ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਗੈਸਟ ਲੈਕਚਰ 

ਸ੍ਰੀ ਫ਼ਤਹਿਗੜ੍ਹ ਸਾਹਿਬ, 04 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 'ਪੱਤਰਕਾਰੀ ਵਿੱਚ ਔਰਤਾਂ: ਮੌਕੇ ਅਤੇ ਚੁਣੌਤੀਆਂ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਵਜੋਂ ਨਾਮਵਰ ਚੈਨਲ 'ਦ ਸਮਰ ਨਿਊਜ਼' ਵਿਖੇ ਡੈਸਕ ਇੰਚਾਰਜ ਅਤੇ ਐਂਕਰ ਵਜੋਂ ਕਾਰਜਸ਼ੀਲ ਮਨਪ੍ਰੀਤ ਕੌਰ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਰਣਨਯੋਗ ਹੈ ਕਿ ਮਨਪ੍ਰੀਤ ਕੌਰ ਸਮਰਾ ਮਾਤਾ ਗੁਜਰੀ ਕਾਲਜ ਦੀ ਪੁਰਾਣੀ ਹੋਣਹਾਰ ਵਿਦਿਆਰਥਣ ਹੈ ਜਿਸ ਨੇ ਪੱਤਰਕਾਰੀ ਵਿਭਾਗ ਤੋਂ ਸੰਨ 2018 ਵਿੱਚ ਐਮ.ਏ. ਪੱਤਰਕਾਰੀ ਅਤੇ ਜਨ ਸੰਚਾਰ ਦੀ ਡਿਗਰੀ ਪ੍ਰਾਪਤ ਕੀਤੀ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੀ ਅਹਿਮ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਮੀਡੀਆ ਖੇਤਰ ਵਿੱਚ ਔਰਤ ਪੱਤਰਕਾਰਾਂ ਦੁਆਰਾ ਨਿਭਾਈ ਗਈ ਮੁੱਢਲੀ ਭੂਮਿਕਾ ਬਾਰੇ ਵਿਸਥਾਰਪੂਰਵਕ ਦੱਸਿਆ। ਮੁੱਖ ਮਹਿਮਾਨ ਮਨਪ੍ਰੀਤ ਕੌਰ ਸਮਰਾ ਨੇ ਆਪਣੇ ਮੀਡੀਆ ਖੇਤਰ ਦਾ ਵਿਹਾਰਕ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਔਰਤਾਂ ਦੀ ਆਜ਼ਾਦੀ, ਖੁਸ਼ਹਾਲੀ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਵਿੱਚ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸੰਚਾਰ ਪ੍ਰਤਿਭਾ ਨੂੰ ਨਿਖਾਰਨ, ਆਮ ਜਾਣਕਾਰੀ ਵਿੱਚ ਵਾਧਾ ਕਰਨ, ਆਲੋਚਨਾਤਮਕ ਚਿੰਤਨ ਪੈਦਾ ਕਰਨ ਅਤੇ ਖ਼ਬਰ ਦਾ ਸਹੀ ਵਿਸ਼ਲੇਸ਼ਣ ਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਧਰਮ ਔਰਤਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ ਅਤੇ ਸਾਨੂੰ ਆਪਣੇ ਘਰ-ਪਰਿਵਾਰ ਅਤੇ ਆਲੇ-ਦੁਆਲੇ ਵਿੱਚੋਂ ਹੀ ਆਪਣੇ ਚੰਗੇ ਆਚਾਰ-ਵਿਵਹਾਰ ਨਾਲ ਔਰਤਾਂ ਦੀ ਘਾਲਣਾ ਅਤੇ ਸੰਘਰਸ਼ ਨੂੰ ਬਣਦਾ ਮਾਨ-ਸਨਮਾਨ ਦੇਣਾ ਚਾਹੀਦਾ ਹੈ। ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਲਵਨੀਤ ਵਸ਼ਿਸ਼ਠ ਨੇ ਕਿਹਾ ਕਿ ਵਿਭਾਗ ਵੱਲੋਂ ਆਯੋਜਿਤ ਅਜਿਹੇ ਸਿੱਖਿਆ ਭਰਪੂਰ ਸਮਾਗਮਾਂ ਦੁਆਰਾ ਵਿਦਿਆਰਥੀਆਂ ਦੀ ਵਿਹਾਰਕ ਅਤੇ ਵਿਵਹਾਰਕ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ। ਪ੍ਰੋ. ਭਗਵੰਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਅੱਜ ਦੇ ਯੁੱਗ ਵਿੱਚ ਹਰ ਖੇਤਰ ਵਿੱਚ ਮੋਹਰੀ ਹੋ ਕੇ ਕਾਮਯਾਬ ਹੋ ਰਹੀਆਂ ਹਨ ਅਤੇ ਇਸਤਰੀ ਜਾਤੀ ਦੇ ਵਿਕਾਸ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੀਆਂ ਹੋਣਹਾਰ ਵਿਦਿਆਰਥਣਾਂ ਭਵਨੀਤ ਕੌਰ, ਅੰਬਿਕਾ ਠਾਕੁਰ ਅਤੇ ਹਰਨੀਤ ਕੌਰ ਨੇ ਬਾਖੂਬੀ ਨਿਭਾਈ। ਸਮਾਗਮ ਦੇ ਅਖੀਰ ਵਿੱਚ ਵਿਭਾਗ ਵਿਖੇ ਕਾਰਜਸ਼ੀਲ ਮਹਿਲਾ ਸਟਾਫ਼ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਹਰਪ੍ਰੀਤ ਕੌਰ ਪਬਰੀ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨਾਦਿਸ਼ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।