ਵਾਸ਼ਿੰਗਟਨ ’ਚ ਇਕ ਘਰ ਵਿੱਚ ਹੋਈ ਗੋਲੀਬਾਰੀ, ਤਿੰਨ ਲਾਸ਼ਾਂ ਮਿਲੀਆਂ

ਵਾਸ਼ਿੰਗਟਨ, 1 ਮਈ 2025 : ਵਾਸ਼ਿੰਗਟਨ ’ਚ ਇਕ ਘਰ ’ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਭਾਰਤੀ ਮੂਲ ਦੇ ਤਿੰਨ ਲੋਕ ਮ੍ਰਿਤ ਪਾਏ ਗਏ। ਇਹ ਘਟਨਾ 24 ਅਪ੍ਰੈਲ ਨੂੰ ਅਮਰੀਕਾ ਦੇ ਨਿਊਕੈਸਲ ’ਚ ਹੋਈ। ਸਿਏਟਲ ਟਾਈਮਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਸ਼ਵਰਧਨ ਕਿੱਕੇਰੀ, ਸ਼ਵੇਤਾ ਪਨਯਾਮ ਅਤੇ ਧਰੁਵ ਕਿੱਕੇਰੀ ਦੇ ਰੂਪ ’ਚ ਹੋਈ ਹੈ।ਕੁਝ ਰਿਪੋਰਟਾਂ ਅਨੁਸਾਰ ਹਰਸ਼ਵਰਧਨ ਅਤੇ ਸ਼ਵੇਤਾ ਏਆਈ ਟੈੱਕ ਕੰਪਨੀ ਹੋਲੋਵਰਲਡ ਚਲਾਉਂਦੇ ਸਨ। ਹਰਸ਼ਵਰਧਨ ਸੀਈਓ ਅਤੇ ਸ਼ਵੇਤਾ ਮੁਖੀ ਸੀ। ਗੁਆਂਢੀਆਂ ਨੇ ਦੱਸਿਆ ਕਿ ਜਿਸ ਘਰ ’ਚ ਗੋਲੀਬਾਰੀ ਹੋਈ, ਉਥੇ ਇਕ ਨੌਜਵਾਨ ਪਰਿਵਾਰ ਰਹਿੰਦਾ ਸੀ। ਗੋਲੀਬਾਰੀ ਦੀ ਰਾਤ ਪੁਲਿਸ ਨੂੰ ਕਾਲ ਕਰਕੇ 129ਵੀਂ ਸਟ੍ਰੀਟ ’ਤੇ ਸਥਿਤ ਟਾਊਨਹਾਊਸ ’ਚ ਸੱਦਿਆ ਗਿਆ ਸੀ। ਕਿੰਗ ਕਾਊਂਟੀ ਸ਼ੈਰਿਫ ਦੇ ਬੁਲਾਰੇ ਬ੍ਰੈਂਡਿਨ ਹਲ ਨੇ ਕਿਹਾ ਕਿ ਅਜੇ ਇਸ ’ਤੇ ਟਿੱਪਣੀ ਨਹੀਂ ਕਰ ਸਕਦੇ ਕਿ ਇਹ ਹੱਤਿਆ ਹੈ ਜਾਂ ਆਤਮਹੱਤਿਆ। ਅਸੀਂ ਸਮਝਦੇ ਹਾਂ ਕਿ 24 ਅਪ੍ਰੈਲ ਨੂੰ ਨਿਊਕੈਸਲ ’ਚ ਹੋਈਆਂ ਘਟਨਾਵਾਂ ਬਾਰੇ ਕਈ ਸਵਾਲ ਬਣੇ ਹੋਏ ਹਨ। ਇਸ ਤਰ੍ਹਾਂ ਦੀ ਜਾਂਚ ’ਚ ਸਮਾਂ ਲੱਗਦਾ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਰਿਪੋਰਟ ’ਚ ਕਿੰਗ ਕਾਊਂਟੀ ਮੈਡੀਕਲ ਪ੍ਰੀਖਿਅਕ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਿਸ ਨੇ ਸ਼ਵੇਤਾ ਅਤੇ ਧਰੁਵ ਦੀ ਮੌਤ ਨੂੰ ਹੱਤਿਆ ਮੰਨਿਆ ਹੈ ਜਦਕਿ ਹਰਸ਼ਵਰਧਨ ਦੀ ਮੌਤ ਆਤਮਹੱਤਿਆ ਹੈ।