬੈਂਕ ਫ਼ੇਲ੍ਹ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਵੀ ਸੁਪਰ ਅਮੀਰਾਂ ਤੇ ਟੈਕਸ ਲਾਉਣ ਅਤੇ ਲੋਕਾਂ ਨੂੰ ਰਿਆਇਤਾਂ ਦੇਣ ਦੀ ਥਾਂ ਲੋਕਾਂ ਤੇ ਹੀ ਹੋਰ ਭਾਰ ਪਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਰਾਹੀਂ ਵਪਾਰ ਨੂੰ ਸੌਖਾ ਕਰਨ, ਰੋਕਾਂ ਹਟਾਉਣ, ਆਪੋ ਆਪਣਾ ਮਾਲ ਵੇਚਣ ਲਈ ਰਾਹ ਪੱਧਰਾ ਕਰਨ, ਖੇਤੀ ਖੇਤਰ ਨੂੰ ਕਾਰਪੋਰੇਟ ਬਘਿਆੜਾਂ ਦੇ ਹਵਾਲੇ ਕਰਨ, ਵਾਤਾਵਰਨ ਦੇ ਬਹਾਨੇ ਲੁੱਟ ਦੇ ਨਵੇਂ ਖੇਤਰ ਖੋਹਲਣ, ਨਹਿਰਾਂ, ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਤੇ ਕਬਜ਼ਾ ਕਰਨ ਲਈ ਸਹਿਮਤੀਆਂ ਅਤੇ ਸਮਝੌਤੇ ਹੋਣੇ ਹਨ। ਆਗੂਆਂ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸ਼ਾਮਲ ਸੰਸਥਾਵਾਂ ਵਰਲਡ ਟਰੇਡ ਆਰਗੇਨਾਈਜੇਸਨ, ਵਰਲਡ ਬੈਂਕ ਅਤੇ ਆਈ ਐੱਮ ਐੱਫ ਕਾਰਪੋਰੇਟ ਘਰਾਣਿਆਂ ਦੇ ਸੰਦ ਹਨ। ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ 1991 ਤੋਂ ਨਵੀਆਂ ਆਰਥਿਕ ਨੀਤੀਆਂ ਆਪਣੇ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ। ਆਪਣੇ ਦੇਸ਼ ਵਿੱਚ ਕਿਸਾਨਾਂ ਨੇ ਪਹਿਲਾਂ ਹੀ ਇਹਨਾਂ ਨੀਤੀਆਂ ਦਾ ਸੰਤਾਪ ਭੋਗਿਆ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਤਿਹਾਸਕ ਕਿਸਾਨ ਘੋਲ ਲੜ ਕੇ ਖੇਤੀ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਰੱਦ ਕਰਵਾਏ ਹਨ। ਆਗੂਆਂ ਨੇ ਕਿਹਾ ਕਿ ਇਸ ਦੇਸ਼ ਦੇ ਕਿਸਾਨ ਮਜ਼ਦੂਰ ਇਸ ਤਰਾਂ ਦੀਆਂ ਹੋਰ ਸਾਜ਼ਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੂਬਾ ਕਮੇਟੀ ਦੀ ਮੀਟਿੰਗ ਕਰ ਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰੀਆਂ ਸੰਸਥਾਵਾਂ ਤੋਂ ਬਾਹਰ ਆਵੇ, ਇਹਨਾਂ ਨਾਲ ਕੀਤੇ ਸਮਝੌਤੇ ਰੱਦ ਕਰੇ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਰੋਕ ਲਾਵੇ। ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਤੇ ਜ਼ੋਰ ਦੇਣ ਅਤੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਇਹਨਾਂ ਸਾਜ਼ਿਸ਼ਾਂ ਤੋਂ ਜਾਣੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਾਰੇ ਪੰਜਾਬ ਵਿੱਚ 17 ਮਾਰਚ ਨੂੰ ਪ੍ਰਦਰਸ਼ਨ ਕਰ ਕੇ ਅਤੇ ਸਾਮਰਾਜੀ ਸੰਸਥਾਵਾਂ ਦੇ ਪਿੰਡ ਪਿੰਡ ਪੁਤਲੇ ਫੂਕ ਕੇ ਆਪਣਾ ਵਿਰੋਧ ਦਰਜ ਕਰਵਾਏਗੀ। ਮੀਟਿੰਗ ਵਿੱਚ ਸ਼ਾਮਲ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸਾਮਰਾਜੀਆਂ ਦੇ ਇਸ ਹੱਲੇ ਖਿਲਾਫ ਪੰਜਾਬ ਦੇ ਕੋਨੇ ਕੋਨੇ ਵਿੱਚ ਪਿੰਡ ਪਿੰਡ ਵਿੱਚ ਮੋਦੀ ਸਰਕਾਰ ਅਤੇ ਸਾਮਰਾਜੀ ਬਘਿਆੜਾਂ ਦੀਆਂ ਅਰਥੀਆਂ ਸਾੜ੍ਹ ਕੇ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ।