ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸੜਕ ਸੁਰੱਖਿਆ ਸਬੰਧੀ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ

  • ਜ਼ਿਲ੍ਹਾ ਮਾਲੇਰਕੋਟਲਾ ਵਿੱਚ ਈ.ਡੀ.ਏ.ਆਰ ਪੋਰਟਲ ਦੀ ਸ਼ੁਰੂਆਤ, ਸੜਕ ਹਾਦਸਿਆਂ ਦਾ ਤਿਆਰ ਹੋਵੇਗਾ ਡਾਟਾ ਤਿਆਰ
  • ਆਮ ਲੋਕਾਂ ਨੂੰ ਸੜਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
  • ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਨਾਲ ਮੀਟਿੰਗ

ਮਾਲੇਰਕੋਟਲਾ 04 ਮਾਰਚ 2025 : ਸੜਕ ਹਾਦਸਿਆਂ ਦੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਹਾਦਸਿਆਂ ਨਾਲ ਸਬੰਧਤ ਡਾਟਾ ਬੇਸ ਤਿਆਰ ਕਰਨ ਲਈ ਜ਼ਿਲ੍ਹੇ ਵਿੱਚ ਈ.ਡੀ.ਏ.ਆਰ ਪੋਰਟਲ ਦੀ ਸ਼ੁਰੂਆਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦਿੱਤੀ । ਉਨ੍ਹਾਂ ਪੋਰਟਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਖਾਸ ਤੌਰ 'ਤੇ ਆਈ ਆਰ ਏ ਡੀ ਐਪਲੀਕੇਸ਼ਨ ਦੇ ਵਿਸਥਾਰ ਵਜੋਂ ਇੱਕ ਏਕੀਕ੍ਰਿਤ ਪੋਰਟਲ ਹੈ। ਇਸ ਦਾ ਉਦੇਸ਼ ਦੇਸ਼ ਦੇ ਹਰ ਹਿੱਸੇ ਤੋਂ ਦੁਰਘਟਨਾ ਡੇਟਾਬੇਸ ਨੂੰ ਇਕੱਠਾ ਕਰਕੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਸਿਵਲ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਰਿਕਵਰੀ/ਸੇਫ਼ ਵਾਹਨ ਸਕੀਮ/ਜ਼ਿਲ੍ਹਾ ਰੋਡ ਸੇਫਟੀ ਸਕੀਮ ਤਹਿਤ ਮੀਟਿੰਗ ਕਰਦਿਆ ਉਨ੍ਹਾਂ ਹਦਾਇਤ ਕੀਤੀ ਕਿ ਜਦੋਂ ਵੀ ਸੜਕ ਹਾਦਸਾ ਹੁੰਦਾ ਹੈ ਤਾਂ ਇਸ ਪੋਰਟਲ ਉੱਤੇ ਪੁਲਿਸ, ਸੜਕ ਸੁਰੱਖਿਆ ਫੋਰਸ ਅਤੇ ਸਿਹਤ ਵਿਭਾਗ ਵੱਲੋਂ ਇੰਦਰਾਜ਼ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਹਾਦਸੇ ਦੀ ਡੀਟੇਲ ਇਸ ਪੋਰਟਲ ਉੱਤੇ ਭਰਨ ਨਾਲ ਦੇਸ਼ ਪੱਧਰ ਉੱਤੇ ਹੁੰਦੇ ਸੜਕ ਹਾਦਸਿਆਂ ਦਾ ਡਾਟਾ ਬੇਸ ਤਿਆਰ ਹੋਵੇਗਾ ਜੋ ਕਿ ਸੜਕੀ ਹਾਦਸਿਆਂ ਦੀ ਦਰ ਵਿੱਚ ਹੋਰ ਕਮੀ ਲਿਆਉਣ ਲਈ ਸਾਧਰਕ ਰਣਨੀਤੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਚੈਕਿੰਗਾਂ ਕੀਤੀਆਂ ਜਾਣ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪਾਲਸੀ ਤਹਿਤ ਕੋਈ ਸਾਂਝੇ ਸਥਾਨ ਦੀ ਪਛਾਣ ਕਰਕੇ ਸਕੂਲੀ ਬੱਚਿਆ ਨੂੰ ਲੈ ਕੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਰੂਲਾਂ ਸਬੰਧੀ ਜਾਗਰੂਕ ਕਰਨ ਅਤੇ ਪਛਾਣ ਚਿੰਨਾਂ ਦੀ ਜਾਣਕਾਰੀ ਦੇਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲੀ ਵਾਹਨ ਚਾਲਕਾਂ ਦੀ ਸਿਹਤ ਦੀ ਜਾਂਚ ਲਈ ਵਿਸ਼ੇਸ ਕੈਂਪ ਆਯੋਜਨ ਕਰਨ ਦੀ ਵੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਆਵਾਜਾਈ ਦੌਰਾਨ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਹਰਬੰਸ ਸਿੰਘ,ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ,ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ,ਐਸ.ਪੀ ਸਵਰਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੇਸ਼ਮਾ ਭੌਰਾ, ਡੀ.ਐਸ.ਪੀ. ਰਣਜੀਤ ਸਿੰਘ ,ਕਾਰਜ ਸਾਧਕ ਅਫ਼ਸਰ ਵਿਕਾਸ ਉਪਲ, ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ, ਐਸ.ਡੀ.ਓ(ਪੀ.ਡਬਲਿਊ.ਡੀ) ਇੰਜ.ਬਲਰਾਜ ਸਿੰਘ ਤੋਂ ਇਲਾਵਾ ਵੱਖ –ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।