- ਮਾਲੇਰਕੋਟਲਾ ਸਮੇਤ ਪਟਿਆਲਾ, ਸੰਗਰੂਰ ,ਬਰਨਾਲਾ, ਫ਼ਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਅਧਿਕਾਰੀਆਂ ਨੇ ਭਾਗ ਲਿਆ
- ਕੁਦਰਤੀ ਆਪਦਾ ਆਉਣ ਉਪਰੰਤ ਸਭ ਤੋਂ ਅਹਿਮ ਰੋਲ ਇਨਫੋਰਮੇਸ਼ਨ ਰਿਸਪੋਂਸ ਟੀਮ ਦਾ : ਬ੍ਰਿਗੇਡੀਅਰ (ਰਿਟਾ.) ਕੁਲਦੀਪ ਸਿੰਘ
- ਕਿਸੇ ਵੀ ਕੁਦਰਤੀ ਆਪਦਾ ਪ੍ਰਸਥਿਤੀ ਨੂੰ ਨਜਿੱਠਣ ਲਈ ਪਹਿਲਾਂ ਹੀ ਸਾਡੇ ਕੋਲ ਐਕਸ਼ਨ ਪਲਾਨ ਹੋਣਾ ਲਾਜ਼ਮੀ
- ਕਿਸੇ ਵੀ ਕੁਦਰਤੀ ਆਪਦਾ ਤੋਂ ਪਹਿਲਾਂ ਕੀਤੇ ਪ੍ਰਬੰਧਾਂ ਨਾਲ ਬਚਾਇਆ ਜਾ ਸਕਦਾ ਹੈ ਜਾਨੀ-ਮਾਲੀ ਨੁਕਸਾਨ
- 13 ਜੁਲਾਈ ਨੂੰ ਹੜ੍ਹਾਂ ਦੀ ਸਥਿਤੀ ਸਬੰਧੀ ਰਾਜ ਪੱਧਰੀ ਅਭਿਆਸ ਹੋਵੇਗਾ
ਮਾਲੇਰਕੋਟਲਾ 23 ਜੂਨ : ਕੁਦਰਤੀ ਆਪਦਾ (ਆਫ਼ਤ) ਮੌਕੇ ਗੰਭੀਰ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਅੱਜ ਕਮਿਸ਼ਨਰ ਪਟਿਆਲਾ ਮੰਡਲ ਦੀ ਅਗਵਾਈ ਅਧੀਨ ਮਿੰਨੀ ਸਕੱਤਰੇਤ ਪਟਿਆਲਾ ਦੇ ਕਮੇਟੀ ਰੂਮ ਵਿਖੇ ' ਜ਼ਿਲ੍ਹਾ ਇੰਸੀਡੈਂਟ ਰਿਸਪੋਂਸ ਟੀਮ ' ਦੀ ਭੂਮਿਕਾ ਅਤੇ ਪ੍ਰਬੰਧਾਂ ਨੂੰ ਯਕੀਨੀ ਕਰਨ ਲਈ ਮਾਲੇਰਕੋਟਲਾ ,ਪਟਿਆਲਾ, ਸੰਗਰੂਰ ,ਬਰਨਾਲਾ, ਫ਼ਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਮਾਲ, ਮੁੜ ਵਸੇਬਾ ਅਤੇ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਜਗਜੀਤ ਸਿੰਘ, ਡੀ.ਆਰ.ਓ ਪਟਿਆਲਾ ਸ੍ਰੀ ਨਵਦੀਪ ਸਿੰਘ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਤੋਂ ਡੀ.ਐਸ.ਪੀ ਰਾਮ ਜੀ , ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਜੀਤ ਸਿੰਘ, ਮੈਡੀਕਲ ਅਫ਼ਸਰ ਡਾ.ਮੁਹੰਮਦ ਅਜਗਰ, ਐਕਸੀਅਨ ਪੀ.ਡਬਲਿਊ.ਡੀ ਇੰਜ. ਗੁਰਵਿੰਦਰ ਸਿੰਘ, ਏ.ਈ ਇੰਜ ਹਰਚਰਨ ਸਿੰਘ, ਜੇ.ਈ ਇੰਜ. ਗੁਰਤੇਜ ਸਿੰਘ, ਟੀ.ਓ ਹਰਿੰਦਰ ਸਿੰਘ, ਜੇ.ਏ ਇੰਜ. ਮੁਹੰਮਦ ਸਿਦਕੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ । ਟ੍ਰੇਨਿੰਗ ਦਿੰਦਿਆਂ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਸਿਸਮਕ ਜ਼ੋਨ ਤੀਜੇ ਅਤੇ ਚੌਥੇ ਵਿੱਚ ਆਉਂਦਾ ਹੈ । ਜਿੱਥੇ ਭੁਚਾਲ ਅਤੇ ਹੜ੍ਹਾਂ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ । ਸੰਭਾਵੀ ਕੁਦਰਤੀ ਆਪਦਾ (ਆਫ਼ਤ) ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੇਨਿੰਗ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 13 ਜੁਲਾਈ ਨੂੰ ਹੜ੍ਹਾਂ ਦੀ ਸਥਿਤੀ ਸਬੰਧੀ ਰਾਜ ਪੱਧਰੀ ਅਭਿਆਸ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਆਉਣ ਉਪਰੰਤ ਸਭ ਤੋਂ ਅਹਿਮ ਰੋਲ ਇਨਫਰਮੇਸ਼ਨ ਰਿਸਪੋਂਸ ਟੀਮ ਦਾ ਹੁੰਦਾ ਹੈ , ਕਿਉਂਕਿ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਕੇ ਆਪਣੇ ਸਰੋਤਾਂ ਦੇ ਅਨੁਸਾਰ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਬਚਾਅ ਕਾਰਜ ਅੰਰਭਨੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਕੁਦਰਤੀ ਆਪਦਾ ਉਪਰੰਤ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਥਿਤੀਆਂ ਸਾਹਮਣੇ ਆਉਂਦੀਆਂ ਹਨ ।ਜਿਸ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਫ਼ੌਰੀ ਮਦਦ ਭੇਜਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਤੋਂ ਪਹਿਲਾਂ ਹੀ ਸਾਡੇ ਕੋਲ ਐਕਸ਼ਨ ਪਲਾਨ ਹੋਣਾ ਲਾਜ਼ਮੀ ਹੈ ਤਾਂ ਜੋ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਘੱਟ ਤੋਂ ਘੱਟ ਸਮੇਂ ਵਿਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ ਜਿਸ ਲਈ ਇਹ ਵੀ ਅਤਿ ਜ਼ਰੂਰੀ ਹੈ ਕਿ ਸਿਹਤ, ਟ੍ਰਾਂਸਪੋਰਟ, ਲੋਕ ਨਿਰਮਾਣ, ਫੂਡ ਸਪਲਾਈ ਵਰਗੇ ਵਿਭਾਗ ਆਪਣੇ ਨਾਲ ਸਬੰਧਿਤ ਸਰੋਤਾਂ ਦੀ ਤਕਨੀਕੀ ਤੇ ਯੋਗ ਢੰਗ ਦੇ ਨਾਲ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਹੋਵੇ ਜਾਂ ਫਿਰ ਕੋਈ ਘਟਨਾ ਐਨ. ਡੀ. ਆਰ. ਐੱਫ਼ ਦੀਆਂ ਟੀਮਾਂ ਨੂੰ ਘਟਨਾ ਸਥਲ ਉੱਤੇ ਪਹੁੰਚਣ ਨੂੰ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਟ੍ਰੇਨਡ ਕੀਤੇ ਸਰਕਾਰੀ ਵਿਭਾਗਾਂ ਅਧਿਕਾਰੀਆਂ/ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਹਨ। ਸਾਰੇ ਵਿਭਾਗਾਂ ਦੇ ਵਿਚ ਤਾਲਮੇਲ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਬਿਨਾਂ ਰੁਕਾਵਟ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰੋਤਾਂ ਦੀ ਸਹੀ ਵਰਤੋਂ ਕਰਨ ਅਤੇ ਇੱਕ ਥਾਂ ਉੱਤੇ ਇਕੱਠਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਕੋਈ ਸੁਰੱਖਿਅਤ ਸਥਾਨ ਨਿਰਧਾਰਿਤ ਕਰਨਾ ਚਾਹੀਦਾ ਹੈ ਜਿੱਥੋਂ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਪਹੁੰਚਾਈ ਜਾ ਸਕੇ। ਸਹੀ ਰਾਹਤ ਪਲੈਨਿੰਗ ਕਰਕੇ ਕਾਫ਼ੀ ਹੱਦ ਤੱਕ ਲੋਕਾਂ ਦੀਆ ਜਾਨ ਬਚਾਈਆ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਤੋਂ ਪਹਿਲਾਂ ਬਚਾਅ ਕਾਰਜਾਂ ਦੀਆਂ ਤਿਆਰੀਆਂ ਅਤੇ ਬਚਾਅ ਦੇ ਸਰੋਤਾਂ ਦੀ ਸਹੀ ਵਰਤੋਂ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਜਿਸ ਲਈ ਐਨ. ਡੀ. ਆਰ. ਐੱਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹ ਟੀਮਾਂ ਕੁਦਰਤੀ ਆਫ਼ਤ ਵਿਚ ਲੋਕਾਂ ਨੂੰ ਬਚਾਉਣ ਲਈ ਮਾਹਰ ਹੁੰਦੀਆਂ ਹਨ। ਜੋ ਜ਼ਿਲ੍ਹਾ ਪੱਧਰੀ ਮੈਨੇਜਮੈਂਟ ਅਥਾਰਟੀਆਂ ਨਾਲ ਸਾਂਝੇ ਤੌਰ ਉੱਤੇ ਮੁਹਿੰਮ ਚਲਾਉਂਦੀਆਂ ਹਨ।