ਡੀਏਪੀ ਦੀ ਥਾਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਾਫੀ ਲਾਹੇਵੰਦ: ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ

  • ਜ਼ਿਲ੍ਹੇ ਦਾ ਸਫਲ ਕਿਸਾਨ ਜਸਵਿੰਦਰ ਸਿੰਘ ਕੰਬੋਜ ਪਿਛਲੇ 04 ਸਾਲਾਂ ਤੋਂ
  • ਸਿੰਗਲ ਸੁਪਰ ਫਾਸਫੇਟ ਨਾਲ ਕਰ ਰਿਹੈ ਕਣਕ ਦੀ ਬਿਜਾਈ
  • ਅਗਾਂਹਵਧੂ ਕਿਸਾਨ ਨੇ ਪਿਛਲੇ 10 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ

ਫ਼ਤਹਿਗੜ੍ਹ ਸਾਹਿਬ, 27 ਨਵੰਬਰ 2024 : ਜ਼ਿਲ੍ਹੇ ਦੇ ਪਿੰਡ ਮਹਿਤਾਬਗੜ੍ਹ ਦਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਕੰਬੋਜ ਪੁੱਤਰ ਅਜਮੇਰ ਸਿੰਘ ਕੰਬੋਜ ਪਿਛਲੇ 25-30 ਸਾਲਾਂ ਤੋਂ ਸਫਲਤਾ ਪੂਰਬਕ ਖੇਤੀ ਕਰ ਰਿਹਾ ਹੈ ਅਤੇ ਇਸ ਕਿਸਾਨ ਨੇ ਪਿਛਲੇ 10 ਸਾਲਾਂ ਤੋਂ ਆਪਣੀ 20 ਕਿਲੇ ਜਮੀਨ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ। ਇਹ ਕਿਸਾਨ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਕਿਸਾਨ ਦੇ ਦੱਸਣ ਅਨੁਸਾਰ ਪਰਾਲੀ ਨੂੰ ਖੇਤਾਂ ਵਿੱਚ ਹੀ ਰਲਾਉਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਅਤੇ ਮਿੱਟੀ ਦੀ ਪਰਤ ਵੀ ਬਦਲ ਗਈ ਹੈ। ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਕੰਬੋਜ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਦੇ ਢੰਗ ਨੂੰ ਅਪਣਾ ਰਿਹਾ ਹੈ ਅਤੇ ਕਣਕ ਦੀ ਬਿਜਾਈ ਵੱਖੋ-ਵੱਖ ਤਰੀਕਿਆਂ ਜਿਵੇਂ ਕਿ ਤਿੰਨ ਕਿਲਿਆਂ ਵਿੱਚ ਮਲਚਿੰਗ ਵਿਧੀ ਰਾਹੀਂ, ਤਿੰਨ ਕਿਲੇ ਵਿੱਚ ਹੈਪੀ ਸੀਡਰ ਦੀ ਵਰਤੋਂ ਨਾਲ ਅਤੇ ਬਾਕੀ ਰਹਿੰਦੇ ਰਕਬੇ ਵਿੱਚ ਬਿਨਾਂ ਕਿਸੇ ਬਹਾਈ ਤੋਂ ਸੁਪਰ ਸੀਡਰ ਨਾਲ ਬੀਜ ਦਿੰਦਾ ਹੈ। ਸਫਲ ਕਿਸਾਨ ਜਸਵਿੰਦਰ ਸਿੰਘ ਪਿਛਲੇ 4 ਸਾਲਾਂ ਤੋਂ ਕਣਕ ਦੀ ਬਿਜਾਈ ਕਰਨ ਸਮੇਂ ਡੀ.ਏ.ਪੀ. ਖਾਦ ਨੂੰ ਛੱਡ ਕੇ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਵਿੱਚ 105 ਕਿਲੋ ਦੇ ਹਿਸਾਬ ਨਾਲ ਵਰਤਦਾ ਹੈ। ਇਹ ਕਿਸਾਨ ਤਿੰਨ ਕਿਸ਼ਤਾਂ ਵਿੱਚ ਕੁੱਲ ਇੱਕ ਕੁਇੰਟਲ 10 ਕਿਲੋ ਪ੍ਰਤੀ ਏਕੜ ਯੂਰੀਆ ਦੀ ਵਰਤੋਂ ਕਰਦਾ ਹੈ ਅਤੇ ਸਾਉਣੀ ਸੀਜ਼ਨ ਦੌਰਾਨ ਇਹ ਕਿਸਾਨ ਝੋਨੇ ਦੀ ਪਨੀਰੀ ਨੂੰ ਬਿਨਾਂ ਕੱਦੂ ਕੀਤੇ ਲੇਬਰ ਦੀ ਮਦਦ ਨਾਲ ਵੱਟਾਂ ਉੱਤੇ ਲਾ ਕੇ ਫਸਲ ਦੀ ਪੈਦਾਵਾਰ ਕਰਦਾ ਆ ਰਿਹਾ ਹੈ। ਕਿਸਾਨ ਦੇ ਦੱਸਣ ਅਨੁਸਾਰ ਇਸ ਦੀ ਫਸਲ ਦਾ ਔਸਤ ਝਾੜ ਕੱਦੂ ਵਾਲੇ  ਝੌਨੇ ਦੇ ਬਰਾਬਰ 27-28 ਕੁਇੰਟਲ ਰਹਿੰਦਾ ਹੈ। ਇਸ ਕਿਸਾਨ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਮੇਲਿਆਂ ਦੌਰਾਨ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਸਫਲ ਕਿਸਾਨ ਜਿਥੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਰਹੇ ਹਨ ਉਥੇ ਹੀ ਸਫਲ ਕਿਸਾਨ ਜਸਵਿੰਦਰ ਸਿੰਘ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ।