ਸਿਵਲ ਸਰਜਨ ਨੇ ਓਰਲ ਹੈਲਥ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਕੇ ਕੀਤਾ ਰਵਾਨਾ 

ਸ੍ਰੀ ਫਤਿਹਗੜ੍ਹ ਸਾਹਿਬ, 4 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਡੈਂਟਲ ਸਿਹਤ ਅਫਸਰ ਡਾ ਪਾਰੁਲ ਗੁਪਤਾ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਮੂੰਹ ਦੀ ਸਿਹਤ ਸੰਭਾਲ (ਓਰਲ ਹੈਲਥ ) ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।  ਇਸ ਰੈਲੀ ਦੁਆਰਾ  ਸਰਸਵਤੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਮੂੰਹ ਦੀ ਸਾਫ ਸਫਾਈ ਰੱਖਣ, ਦੰਦਾਂ ਅਤੇ ਮੂੰਹ ਦੀਆਂ ਬਿਮਾਰੀਆਂ ਤੋਂ ਬਚਣ ਸਬੰਧੀ ਜਾਣਕਾਰੀ ਭਰਪੂਰ ਲਿਖੀਆਂ ਤਖਤੀਆਂ ਅਤੇ ਸਲੋਗਨਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਹਸਪਤਾਲ ਤੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਾਫ ਸਫਾਈ ਤੇ ਤੰਦਰੁਸਤੀ ਲਈ ਸਾਨੂੰ ਦਿਨ ਵਿੱਚ ਦੋ ਵਾਰੀ ਭਾਵ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰੇ ਨਾਸਤੇ ਤੋਂ ਬਾਅਦ ਬੁਰਸ਼ ਜਰੂਰ ਕਰਨਾ ਚਾਹੀਦਾ ਹੈ ਅਤੇ ਹਰ ਛੇ ਮਹੀਨੇ ਬਾਅਦ ਦੰਦਾਂ ਦੇ ਡਾਕਟਰ ਤੋਂ ਆਪਣਾ ਮੂੰਹ ਅਤੇ ਦੰਦਾਂ ਦਾ ਚੈੱਕ ਅਪ ਕਰਵਾਉਣਾ ਚਾਹੀਦਾ । ਉਹਨਾਂ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਸਰਕਾਰ ਵੱਲੋਂ ਮੁਫਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ,ਲੋੜ ਪੈਣ ਤੇ ਸਾਨੂੰ ਇਹਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਜਿਲਾ ਡੈਂਟਲ ਸਿਹਤ ਅਫਸਰ ਡਾ ਪਾਰੁਲ ਗੁਪਤਾ ਨੇ ਇਸ ਸਾਲ ਦੀ ਥੀਮ "ਮੂੰਹ ਖੁਸ਼, ਮਨ ਖੁਸ਼" (ਹੈਪੀ ਮਾਊਥ ਇਜ ਏ ਹੈਪੀ ਮਾਇੰਡ) ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 20 ਮਾਰਚ ਤੋਂ 20 ਅਪ੍ਰੈਲ ਤੱਕ ਨੁਕੜ ਨਾਟਕਾਂ, ਰੈਲੀਆਂ ਅਤੇ ਜਾਗਰੂਕਤਾ ਸੈਮੀਨਾਰਾਂ ਰਾਹੀਂ ਆਮ ਲੋਕਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਅਤੇ ਓਰਲ ਹੈਲਥ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਦੰਦਾਂ ਦੇ ਮਾਹਰ ਡਾ ਸਤਿਨਾਮ ਸਿੰਘ ਬੰਗਾ ਅਤੇ ਡਾ ਤਰੁਨਦੀਪ ਕੌਰ ਨੇ  ਦੰਦਾਂ ਅਤੇ ਮੂੰਹ ਨੂੰ ਸਾਫ ਸੁਥਰਾ ਰੱਖਣ ਲਈ ਬੁਰਸ਼ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਨਰਮ ਬੁਰਸ਼ ਦੀ ਵਰਤੋਂ ਕਰਦੇ ਹੋਏ ਦੰਦਾਂ ਅਤੇ ਜੀਭ ਦੀ ਸਫਾਈ ਦੇ ਨਾਲ ਨਾਲ ਮਸੂੜਿਆਂ ਦੀ ਵੀ ਮਸਾਜ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਪੋਸਟਿਕ ਆਹਾਰ ਦੇ ਨਾਲ ਨਾਲ ਹਰੀਆਂ ਪੱਤੇਦਾਰ ਸਬਜ਼ੀਆਂ ਗਾਜਰ ,ਮੂਲੀ ਅਤੇ ਫਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।