- ਵਿਧਾਇਕ ਸੰਧੂ ਤੇ ਡਿਪਟੀ ਕਮਿਸ਼ਨਰ ਨੇ ਝੰਡੀ ਵਿਖਾ ਕੇ ਰਵਾਨਾ ਕੀਤੀ ਜਾਗਰੂਕਤਾ ਵੈਨ
- ਸਰਕਾਰੀ ਸਕੂਲਾਂ ਅੰਦਰ ਪੜ੍ਹਨਾ ਹੁਣ ਮਾਣ ਵਾਲੀ ਗੱਲ : ਵਿਧਾਇਕ ਸੰਧੂ
ਅੰਮ੍ਰਿਤਸਰ,12 ਫ਼ਰਵਰੀ : ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ “ਪੰਜਾਬ ਸਿੱਖਿਆ ਕ੍ਰਾਂਤੀ” ਦੇ ਨਾਂ ਹੇਠ ਨਵੇਂ ਸੈਸ਼ਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਕੀਤੀ ਗਈ ’ਦਾਖ਼ਲਾ ਮੁਹਿੰਮ’ ਦਾ ਅੱਜ ਜ਼ਿਲ੍ਹੇ ਅੰਦਰ ਆਗਾਜ਼ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਵੱਲੋਂ ਗਵਾਲ ਮੰਡੀ ਦੇ ਸਰਕਾਰੀ ਸਕੂਲ ਤੋਂ ਜਦ ਕਿ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਝੰਡੀ ਵਿਖਾ ਕੇ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ (ਐਲੀ.) ਜਗਵਿੰਦਰ ਸਿੰਘ, (ਸੈਕੰਡਰੀ) ਰਜੇਸ਼ ਕੁਮਾਰ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਮੰਗੋਤਰਾ ਅਤੇ ਬਲਰਾਜ ਸਿੰਘ ਢਿੱਲੋਂ ਦੀ ਸਾਂਝੀ ਦੇਖ-ਰੇਖ ’ਚ ਸ਼ੁਰੂ ਹੋਈ ਇਸ ’ਦਾਖ਼ਲਾ ਮੁਹਿੰਮ’ ਦੀ ਸ਼ੁਰੂਆਤ ਮੌਕੇ ਅਧਿਕਾਰੀਆਂ, ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਅੰਦਰ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਹੀ ਦਾਖ਼ਲ ਕਰਾਉਣ ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਅੰਦਰ ਮਿਲਣ ਵਾਲੀਆਂ ਅਨੇਕਾਂ ਹੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਸਰਕਾਰੀ ਸਕੂਲਾਂ ਅੰਦਰ ਪੜ੍ਹਨਾ ਮਾਣ ਵਾਲੀ ਗੱਲ ਹੈ। ਇਸੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਇਸ ਕਾਰਜ਼ ਦੀ ਸ਼ੁਰੂਆਤ ਮੌਕੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ। ਉਨਾਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲ ਪ੍ਰਾਇਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ ਅਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਵੇਟ ਸਕੂਲਾਂ ਨਾਲੋਂ ਵੀ ਵਧੀਆ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਦਾਖ਼ਲਾ ਮੁਹਿੰਮ ਤਹਿਤ ਰਵਾਨਾ ਹੋਣ ਵਾਲੀ ਜਾਗਰੂਕਤਾ ਵੈਨ ਜੋ 12 ਫ਼ਰਵਰੀ ਤੋਂ ਲੈ ਕੇ 14 ਫ਼ਰਵਰੀ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ,ਕਸਬਿਆਂ ਤੇ ਸ਼ਹਿਰਾਂ ਵਿੱਚ ਜਾਵੇਗੀ। ਜਿਸ ਦੌਰਾਨ ਬੱਚਿਆਂ ਦੇ ਮਾਪਿਆਂ ਤੇ ਹੋਰਨਾਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਮੁਹਈਆ ਕਰਵਾਈ ਜਾਣ ਵਾਲੀ ਮਿਆਰੀ ਸਿੱਖਿਆ ਦੇ ਨਾਲ- ਨਾਲ ਮਿਲਣ ਵਾਲੀਆਂ ਹੋਰਨਾਂ ਸਹੂਲਤਾਂ ਤੋਂ ਜਾਣੂ ਵੀ ਕਰਵਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ,ਯਸ਼ਪਾਲ,ਗੁਰਦੇਵ ਸਿੰਘ,ਕੁਲਵੰਤ ਸਿੰਘ, ਕੁਲਵੰਤ ਸਿੰਘ ਪੰਨੂ,ਦਲਜੀਤ ਸਿੰਘ, ਏ.ਸੀ. ਸਮਾਰਟ ਸਕੂਲ ਮਨੀਸ਼ ਕੁਮਾਰ ਮੇਘ,ਰਜਿੰਦਰ ਸਿੰਘ, ਸੰਦੀਪ ਸਿਆਲ, ਸੀ.ਐਚ.ਟੀ. ਗੁਰਪ੍ਰੀਤ ਸਿੰਘ, ਤਜਿੰਦਰ ਸਿੰਘ,ਰਣਜੀਤ ਸਿੰਘ ਸੰਧੂ,ਗੁਰਵਿੰਦਰ ਸਿੰਘ ਢੋਡੀਵਿੰਡ,ਲਿਵਤਾਰ ਸਿੰਘ, ਮੀਡੀਆ ਇੰਚਾਰਜ ਮਨਪ੍ਰੀਤ ਸੰਧੂ,ਕੁਲਦੀਪ ਸਿੰਘ ਤੋਲਾਨੰਗਲ , ਬਲਜੀਤ ਸਿੰਘ ਮੱਲੀ,ਵਿਨੋਦ ਕਾਲੀਆ,ਰਜਵੰਤ ਕੌਰ, ਹਰਮਨ ਸਿੰਘ ਵੇਰਕਾ,ਗੁਰਿੰਦਰ ਰੰਧਾਵਾ, ਗੁਰਪ੍ਰਤਾਪ ਸਿੰਘ ਆਦਿ ਵੀ ਮੌਜੂਦ ਸਨ।