ਪੰਜਾਬ ਦੇ ਸਰਕਾਰੀ ਸਕੂਲ ਮਾਪਿਆਂ ਦੀ ਬਣੇ ਪਹਿਲੀ ਪਸੰਦ : ਡਾ. ਬਲਬੀਰ ਸਿੰਘ

  • ਕਿਹਾ, ਤਿੰਨ ਸਾਲਾਂ 'ਚ ਬਦਲਿਆ ਸਰਕਾਰੀ ਸਕੂਲਾਂ ਦਾ ਮੁਹਾਂਦਰਾ, ਬਲੈਕ ਬੋਰਡ ਤੋਂ ਡਿਜੀਟਲ ਸਕਰੀਨਾਂ ਵਾਲੇ ਹੋਏ
  • ਵਿਦਿਆਰਥੀਆਂ ਵੱਲੋਂ ਨਿਰਧਾਰਤ ਟੀਚਿਆਂ ਮੁਤਾਬਕ ਰਾਹ ਦਸੇਰਾ ਬਣਨ ਅਧਿਆਪਕ : ਡਾ. ਬਲਬੀਰ ਸਿੰਘ
  • ਕੈਬਨਿਟ ਮੰਤਰੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਚਾਰ ਸਕੂਲਾਂ 'ਚ ਵਿਕਾਸ ਕਾਰਜ ਕੀਤੇ ਵਿਦਿਆਰਥੀਆਂ ਨੂੰ ਸਮਰਪਿਤ

ਪਟਿਆਲਾ, 23 ਅਪ੍ਰੈਲ 2025 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਸਰਕਾਰੀ ਸਕੂਲਾਂ 'ਚ ਹੋਏ ਕ੍ਰਾਂਤੀਕਾਰੀ ਬਦਲਾਅ ਸਦਕਾ ਹੁਣ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣ ਗਏ ਹਨ, ਜਿਸ ਦੀ ਮਿਸਾਲ ਪਿਛਲੇ ਸਾਲਾਂ ਤੋਂ ਲਗਾਤਾਰ ਦਾਖਲਿਆਂ 'ਚ ਹੋ ਰਿਹਾ ਵਾਧਾ ਹੈ। ਇਹ ਪ੍ਰਗਟਾਵਾਂ ਉਨ੍ਹਾਂ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਚਾਰ ਸਕੂਲਾਂ 'ਚ ਹੋਏ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕਰਦਿਆਂ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਦੇ ਅਧਿਆਪਕ ਸਿੰਗਾਪੁਰ ਤੇ ਫਿਨਲੈਂਡ ਵਰਗੇ ਦੇਸ਼ਾਂ ਤੋਂ ਟਰੇਨਿੰਗ ਲੈ ਰਹੇ ਹਨ ਤਾਂ ਜੋ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕੌਮਾਂਤਰੀ ਪੱਧਰ ਦੀਆਂ ਤਕਨੀਕਾਂ ਨਾਲ ਸਿੱਖਿਅਤ ਕੀਤਾ ਜਾ ਸਕੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਵੱਡੇ ਵਿਦਿਅਕ ਅਦਾਰਿਆਂ ਦੇ ਟੂਰ ਕਰਵਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਅਦਾਰਿਆਂ ਨੂੰ ਦੇਖ ਕੇ ਵਿਦਿਆਰਥੀ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ ਹੈ ਹੁਣ ਵਿਦਿਆਰਥੀ ਬਲੈਕ ਬੋਰਡ ਤੋਂ ਡਿਜੀਟਲ ਸਕਰੀਨਾਂ ਵਾਲੇ ਹੋ ਗਏ ਹਨ, ਜੋ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪਹਿਲੇ ਦਿਨ ਤੋਂ ਇਹ ਵਿਸ਼ਵਾਸ ਹੈ ਕਿ ਸਿੱਖਿਆ ਨਾਲ ਹੀ ਵਿਕਸਤ ਸਮਾਜ ਬਣਾਇਆ ਜਾ ਸਕਦਾ ਹੈ ਤੇ ਇਸ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਆਪਣੇ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਟੀਚਾ ਨਿਰਧਾਰਤ ਕਰਨ ਤੋਂ ਬਾਅਦ ਵਿਦਿਆਰਥੀ ਉਸ ਨੂੰ ਪ੍ਰਾਪਤ ਕਰਨ ਲਈ ਵਧੇਰੇ ਮਿਹਨਤ ਕਰਨ। ਉਨ੍ਹਾਂ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਵੱਲੋਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਰਾਹ ਦਸੇਰੇ ਬਣਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਸਕੂਲਾਂ ਵਿੱਚ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਨਿਯੁਕਤ ਕੀਤੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੇ ਰੱਖ-ਰਖਾਵ 'ਤੇ ਸੂਬਾ ਸਰਕਾਰ ਵੱਲੋਂ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਖਰਚਾ ਕੀਤਾ ਜਾਂਦਾ ਹੈ। ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਬਿਜਨੈਸ ਬਲਾਸਟਰ ਸਕੀਮ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹੁਨਰ ਨੂੰ ਹੋਰ ਨਿਖਾਰਿਆ ਹੈ ਤੇ ਇਥੋ ਆਉਣ ਵਾਲੇ ਸਮੇਂ 'ਚ ਉਦਮ ਨਿਕਲਣਗੇ। ਅੱਜ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਸੀਨੀਅਰ ਤੇ ਪ੍ਰਾਇਮਰੀ ਸਕੂਲ ਤ੍ਰਿਪੜੀ, ਸਰਕਾਰੀ ਪ੍ਰਾਇਮਰੀ ਸਕੂਲ ਝਿੱਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਲੈਲਾ, ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਫੈਕਟਰੀ ਏਰੀਆ ਸਕੂਲ ਵਿਖੇ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।  ਇਸ ਮੌਕੇ ਡਿਪਟੀ ਡੀ.ਓ ਮਨਵਿੰਦਰ ਕੌਰ, ਜਸਵੀਰ ਸਿੰਘ ਗਾਂਧੀ, ਬਲਵਿੰਦਰ ਸੈਣੀ, ਜੈ ਸ਼ੰਕਰ, ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ, ਸੁਖਦੀਪ ਕੌਰ, ਕਰਮਜੀਤ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਮਾਲਵਿੰਦਰ ਕੌਰ, ਖੁਸ਼ਵੰਤ ਕੌਰ, ਸੁਰੇਸ਼ ਰਾਏ, ਗੱਜਣ ਸਿੰਘ, ਵੇਦ ਕਪੂਰ, ਕੌਂਸਲਰ ਮੋਹਿਤ ਕੁਕਰੇਜਾ, ਦਵਿੰਦਰ ਕੌਰ, ਮੋਹਿਤ ਕੁਮਾਰ, ਮਨਦੀਪ ਵਿਰਦੀ, ਲਾਲ ਸਿੰਘ, ਹਤਿੰਦਰ ਅਰੋੜਾ, ਭਿੰਦਰ ਸਿੰਘ, ਦਰਸ਼ਨਾ ਅਰੋੜਾ, ਜਸਬੀਰ ਕੌਰ, ਸੋਹਨ ਲਾਲ, ਸਤੀਸ਼  ਨਾਸਰਾ ਅਤੇ ਗੌਰਵ ਸਮੇਤ ਵੱਡੀ ਗਿਣਤੀ ਸਕੂਲ ਵਿਦਿਆਰਥੀ, ਮਾਪੇ, ਅਧਿਆਪਕ ਦੇ ਪਿੰਡ ਵਾਸੀ ਮੌਜੂਦ ਸਨ।