
ਫਰੀਦਕੋਟ 4 ਮਾਰਚ 2025 : ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਰੀਦਕੋਟ ਜਿਲ੍ਹੇ ਵਿੱਚ ਸੇਵਾ ਕੇਂਦਰਾਂ ਅੰਦਰ 443 ਵੱਖ-ਵੱਖ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੋਈ ਵੀ ਨਾਗਰਿਕ ਆਪਣੇ ਘਰ ਦੇ ਨਜ਼ਦੀਕ ਸੇਵਾ ਕੇਂਦਰ 'ਚ ਜਾ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਸੇਵਾ ਕੇਂਦਰ ਵਿਖੇ ਆਨਲਾਇਨ ਟੋਕਨ ਸਬੰਧੀ ਕਿਊ. ਆਰ. ਕੋਡ ਸਕੈਨ ਕਰ ਕੇ ਜਾਂ ਸੰਪਰਕ ਨੰ. 70099-01411 'ਤੇ ਵਟਸਐਪ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਜਿਲ੍ਹੇ ਅੰਦਰ 12 ਸੇਵਾ ਕੇਂਦਰ ਕਾਰਜਸ਼ੀਲ ਹਨ। ਇਸ ਤੋਂ ਇਲਾਵਾ 1076 ਡਾਇਲ ਕਰ ਕੇ ਘਰ ਬੈਠੇ ਵੀ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ 'ਚ ਸੇਵਾਵਾਂ ਪ੍ਰਾਪਤ ਕਰਨ 'ਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਆਉਣ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1100 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਜਨਤਕ ਸ਼ਿਕਾਇਤ ਨਿਵਾਰਣ ਪੋਰਟਲ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਸੇਵਾ ਕੇਂਦਰ ਫਰੀਦਕੋਟ-2 ਕੋਟਕਪੂਰਾ-2, ਜੈਤੋ, ਸਾਦਿਕ, ਗੋਲੇਵਾਲਾ, ਕੋਟਸੂਖੀਆਂ, ਪੰਜਗਰਾਈਂ ਕਲਾਂ, ਫੀਮਾਂਵਾਲੀ, ਬਰਗਾੜੀ, ਬਾਜਾਖਾਨਾ, ਵਿੱਚ ਸੇਵਾ ਕੇਂਦਰ ਸਥਾਪਿਤ ਹਨ।