
- ਪ੍ਰਵਾਨਿਤ ਰਾਸ਼ੀ ਤੋਂ 20 ਲੱਖ ਰੁਪਿਆ ਬਚਾ ਕੇ 3.3 ਕਰੋੜ ਰੁਪਏ ਵਿੱਚ ਤਿਆਰ ਕੀਤਾ ਵਿਭਾਗ ਨੇ ਪੁਲ
ਅੰਮ੍ਰਿਤਸਰ, 22 ਅਪ੍ਰੈਲ 2025 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜਗਦੇਵ ਕਲਾਂ ਵਿਖੇ ਲਾਹੌਰ ਬਰਾਂਚ ਨਹਿਰ ਉੱਤੇ ਨਵੇਂ ਉਸਾਰੇ ਗਏ ਪੁੱਲ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਹ ਪੁੱਲ 100 ਸਾਲ ਤੋਂ ਵੱਧ ਪੁਰਾਣਾ ਹੋ ਚੁੱਕਾ ਸੀ, ਦੂਸਰਾ ਪੁੱਲ ਦੀ ਚੌੜਾਈ ਬਹੁਤ ਘੱਟ ਸੀ, ਜਿਸ ਕਾਰਨ ਇਹ ਖ਼ਤਰਾ ਬਣਿਆ ਰਹਿੰਦਾ ਸੀ ਕਿ ਕਿਧਰੇ ਕੋਈ ਅਣਹੋਣੀ ਨਾ ਵਾਪਰ ਜਾਵੇ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਜਦ ਇਸ ਬਾਬਤ ਗੱਲ ਕੀਤੀ ਤਾਂ ਉਹਨਾਂ ਨੇ ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਪਾਸ ਕਰਦੇ ਹੋਏ 3.23 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ। ਉਹਨਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਥੋੜੇ ਅਰਸੇ ਵਿੱਚ 3.3 ਕਰੋੜ ਨਾਲ ਇਹ ਪੁਲ ਬਹੁਤ ਵਧੀਆ ਬਣਾ ਕੇ ਪ੍ਰਵਾਨਤ ਰਾਸ਼ੀ ਵਿੱਚੋਂ ਵੀ 20 ਲੱਖ ਰੁਪਏ ਦੀ ਬਚਤ ਕੀਤੀ ਹੈ। ਉਹਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ। ਸ੍ ਧਾਲੀਵਾਲ ਨੇ ਕਿਹਾ ਕਿ ਇਹ ਪੁਲ ਬਣਨ ਨਾਲ ਹਲਕੇ ਦੇ ਲਗਭਗ 100 ਤੋਂ ਵੱਧ ਪਿੰਡਾਂ ਨੂੰ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਇੱਕ ਤਾਂ ਇਸ ਨਾਲ ਆਵਾਜਾਈ ਆਸਾਨ ਹੋਵੇਗੀ ਦੂਸਰਾ ਮਨ ਵਿੱਚੋਂ ਹਾਦਸਾ ਵਾਪਰਨ ਦਾ ਖੌਫ ਵੀ ਘਟੇਗਾ। ਉਹਨਾਂ ਕਿਹਾ ਕਿ ਛੇਤੀ ਹੀ ਇਸ ਤੇ ਦੋਵੇਂ ਪਾਸੇ ਦੀਆਂ ਸੜਕਾਂ ਮੁਕੰਮਲ ਕਰਕੇ ਲੋਕਾਂ ਨੂੰ ਸੁਖ ਦਾ ਸਾਹ ਦਿੱਤਾ ਜਾਵੇਗਾ। ਸ੍ ਧਾਲੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਦਾ ਇਸ ਗੱਲੋਂ ਵੀ ਰਿਣੀ ਹਾਂ ਕਿ ਮੈਂ ਅਜੇ ਤੱਕ ਵੀ ਜੋ ਵੀ ਪ੍ਰਸਤਾਵ ਉਹਨਾਂ ਨੂੰ ਹਲਕੇ ਦੇ ਵਿਕਾਸ ਲਈ ਭੇਜਿਆ ਹੈ, ਉਹਨਾਂ ਨੇ ਉਸੇ ਵੇਲੇ ਪ੍ਰਵਾਨ ਕਰਕੇ ਅਜਨਾਲਾ ਹਲਕੇ ਦਾ ਮਾਣ ਵਧਾਇਆ ਹੈ।