
- ਜ਼ਿਲ੍ਹਾ ਪ੍ਰਸ਼ਾਸਨ, ਉਦਯੋਗਾਂ ਨਾਲ ਸਬੰਧਤ ਕੰਮ ਪਹਿਲ ਦੇ ਆਧਾਰ ’ਤੇ ਕਰਨ ਲਈ ਵਚਨਬੱਧ-ਵਧੀਕ ਡਿਪਟੀ ਕਮਿਸ਼ਨਰ, ਡਾ. ਬੇਦੀ
- ਫੋਕਲ ਪੁਆਇੰਟ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਲਏ ਸੁਝਾਅ
ਬਟਾਲਾ, 23 ਅਪ੍ਰੈਲ 2025 : ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ਵੱਲੋਂ ਜਿਲ੍ਹਾ ਉਦਯੋਗ ਕੇਂਦਰ, ਬਟਾਲਾ ਵਿਖੇ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨਾਂ ਕੋਲੋਂ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਸੁਝਾਅ ਲਏ ਗਏ। ਮੀਟਿੰਗ ਦੌਰਾਨ ਉਦਯੋਗਪਤੀਆਂ ਵਲੋਂ ਪਾਰਕਾਂ ਦੀ ਸਫਾਈ, ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟ ਆਦਿ ਸਬੰਧੀ ਆਪਣੇ ਸੁਝਾਅ ਦਿੱਤੇ ਗਏ, ਜਿਸ ਨੂੰ ਮੌਕੇ ਤੇ ਮੰਜੂਰ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਵਲੋਂ ਸੁਖਪਾਲ ਸਿੰਘ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਬਟਾਲਾ ਅਤੇ ਕਮਲਜੀਤ, ਕਾਰਜਕਾਰੀ ਇੰਜੀਨੀਅਰ, ਪੀ.ਐਸ.ਆਈ.ਈ.ਸੀ. ਨੂੰ ਉਦਯੋਗਪਤੀਆਂ ਦੀ ਮੰਗ ਅਨੁਸਾਰ ਐਸਟੀਮੇਟ ਬਣਾ ਕੇ ਭੇਜਣ ਦੇ ਆਦੇਸ਼ ਦਿੱਤੇ ਗਏ ਤਾਂ ਜੋ ਉਦਯੋਗਪਤੀਆਂ ਨੂੰ ਆ ਰਹੀਆਂ ਇਨਾਂ ਮੁਸ਼ਕਲਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਉਦਯੋਗ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਾ. ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਦਯੋਗਾਂ ਨਾਲ ਸਬੰਧਤ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ, ਕਿਉਂਕਿ ਬਟਾਲਾ ਦੀ ਇੰਡਸਟਰੀ ਦੀ ਤਰੱਕੀ ਨਾਲ ਹੀ ਜ਼ਿਲ੍ਹੇ ਦੀ ਤਰੱਕੀ ਜੁੜੀ ਹੋਈ ਹੋਈ ਹੈ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਹਮੇਸ਼ਾਂ ਕੋਸ਼ਿਸ ਹੁੰਦੀ ਹੈ ਕਿ ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਉਦਯੋਗਾਂ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਇਸ ਮੌਕੇ ਉਦਯੋਗਪਤੀ ਪਵਨ ਕੁਮਾਰ ਪੰਮਾ, ਰਮੇਸ਼ ਸ਼ਰਮਾ, ਅਮਰਜੀਤ ਸਿੰਘ ਸਟੀਲ ਕੱਟ ਅਤੇ ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।