ਲੁਧਿਆਣਾ, 12 ਜੂਨ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ, ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਵਗਦੀਆਂ ਨਹਿਰਾਂ/ਦਰਿਆਵਾਂ/ਚੋਆਂ ਆਦਿ ਵਿੱਚ ਨਹਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸਾਹਨੀ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ/ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ ਵਿੱਚ ਨਹਿਰਾਂ/ਦਰਿਆਵਾਂ/ਚੋਆਂ ਆਦਿ ਵਿੱਚ ਨਹਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਮੌਸਮ ਦੌਰਾਨ ਅਕਸਰ ਨਹਿਰਾਂ/ਦਰਿਆਵਾਂ ਵਿੱਚ ਪਾਣੀ ਕਾਫ਼ੀ ਤੇਜ਼ ਗਤੀ ਨਾਲ ਵਹਿੰਦਾ ਹੈ ਅਤੇ ਤੇਜ਼ ਵਹਾਅ ਕਾਰਨ ਜਾਨ ਅਤੇ ਮਾਲ ਦਾ ਨੁਕਸਾਨ ਹੋਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਇਸ ਲਈ ਅਮਨ/ਕਾਨੂੰਨ ਕਾਇਮ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣੇ ਲਾਜ਼ਮੀ ਹਨ। ਉਨ੍ਹਾਂ ਨਹਿਰੀ ਵਿਭਾਗ ਵੀ ਨਿਰਦੇਸ਼ ਜਾਰੀ ਕੀਤੇ ਕਿ ਨਹਿਰਾਂ/ਦਰਿਆਵਾਂ/ਚੋਆਂ ਆਦਿ 'ਤੇ ਗਸ਼ਤ ਲਗਾਈ ਜਾਵੇ ਅਤੇ ਆਮ ਜਨਤਾ ਨੂੰ ਪਾਬੰਦੀ ਹੁਕਮਾਂ ਬਾਰੇ ਜਾਣੂ ਕਰਵਾਕੇ ਨਹਿਰਾਂ/ਦਰਿਆਵਾਂ ਵਿੱਚ ਨਹਾਉਣ ਤੋਂ ਰੋਕਿਆ ਜਾਵੇ। ਉਨ੍ਹਾਂ ਆਪਣੇ ਹੁਕਮਾਂ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸਬੰਧਤ ਥਾਣਾ ਮੁਖੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਨਹਿਰਾਂ/ਦਰਿਆਵਾਂ/ਚੋਆਂ ਆਦਿ 'ਤੇ ਗਸ਼ਤ ਕਰਵਾਉਣ ਅਤੇ ਉਕਤ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਹ ਹੁਕਮ 10 ਜੂਨ, 2024 ਤੋਂ ਲਾਗੂ ਕੀਤੇ ਗਏ ਹਨ।